ਸ਼ਿਮਲਾ, 29 ਨਵੰਬਰ (ਪੋਸਟ ਬਿਊਰੋ)- ਹਿਮਾਚਲ ਪ੍ਰਦੇਸ਼ ਵਿੱਚ ਵੱਧਦੀ ਕੋਰੋਨਾ ਇਨਫੈਕਸ਼ਨ ਨੂੰ ਰੋਕਣ ਲਈ ਸੂਬਾ ਸਰਕਾਰ ਨੇ ਇੱਕ ਵਾਰ ਫਿਰ ਤੋਂ ਪਹਿਲਾਂ ਤੈਅ ਕੀਤੇ ਨਿਯਮਾਂ ਨੂੰ ਪਲਟਿਆ ਹੈ। ਨਵੇਂ ਨਿਯਮਾਂ ਮੁਤਾਬਕ ਵਿਆਹ ਸਮੇਤ ਸਾਰੇ ਸਮਾਜਕ ਸਮਾਗਮਾਂ ਵਿੱਚ ਲੋਕਾਂ ਦੇ ਇਕੱਠੇ ਹੋਣ ਦੀ ਗਿਣਤੀ ਘਟਾ ਕੇ ਪੰਜਾਹ ਕਰ ਦਿੱਤੀ ਗਈ ਹੈ। ਪਹਿਲਾਂ ਖੁੱਲ੍ਹੀਆਂ ਥਾਵਾਂ `ਤੇ ਇਹ ਗਿਣਤੀ 200 ਅਤੇ ਘਰ ਦੀ ਚਾਰ ਦੀਵਾਰੀ ਅੰਦਰ 100 ਕੀਤੀ ਗਈ ਸੀ।
ਮੁੱਖ ਮੰਤਰੀ ਜੈਰਾਮ ਠਾਕੁਰ ਨੇ ਪੱਤਰਕਾਰਾਂ ਨਾਲ ਰਸਮੀ ਗੱਲਬਾਤ ਵਿੱਚ ਦੱਸਿਆ ਕਿ ਸੂਬਾ ਸਰਕਾਰ ਨੂੰ ਵਿਆਹਾਂ ਸਮੇਤ ਹੋਰ ਸਮਾਜਕ ਸਮਾਗਮਾਂ ਲਈ ਲੋਕਾਂ ਦੀ ਗਿਣਤੀ ਇਸ ਲਈ ਘੱਟ ਕਰਨੀ ਪਈ ਹੈ ਕਿ ਕੋਰੋਨਾ ਇਨਫੈਕਸ਼ਨ ਦੀ ਚੇਨ ਨੂੰ ਵਧਣ ਤੋਂ ਰੋਕਿਆ ਜਾ ਸਕੇ। ਇਸ ਤੋਂ ਇਲਾਵਾ ਸੂਬੇ ਦੇ ਚਾਰ ਜ਼ਿਲ੍ਹਿਆਂ ਸ਼ਿਮਲਾ, ਮੰਡੀ, ਕੁੱਲੂ ਅਤੇ ਕਾਂਗੜਾ ਵਿੱਚ ਰਾਤ 9 ਵਜੇ ਤੋਂ ਸਵੇਰੇ 6 ਵਜੇ ਤੱਕ ਕਰਫਿਊ ਜਾਰੀ ਰਹੇਗਾ। ਇਸ ਤਰ੍ਹਾਂ ਨਾਈਟ ਕਰਫਿਊ ਵਿੱਚ ਇੱਕ ਘੰਟੇ ਦੀ ਢਿੱਲ ਦਿੱਤੀ ਗਈ ਹੈ। ਪਹਿਲਾਂ ਇਹ ਕਰਫਿਊ ਰਾਤ 8 ਵਜੇ ਤੋਂ ਲੱਗਦਾ ਸੀ, ਜੋ ਅੱਗੋਂ ਰਾਤ 9 ਵਜੇ ਤੋਂ ਲੱਗੇਗਾ।ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰੀ ਦਫਤਰਾਂ ਦਾ ਕੰਮ ਪ੍ਰਭਾਵਤ ਨਾ ਹੋਵੇ, ਇਸ ਲਈ ਪਹਿਲੀ ਤੋਂ ਚੌਥੀ ਸ਼੍ਰੇਣੀ ਤੱਕ ਸਾਰੇ ਅਧਿਕਾਰੀ ਅਤੇ ਕਰਮਚਾਰੀ ਫਾਈਵ ਡੇਅ ਵੀਕ ਕੰਮ ਕਰਨਗੇ। ਛੇਵੇਂ ਦਿਨ ‘ਵਰਕ ਫਰਾਮ ਹੋਮ` ਹੋਵੇਗਾ।