Welcome to Canadian Punjabi Post
Follow us on

17

January 2020
ਬ੍ਰੈਕਿੰਗ ਖ਼ਬਰਾਂ :
ਸੰਪਾਦਕੀ

ਬਰੈਂਪਟਨ ਈਸਟ ਆਰ ਲਾਂਘਾ ਨਾ ਪਾਰ ਲਾਂਘਾ

December 03, 2018 10:05 AM

ਪੰਜਾਬੀ ਪੋਸਟ ਸੰਪਾਦਕੀ

ਸਿਆਸਤ ਵੱਗਦੇ ਪਾਣੀਆਂ ਵਰਗੀ ਵੀ ਹੁੰਦੀ ਹੈ ਜਿਸਦੀ ਦਿਸ਼ਾ ਦੀ ਥਾਹ ਪਾਉਣਾ ਔਖਾ ਹੁੰਦਾ ਹੈ ਅਤੇ ਅੱਥਰੇ ਘੋੜੇ ਵਰਗੀ ਵੀ ਜਿਸ ਵੱਲੋਂ ਪੈਦਾ ਕੀਤੇ ਹਾਲਾਤਾਂ ਅਤੇ ਸਥਿਤੀਆਂ ਦੀ ਹਨੇ੍ਹਰੀ ਨੂੰ ਲਗਾਮ ਪਾਉਣੀ ਮੁਸ਼ਕਲ ਹੁੰਦੀ ਹੈ। ਬਰੈਂਪਟਨ ਈਸਟ ਫੈਡਰਲ ਸੀਟ ਬਾਰੇ ਕੁੱਝ ਅਜਿਹਾ ਹੀ ਆਖਿਆ ਜਾ ਸਕਦਾ ਹੈ। ਮੈਂਬਰ ਪਾਰਲੀਮੈਂਟ ਰਾਜ ਗਰੇਵਾਲ ਨੂੰ ਦਪਰੇਸ਼ ਚੁਣੌਤੀਆਂ ਅਤੇ ਐਨ ਡੀ ਪੀ ਲੀਡਰ ਜਗਮੀਤ ਸਿੰਘ ਸਾਹਮਣੇ ਆਈ ਦੁਬਿਧਾ ਦੇ ਮੱਦੇਨਜ਼ਰ ਇਸ ਸੀਟ ਉੱਤੇ ਸਮੁੱਚੇ ਕੈਨੇਡਾ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। 

ਬੇਸ਼ੱਕ ਰਾਜ ਗਰੇਵਾਲ ਪਿਛਲੇ ਦਿਨਾਂ ਤੋਂ ਇੱਕ ਵੱਡੀ ਮੰਝ੍ਹਧਾਰ ਵਿੱਚ ਫਸਿਆ ਆ ਰਿਹਾ ਹੈ ਅਤੇ ਉਸਦੀਆਂ ਮੁਸ਼ਕਲਾਂ ਹਾਲੇ ਦੂਰ ਨਹੀਂ ਹੋਈਆਂ ਹਨ ਪਰ ਬੀਤੇ ਸ਼ੁੱਕਰਵਾਰ ਉਸਨੇ ਫੇਸਬੁੱਕ ਉੱਤੇ ਇੱਕ ਵੀਡੀਓ ਪਾ ਕੇ ਆਪਣੀ ਸਥਿਤੀ ਨੂੰ ਸਪੱਸ਼ਟ ਕੀਤਾ ਹੈ। ਇਸ ਵੀਡੀਓ ਵਿੱਚ ਉਸਨੇ ਕੁੱਝ ਗੱਲਾਂ ਖੋਲੀਆਂ ਹਨ ਜੋ ਉਸਨੇ ਡਿੱਗਦੇ ਜਾਂਦੇ ਕੈਰੀਅਰ ਨੂੰ ਸਹਾਰਾ ਦੇਣ ਵਿੱਚ ਸਹਾਈ ਹੋ ਸਕਦੀਆਂ ਹਨ। ਰਾਜ ਦਾ ਆਖਣਾ ਹੈ ਕਿ ਬੇਸ਼ੱਕ ਜੂਏਬਾਜ਼ੀ ਦੀ ਮਾੜੀ ਆਦਤ ਕਾਰਣ ਉਸ ਸਿਰ ਕਰਜ਼ਾ ਚੜ ਗਿਆ ਸੀ ਪਰ ਆਪਣੇ ਪਰਿਵਾਰ, ਰਿਸ਼ਤੇਦਾਰਾਂ ਅਤੇ ਦੋਸਤਾਂ ਦੀ ਮਦਦ ਨਾਲ ਉਸਨੇ ਸਿਰ ਚੜੇ ਕਰਜ਼ੇ ਨੂੰ ਉਤਾਰ ਦਿੱਤਾ ਹੈ। ਰਾਜ ਦਾ ਇਹ ਵੀ ਆਖਣਾ ਹੈ ਕਿ ਉਹ ਆਪਣੀ ਸੀਟ ਨੂੰ ਖਾਲੀ ਨਹੀਂ ਕਰੇਗਾ ਸਗੋਂ ਹਾਲਾਤਾਂ ਨੂੰ ਖਿੜੇ ਮੱਥੇ ਸਵੀਕਾਰ ਕਰਦੇ ਹੋਏ ਅੱਗੇ ਤੁਰਨ ਲਈ ਸੋਚ ਸਮਝ ਕੇ ਕਦਮ ਪੁੱਟੇਗਾ। ਰਾਜ ਨੇ ਆਪਣੀ ਸੁਨੇਹੇ ਵਿੱਚ ਮਾਨਸਿਕ ਸਿਹਤ ਅਤੇ ਅਮਲ (Addiction) ਨਾਲ ਜੂਝਣ ਦੀ ਗੱਲ ਵੀ ਕੀਤੀ ਹੈ।

 

ਇੱਥੇ ਵਰਨਣਯੋਗ ਹੈ ਕਿ ਅਮਲ (Addiction) ਸ਼ਬਦ ਨੂੰ ਜਿੱਥੇ ਆਮ ਕਰਕੇ ਨਸ਼ੇ ਨਾਲ ਜੋੜ ਕੇ ਵੇਖਿਆ ਜਾਂਦਾ ਹੈ, ਉੱਥੇ ਇਹ ਸ਼ਬਦ ਹਰ ਕਿਸਮ ਦੇ ਅਮਲ/ਖਬਤ ਲਈ ਵੀ ਵਰਤਿਆ ਜਾਂਦਾ ਹੈ। ਪਤਾ ਲੱਗਾ ਹੈ ਕਿ ਰਾਜ ਗਰੇਵਾਲ ਸ਼ਾਕਾਹਾਰੀ ਵਿਅਕਤੀ ਹੈ ਜੋ ਕਿਸੇ ਕਿਸਮ ਦਾ ਨਸ਼ਾ ਨਹੀਂ ਕਰਦਾ। ਉਸਦੇ ਕੇਸ ਵਿੱਚ ਅਮਲ (Addiction) ਤੋਂ ਭਾਵ ਜੂਏ ਦੀ ਆਦਤ ਵਿੱਚ ਲੋੜੋਂ ਵੱਧ ਗ੍ਰਸਤ ਹੋਣ ਤੋਂ ਹੈ।

 

ਰਾਜ ਗਰੇਵਾਲ ਨੂੰ ਦਰਪੇਸ਼ ਨਿੱਜੀ ਅਤੇ ਰਾਜਨੀਤਕ ਪੱਧਰ ਔਖਿਆਈਆਂ ਦੇ ਚੱਲਦੇ ਇਹ ਆਖਣਾ ਮੁਸ਼ਕਲ ਹੈ ਕਿ ਉਸਦਾ ਸਿਆਸੀ ਅਤੇ ਪ੍ਰੋਫੈਸ਼ਨਲ ਭੱਵਿਖ/ਕੈਰੀਆ ਕਿਹੋ ਜਿਹਾ ਮੋੜ ਲਵੇਗਾ। ਕੀ ਲਿਬਰਲ ਕਾਕਸ ਵਿੱਚੋਂ ਨਿਕਲ ਚੁੱਕੇ ਰਾਜ ਗਰੇਵਾਲ ਨੂੰ 2019 ਦੀਆਂ ਚੋਣਾਂ ਤੋਂ ਪਹਿਲਾਂ ਲਿਬਰਲ ਪਾਰਟੀ ਮੁੜ ਸਵੀਕਾਰਨ ਦਾ ਹੀਆ ਕਰੇਗੀ? ਬੇਸ਼ੱਕ ਇਸ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਪਰ ਗਰਜ਼ਾਂ ਅਤੇ ਅਵਸਰਵਾਦ ਨਾਲ ਲਬਰੇਜ਼ ਸਿਆਸੀ ਲੈਂਡਸਕੇਪ ਵਿੱਚ ਅਜਿਹਾ ਹੋਣਾ ਸੌਖਾ ਕੰਮ ਵੀ ਨਹੀਂ ਹੋਵੇਗਾ। 

ਦੂਜੇ ਪਾਸੇ ਰਾਜ ਗਰੇਵਾਲ ਦੀ ਸਥਿਤੀ ਨੇ ਐਨ ਡੀ ਪੀ ਅੰਦਰ ਇੱਕ ਵੱਖਰੀ ਕਿਸਮ ਦੀ ਚਰਚਾ ਨੂੰ ਛੇੜ ਦਿੱਤਾ ਹੈ। ਰਾਜ ਗਰੇਵਾਲ ਵੱਲੋਂ ਅਸਤੀਫ਼ਾ ਦੇਣ ਦੇ ਐਲਾਨ ਤੋਂ ਤੁਰੰਤ ਬਾਅਦ ਜਗਮੀਤ ਸਿੰਘ ਨੇ ਬਿਆਨ ਦਿੱਤਾ ਸੀ ਕਿ ਉਹ ਪਾਰਲੀਮੈਂਟ ਦੀ ਸੀਟ ਜਿੱਤਣ ਲਈ ਬ੍ਰਿਟਿਸ਼ ਕੋਲੰਬੀਆ ਦੀ ਬਰਨਬੀ ਸਾਊਥ ਰਾਈਡਿੰਗ ਨੂੰ ਛੱਡ ਕੇ ਬਰੈਂਪਟਨ ਈਸਟ ਨਹੀਂ ਆਵੇਗਾ। ਉਸਦੀ ਪੁਰਾਣੀ ਰਾਈਡਿੰਗ ਹੋਣ ਕਾਰਣ ਜਗਮੀਤ ਸਿੰਘ ਨੂੰ ਬਰੈਂਪਟਨ ਈਸਟ ਤੋਂ ਜਿੱਤਣਾ ਬਹੁਤਾ ਸੌਖਾ ਹੋ ਸਕਦਾ ਸੀ। ਉਸਦਾ ਛੋਟਾ ਭਰਾ ਗੁਰਰਤਨ ਸਿੰਘ ਚੰਦ ਮਹੀਨੇ ਪਹਿਲਾਂ ਇੱਥੇ ਤੋਂ ਜਿੱਤ ਕੇ ਕੁਈਨ ਪਾਰਕ ਗਿਆ ਹੈ। ਐਨ ਡੀ ਪੀ ਕਾਕਸ ਦਾ ਇੱਕ ਪ੍ਰਭਾਵਸ਼ਾਲੀ ਗੁੱਟ ਇਸ ਗੱਲ ਉੱਤੇ ਜੋਰ ਪਾ ਰਿਹਾ ਹੈ ਕਿ ਜਗਮੀਤ ਸਿੰਘ ਨੂੰ ਬਰਨਬੀ ਸਾਊਥ ਨੂੰ ਛੱਡ ਕੇ ਬਰੈਂਪਟਨ ਈਸਟ ਤੋਂ ਚੋਣ ਲੜਨੀ ਚਾਹੀਦੀ ਹੈ।

 

ਆਖਰ ਐਨ ਡੀ ਪੀ ਦੇ ਸੀਨੀਅਰ ਲੀਡਰਾਂ ਵੱਲੋਂ ਜਗਮੀਤ ਸਿੰਘ ਨੂੰ ਇਹ ਸਲਾਹ ਕਿਉਂ ਦਿੱਤੀ ਜਾ ਰਹੀ ਹੈ? ਕੀ ਦੁੱਚਿਤੀ ਭਰੀ ਸਥਿਤੀ ਪੈਦਾ ਕਰਕੇ ਉਹ ਜਗਮੀਤ ਸਿੰਘ ਦੇ ਸਿਆਸੀ ਕੈਰੀਅਰ ਨੂੰ ਖਤਮ ਕਰਨ ਦੀ ਚਾਲ ਰਚ ਰਹੇ ਹਨ? ਕੀ ਬਰੈਂਪਟਨ ਈਸਟ ਤੋਂ ਲੜਨ ਦਾ ਜਿ਼ਕਰ ਉਸਦੀ ਸਿਆਸੀ ਭਰੋਸੇਯੋਗਤਾ ਉੱਤੇ ਵੱਡਾ ਸੁਆਲੀਆ ਚਿੰਨ ਖੜਾ ਨਹੀਂ ਕਰੇਗਾ? 

ਬਰੈਂਪਟਨ ਨੂੰ ਕੈਨੇਡਾ ਦੀ ਸਿਆਸੀ ਪ੍ਰਯੋਗਸ਼ਾਲਾ ਕਿਹਾ ਜਾਂਦਾ ਹੈ। ਅੱਜ ਕੱਲ ਬਰੈਂਪਟਨ ਈਸਟ ਰਾਈਡਿੰਗ ਖਲਾਅ ਵਿੱਚ ਲਟਕਦੇ ਤਿਸ਼ੰਕੂ ਵਰਗੀ ਹੈ ਜਿਸ ਬਾਰੇ ਕੋਈ ਕੁੱਝ ਨਹੀਂ ਆਖ ਸਕਦਾ, ਇੱਥੇ ਤੱਕ ਕਿ ਜਗਮੀਤ ਸਿੰਘ ਅਤੇ ਰਾਜ ਗਰੇਵਾਲ ਵੀ ਨਹੀਂ। ਹਾਲ ਦੀ ਘੜੀ ਇਹਨਾਂ ਦੋਵਾਂ ਦਾ ਆਪਣੇ ਸਿਆਸੀ ਪੱਤੇ ਹਿੱਕ ਕੋਲ ਰੱਖ ਕੇ ਅਗਲੀ ਗੱਲ ਕਰਨ ਵਿੱਚ ਭਲਾ ਹੋਵੇਗਾ। ਸਿਆਸਤ ਵਿੱਚ ਕੈਰੀਅਰ ਦੇ ਸਿਖ਼ਰ ਜਾ ਪੁੱਜਣ ਜਾਂ ਸਿਖਰੋਂ ਥੱਲੇ ਆ ਜਾਣ ਨੂੰ ਕਿਆਸਣਾ ਬਹੁਤ ਮੁਸ਼ਕਲ ਜੋ ਹੁੰਦਾ ਹੈ।

Have something to say? Post your comment