ਪੰਜਾਬੀ ਪੋਸਟ ਸੰਪਾਦਕੀ
ਹੱਥਾਂ ਨਾਲ ਦਿੱਤੀਆਂ ਗੰਢਾਂ ਮੂੰਹ ਨਾਲ ਕਿਵੇਂ ਖੋਲਣ ਲਈ ਮਜਬੂਰ ਹੋਣਾ ਪੈਂਦਾ ਹੈ, ਉਂਟੇਰੀਓ ਵਿੱਚ ਫਰੈਂਚ ਭਾਸ਼ਾ (ਪੰਜਾਬੀ ਵਿੱਚ ਫਰਾਂਸੀਸੀ) ਦਾ ਮੁੱਦਾ ਉਸਦੀ ਮਿਸਾਲ ਬਣਦਾ ਜਾ ਰਿਹਾ ਹੈ। ਹਾਲ ਵਿੱਚ ਹੀ ਜਾਰੀ ਕੀਤੀ ਫਾਲ ਇਕਾਨਮਿਕ ਸਟੇਟਮੈਂਟ ਵਿੱਚ ਉਂਟੇਰੀਓ ਸਰਕਾਰ ਨੇ ਫਰੈਂਚ ਭਾਸ਼ਾ ਸਰਵਿਸਜ਼ ਕਮਿਸ਼ਨਰ ਦੇ ਸੁਤੰਤਰ ਦਫ਼ਤਰ ਅਤੇ ਤਜਵੀਜ਼ਸ਼ੁਦਾ ਫਰੈਂਚ ਭਾਸ਼ਾਈ ਯੂਨੀਵਰਸਿਟੀ ਨੂੰ ਰੱਦ ਕਰਨ ਦਾ ਇਰਾਦਾ ਜਾਹਰ ਕੀਤਾ ਸੀ। ਪਿਛਲੀ ਸਰਕਾਰ ਦੇ ਖਰਚਿਆਂ ਅਤੇ ਬੱਜਟ ਵਿੱਚ ਘਾਟੇ ਨੂੰ ਥੱਲੇ ਲਿਆਉਣ ਲਈ ਕੀਤੇ ਜਾ ਰਹੇ ਕੱਟਾਂ ਦੇ ਨਾਮ ਉੱਤੇ ਡੱਗ ਫੋਰਡ ਨੇ ਇਹ ਐਲਾਨ ਤਾਂ ਕਰ ਦਿੱਤਾ ਪਰ ਉਸਨੂੰ ਸ਼ਾਇਦ ਇਹ ਖਿਆਲ ਨਹੀਂ ਸੀ ਕਿ ਭਾਸ਼ਾ ਦਾ ਸੰਵੇਦਨਸ਼ੀਲ ਮੁੱਦਾ ਉਸ ਲਈ ਇੱਕ ਔਖੀ ਸਥਿਤੀ ਬਣ ਜਾਵੇਗਾ।
ਪੈਦਾ ਹੋਈ ਅਣਸੁਖਾਵੀਂ ਅਤੇ ਔਖੀ ਸਥਿਤੀ ਦਾ ਅਹਿਸਾਸ ਕਰਦੇ ਹੋਏ ਬੇਸ਼ੱਕ ਪ੍ਰੀਮੀਅਰ ਡੱਗ ਫੋਰਡ ਅਤੇ ਉਸਦੀ ਵਜ਼ਾਰਤ ਨੇ ਫਰੈਂਚ ਭਾਸ਼ਾ ਕਮਿਸ਼ਨਰ ਦੇ ਦਫ਼ਤਰ ਨੂੰ ਮੁੜ ਬਹਾਲ ਕਰਨ ਦਾ ਫੈਸਲਾ ਕਰ ਲਿਆ ਹੈ ਪਰ ਉਂਟੇਰੀਓ ਵੱਸਦੇ ਫਰੈਂਚ ਭਾਸ਼ਾਈ ਲੋਕਾਂ ਦਾ ਗੁੱਸਾ ਠੰਡਾ ਹੋਣ ਦਾ ਨਾਮ ਨਹੀਂ ਲੈ ਰਿਹਾ। ਭਾਸ਼ਾ ਸਿਰਫ਼ ਭਾਵਨਾਤਮਕ ਮੁੱਦਾ ਹੀ ਨਹੀਂ ਸਗੋਂ ਇੱਕ ਕੌੜੀ ਸਿਆਸੀ ਸੱਚਾਈ ਵੀ ਹੈ। ਇਸਦਾ ਅਹਿਸਾਸ ਫੈਡਰਲ ਕੰਜ਼ਰਵੇਟਿਵ ਲੀਡਰ ਐਂਡਰੀਓੂ ਸ਼ੀਅਰ ਤੋਂ ਵੱਧ ਹੋਰ ਕਿਸੇ ਨੂੰ ਨਹੀਂ ਹੈ। 2019 ਵਿੱਚ ਚੋਣ ਜਿੱਤਣ ਦੀ ਤਾਕ ਵਿੱਚ ਸ਼ੀਅਰ ਨੂੰ ਇੱਕ ਪਾਸੇ ਕੈਨੇਡਾ ਦੇ ਸੱਭ ਤੋਂ ਵੱਡੇ ਅਤੇ ਤਾਕਰਵਰ ਪ੍ਰੋਵਿੰਸ ਉਂਟੇਰੀਓੇ ਦੇ ਟੋਰੀ ਪ੍ਰੀਮੀਅਰ ਡੱਗ ਫੋਰਡ ਦੇ ਸਾਥ ਦੀ ਲੋੜ ਹੈ। ਦੂਜੇ ਪਾਸੇ ਫੋਰਡ ਦੇ ਫੈਸਲੇ ਕਾਰਣ ਉਸਨੂੰ ਉਂਟੇਰੀਓ ਤੋਂ ਇਲਾਵਾ ਕਿਉਬਿੱਕ ਸਮੇਤ ਸਮੁੱਚੇ ਕੈਨੇਡਾ ਵਿੱਚ ਵੋਟਾਂ ਦੇ ਖਿਸਕ ਜਾਣ ਦਾ ਖਤਰਾ ਸਾਹਮਣੇ ਖੜਾ ਵਿਖਾਈ ਦੇ ਰਿਹਾ ਹੈ।
ਭਾਸ਼ਾ ਦੇ ਮੁੱਦੇ ਨੂੰ ਲੈ ਕੇ ਸਿਆਸਤ ਕਿਵੇਂ ਅਤੇ ਕਿਹੋ ਜਿਹੀ ਖੇਡੀ ਜਾ ਸਕਦੀ ਹੈ, ਇਸਦੀ ਮਿਸਾਲ ਬਰੈਂਪਟਨ ਦੇ ਨਵੇਂ ਚੁਣੇ ਗਏ ਮੇਅਰ ਪੈਟਰਿਕ ਬਰਾਊਨ ਤੋਂ ਲਈ ਜਾ ਸਕਦੀ ਹੈ। ਬੇਸ਼ੱਕ ਫਰੈਂਚ ਯੂਨੀਵਰਸਿਟੀ ਦੇ ਨਾਲ 2 ਡੱਗ ਫੋਰਡ ਨੇ ਬਰੈਂਪਟਨ ਵਿੱਚ ਯੂਨੀਵਰਸਿਟੀ ਦੇ ਖੰਭ ਵੀ ਕੁਤਰ ਦਿੱਤੇ ਹਨ ਪਰ ਬਰੈਂਪਟਨ ਯੂਨੀਵਰਸਿਟੀ ਖੁੱਸਣ ਨੂੰ ਬਰਾਊਨ ਨੇ ਥੋੜਾ ਬਹੁਤਾ ਗਿਲਾ ਜਾਹਰ ਕਰ ਕੇ ਚੁੱਪ ਵੱਟ ਲਈ ਸੀ। ਇਸਦੇ ਉਲਟ ਆਪਣੇ ਸਿਆਸੀ ਵਿਰੋਧੀ ਪ੍ਰੀਮੀਅਰ ਫੋਰਡ ਨੂੰ ਚਾਰੇ ਪਾਸੇ ਤੋਂ ਘਿਰਿਆ ਵੇਖ ਕੇ ਬਰਾਊਨ ਹੋਰਾਂ ਨੇ ਉਂਟੇਰੀਓ ਵਿੱਚ ਫਰੈਂਚ ਯੂਨੀਵਰਸਿਟੀ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ ਕਰਨ ਦਾ ਟਵੀਟ ਕੱਢ ਮਾਰਿਆ ਹੈ।
ਜਦੋਂ ਉਂਟੇਰੀਓ ਵਿੱਚ ਫਰੈਂਚ ਭਾਸ਼ਾਈ ਲੋਕਾਂ ਦੀ ਗੱਲ ਚੱਲਦੀ ਹੈ ਤਾਂ ਚੇਤੇ ਰੱਖਣ ਦੀ ਲੋੜ ਹੈ ਕਿ ਕਿਉਬਿੱਕ ਤੋਂ ਬਾਅਦ ਉਂਟੇਰੀਓ ਵਿੱਚ ਇਹ ਲੋਕ ਸੱਭ ਤੋਂ ਵੱਡਾ ਗਰੁੱਪ ਹਨ। ਇੰਗਲਿਸ਼, ਸਕਾਟਿਸ਼ ਅਤੇ ਆਈਰਿਸ਼ ਮੂਲ ਦੇ ਲੋਕਾਂ ਤੋਂ ਬਾਅਦ ਫਰੈਂਚ ਮੂਲ ਦੇ ਲੋਕ ਉਂਟੇਰੀਓ ਵਿੱਚ ਐਥਨਿਕ ਪੱਖੋਂ ਚੌਥਾ ਵੱਡਾ ਗੁੱਟ ਹਨ। 2016 ਦੀ ਜਨਗਣਨਾ ਮੁਤਾਬਕ ਊਂਟੇਰੀਓ ਵਿੱਚ ਫਰੈਂਚ ਸਾਢੇ ਪੰਜ ਲੱਖ ਲੋਕਾਂ ਦੀ ਪਹਿਲੀ ਭਾਸ਼ਾ ਸੀ। 5 ਲੱਖ ਲੋਕਾਂ ਨੇ ਫਰੈਂਚ ਨੂੰ ਆਪਣੀ ਮਾਂ ਬੋਲੀ ਕਰਾਰ ਦਿੱਤਾ ਅਤੇ 14 ਲੱਖ ਉਂਟੇਰੀਓ ਵਾਸੀਆਂ ਨੇ ਦੋ-ਭਾਸ਼ਾਈ (ਅੰਗਰੇਜ਼ੀ ਅਤੇ ਫਰੈਂਚ) ਹੋਣਾ ਕਬੂਲ ਕੀਤਾ ਸੀ। ਉਂਟੇਰੀਓ ਵਿੱਚ 26 ਅਜਿਹੇ ਸ਼ਹਿਰ, ਕਸਬੇ ਜਾਂ ਕਮਿਉਨਿਟੀਆਂ ਹਨ ਜਿੱਥੇ ਸਰਕਾਰੀ ਦਫ਼ਤਰਾਂ ਵਿੱਚ ਅੰਗਰੇਜ਼ੀ ਤੋਂ ਇਲਾਵਾ ਫਰੈਂਚ ਵਿੱਚ ਸੇਵਾਵਾਂ ਪ੍ਰਾਪਤ ਕਰਨ ਲਈ ਕਨੂੰਨਨ ਰੂਪ ਵਿੱਚ ਆਖਿਆ ਜਾ ਸਕਦਾ ਹੈ।
ਕਈ ਅਧਿਕਾਰਾਂ ਅਤੇ ਸਹੂਲਤਾਂ ਦੀਆਂ ਗਿਣਤੀਆਂ ਮਿਣਤੀਆਂ ਦੇ ਬਾਵਜੂਦ ਫਰੈਂਚ ਭਾਸ਼ਾਈ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੇ ਹਨ। ਇੱਕ ਕਾਰਣ ਇਹ ਹੈ ਕਿ ਹੋਰ ਕੌਮਾਂ ਦੇ ਲੋਕਾਂ ਦੇ ਵੱਧ ਗਿਣਤੀ ਵਿੱਚ ਪਰਵਾਸ ਕਰਨ ਕਾਰਣ ਇਹਨਾਂ ਦੀ ਪ੍ਰਤੀਸ਼ਸ਼ਤਾ ਘੱਟਦੀ ਜਾ ਰਹੀ ਹੈ। ਇਸ ਕੌੜੀ ਸੱਚਾਈ ਦੇ ਸਨਮੁਖ ਸਮਝਿਆ ਜਾ ਸਕਦਾ ਹੈ ਕਿ ਕੰਜਰਵੇਟਿਵ ਪਾਰਟੀ ਨਾਲ ਸਬੰਧਿਤ ਹੋਣ ਦੇ ਬਾਵਜੂਦ ਉਂਟੇਰੀਓ ਦੀ ਇੱਕੋ ਇੱਕ ਫਰੈਂਚ ਭਾਸ਼ਾਈ ਐਮ ਪੀ ਪੀ ਅਮਾਂਡਾ ਸਿਮਾਰਡ ਆਪਣੀ ਹੀ ਪਾਰਟੀ ਦੇ ਵਿਰੁੱਧ ਬਗਾਵਤ ਦਾ ਝੰਡਾ ਕਿਉਂ ਚੁੱਕੀ ਖੜੀ ਹੈ।
ਪ੍ਰੀਮੀਅਰ ਡੱਗ ਫੋਰਡ ਨੂੰ ਇਹ ਸਮਝਣਾ ਹੋਵੇਗਾ ਕਿ ਹਰ ਮੁੱਦੇ ਉੱਤੇ ਕਰੜਾ ਸਟੈਂਡ ਲੈ ਕੇ ਅੜੇ ਰਹਿਣਾ ਸਹੀ ਪਹੁੰਚ ਨਹੀਂ ਹੈ। ਪ੍ਰੋਵਿੰਸ ਦੇ ਇੱਕ ਮਹੱਤਵਪੂਰਣ ਤਬਕੇ ਦਾ ਵਿਰੋਧ ਖਰੀਦਣਾ ਚੰਗਾ ਪੈਂਤੜਾ ਨਹੀਂ ਆਖਿਆ ਜਾ ਸਕਦਾ। ਪ੍ਰੋਵਿੰਸ਼ੀਅਲ ਤੋਂ ਲੈ ਕੇ ਫੈਡਰਲ ਪੱਧਰ ਤੱਕ ਬਹੁਤ ਘੱਟ ਲੋਕ ਹੋਣਗੇ ਜੋ ਫਰੈਂਚ ਭਾਸ਼ਾਈ ਲੋਕਾਂ ਦੀ ਸੰਵੇਦਨਸ਼ੀਲਤਾ ਨਾਲ ਹਮਦਰਦੀ ਨਹੀਂ ਰੱਖਣਗੇ। ਜੇ ਇਸ ਮੁੱਦੇ ਨੂੰ ਹੱਲ ਕਰਨ ਲਈ ਸਾਰਥਕ ਕਦਮ ਨਾ ਚੁੱਕੇ ਤਾਂ ਸਿੱਟੇ ਵਜੋਂ ਟੋਰੀਆਂ ਨੂੰ ਪ੍ਰੋਵਿੰਸ਼ੀਅਲ ਅਤੇ ਫੈਡਰਲ ਪੱਧਰ ਉੱਤੇ ਨੁਕਸਾਨ ਹੋਣ ਦੇ ਆਸਾਰ ਹਨ।