ਪੇਈਚਿੰਗ , 25 ਨਵੰਬਰ (ਪੋਸਟ ਬਿਊਰੋ)- ਚੀਨ ਨੇ ਚੰਦ ਤੋਂਸੈਂਪਲ ਇਕੱਠੇ ਕਰਨ ਲਈ ਆਪਣਾ ਪਹਿਲਾ ਪੁਲਾੜ ਮਿਸ਼ਨ ਸਫਲਤਾ ਨਾਲ ਲਾਂਚ ਕਰ ਦਿੱਤਾ ਹੈ। ਇਹ ਮਿਸ਼ਨ ਪੁਲਾੜ ਯਾਤਰੀਆਂ ਤੋਂ ਬਗੈਰ ਹੈ ਅਤੇ ਇਹ ਜਹਾਜ਼ ਸੈਂਪਲ ਲੈ ਕੇ ਧਰਤੀ ਉਤੇ ਪਰਤੇਗਾ। ਚੀਨ ਵੱਲੋਂ ਧਰਤੀ ਤੋਂ ਬਾਹਰ ਕਿਸੇ ਗ੍ਰਹਿ ਉਤੇ ਸਮੱਗਰੀ ਲੈਣ ਲਈ ਭੇਜਿਆ ਗਿਆ ਇਹ ਪਹਿਲਾ ਮਿਸ਼ਨ ਹੈ। ‘ਚਾਂਗ ਈ-5` ਲੂਨਰ ਪ੍ਰੋਬ ਨੂੰ ਸਫਲਤਾ ਨਾਲ ਵੇਨਚੇਂਗ ਲਾਂਚ ਸਾਈਟ ਤੋਂ ਭੇਜਿਆ ਗਿਆ ਹੈ, ਜਿਹੜਾ ਦੱਖਣ ਵਿੱਚ ਪੈਂਦੇ ਸੂਬੇ ਹੈਨਾਨ `ਚ ਪੈਂਦਾ ਹੈ।
ਪੁਲਾੜ ਜਹਾਜ਼ ‘ਲੌਂਗ ਮਾਰਚ-5 ਰਾਕੇਟ` ਰਾਹੀਂ ਸਵੇਰੇ 4.30 ਵਜੇ ਦਾਗਿਆ ਗਿਆ ਹੈ। ਇਸ ਮਿਸ਼ਨ ਨੂੰ ਚੀਨ ਦੇ ਇਤਿਹਾਸ ਵਿੱਚ ਅੱਜ ਤੱਕ ਦਾ ਸਭ ਤੋਂ ਗੁੰਝਲਦਾਰ ਮਿਸ਼ਨ ਕਿਹਾ ਜਾ ਰਿਹਾ ਹੈ। ਸੰਸਾਰ ਪੱਧਰ `ਤੇ ਵੀ ਕਰੀਬ ਚਾਲੀ ਸਾਲਾਂ ਬਾਅਦ ਕੋਈ ਮਿਸ਼ਨ ਚੰਦ ਉਤੇ ਸੈਂਪਲ ਲੈਣ ਦੇ ਮਕਸਦ ਨਾਲ ਭੇਜਿਆ ਗਿਆ ਹੈ। ਇਸ ਤੋਂ ਪਹਿਲਾਂ ਅਮਰੀਕਾ ਨੇ ਨਮੂਨੇ ਇਕੱਠੇ ਕਰਨ ਲਈ ਆਪਣੇ ਪੁਲਾੜ ਯਾਤਰੀ ਚੰਦ ਉਤੇ ਭੇਜੇ ਸਨ। ਸੋਵੀਅਤ ਯੂਨੀਅਨ ਵੀ ਬਿਨਾਂ ਮਨੁੱਖਾਂ ਤੋਂ ਇਸ ਤਰ੍ਹਾਂ ਦਾ ਮਿਸ਼ਨ ਭੇਜ ਚੁੱਕਾ ਹੈ। ਪੁਲਾੜ ਜਹਾਜ਼ ਚੰਦ ਤੋਂ ਸਿੱਧਾ ਧਰਤੀ ਉਤੇ ਪਰਤਿਆ ਸੀ। ਇਸ ਬਾਰੇ ਚੀਨ ਦੀ ਕੌਮੀ ਪੁਲਾੜ ਅਥਾਰਟੀ ਦੇ ਦੱਸਣ ਮੁਤਾਬਕ ਉਨ੍ਹਾਂ ਵੱਲੋਂ ਭੇਜੇ ਗਏ ਮਿਸ਼ਨ ਵਿੱਚ ਵੱਖਰੀ ਤਕਨੀਕ ਦੀ ਵਰਤੋਂ ਕੀਤੀ ਗਈ ਹੈ। ਇਸ ਨਾਲ ਭਵਿੱਖ ਵਿੱਚ ਮਨੁੱਖੀ ਮਿਸ਼ਨਾਂ ਦੇ ਅਸਾਰ ਬਣ ਸਕਦੇ ਹਨ। ਮਿਸ਼ਨ ਵਿਗਿਆਨ ਅਤੇ ਤਕਨੀਕੀ ਵਿਕਾਸ ਦੇ ਖੇਤਰ ਵਿੱਚ ਵੀ ਚੀਨ ਦੁਨੀਆ ਵਿੱਚ ਵਧੇਰੇ ਮਜ਼ਬੂਤੀ ਸਥਾਪਤ ਕਰੇਗਾ। ‘ਚਾਂਗ ਈ-5` ਦੇ ਦਸੰਬਰ ਦੇ ਸ਼ੁਰੂ ਵਿੱਚ ਚੰਦ ਉਤੇ ਉਤਰਨ ਦੀ ਸੰਭਾਵਨਾ ਹੈ। ਸੈਂਪਲ ਰੋਬੋਟ ਇਕੱਠੇ ਕਰ ਕੇ ਪੁਲਾੜ ਜਹਾਜ਼ ਵਿੱਚ ਰੱਖੇਗਾ।