Welcome to Canadian Punjabi Post
Follow us on

27

January 2021
ਬ੍ਰੈਕਿੰਗ ਖ਼ਬਰਾਂ :
ਕਿਸਾਨ ਅੰਦੋਲਨਕਾਰੀਆਂ ਵਿੱਚੋਂ ਕੁੱਝ ਨੇ ਲਾਲ ਕਿੱਲ੍ਹੇ ਉੱਤੇ ਜਾ ਕੇ ਝੰਡੇ ਫਹਿਰਾਏਬੈਂਸ ਉੱਤੇ ਗੰਭੀਰ ਦੋਸ਼ ਲਾਉਣ ਵਾਲੇ ਰਮੇਸ਼ ਸੰਘਾ ਨੂੰ ਲਿਬਰਲ ਕਾਕਸ ਵਿੱਚੋਂ ਕੀਤਾ ਗਿਆ ਬਾਹਰਟਰੈਵਲਰਜ਼ ਲਈ ਪਾਬੰਦੀਆਂ ਹੋਰ ਸਖ਼ਤ ਕਰਨ ਦਾ ਫਰੀਲੈਂਡ ਨੇ ਦਿੱਤਾ ਸੰਕੇਤਰਾਮ ਰਹੀਮ ਦਾ ਚੇਲਿਆਂ ਨੂੰ ਦਿਲਾਸਾ: ਜੇਲ੍ਹ ਵਿੱਚੋਂ ਮਾਂ ਅਤੇ ਸਮਰਥਕਾਂ ਨੂੰ ਚਿੱਠੀ ਲਿਖ ਕੇ ਕਿਹਾ: ਜਲਦੀ ਡੇਰੇ ਵਿੱਚ ਆ ਜਾਵਾਂਗਾਰਾਜੋਆਣਾ ਨੂੰ ਫਾਂਸੀ ਦਾ ਫੈਸਲਾ ਕਰਨ ਲਈ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਆਖਰੀ ਮੌਕਾ ਦਿੱਤਾਕਿਸਾਨ ਜਥੇਬੰਦੀਆਂ ਦਾ ਐਲਾਨ: ਟਰੈਕਟਰ ਪਰੇਡ ਮਗਰੋਂ ਪਹਿਲੀ ਫਰਵਰੀ ਨੂੰ ਪਾਰਲੀਮੈਂਟ ਵੱਲ ਕੂਚ ਵੀ ਕੀਤਾ ਜਾਵੇਗਾਗਵਰਨਰ ਜਨਰਲ ਜੂਲੀ ਪੇਯੈਟ ਨੇ ਦਿੱਤਾ ਅਸਤੀਫਾਆਤਮਘਾਤੀ ਧਮਾਕਿਆਂ ਨਾਲ ਕੰਬਿਆ ਬਗਦਾਦ, 6 ਹਲਾਕ
ਮਨੋਰੰਜਨ

ਆਖਰੀ ਸੈਲਫੀ

November 25, 2020 09:15 AM

-ਮਮਤਾ ਕਾਲੀਆ
ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਮੁਗਧਾ ਦਾ ਫੋਨ ਪ੍ਰੇਮ ਪੈਦਾਇਸ਼ੀ ਸੀ। ਉਸ ਦੇ ਪਾਪਾ ਵਿਕਰਮ ਸਿੰਘ ਇੱਕ ਵੱਡੀ ਕੰਪਨੀ ਦੇ ਸੇਲਜ਼ ਅਫਸਰ ਸਨ। ਕੰਮ ਦੇ ਸਿਲਸਿਲੇ ਵਿੱਚ ਉਨ੍ਹਾਂ ਨੂੰ ਸ਼ਹਿਰ-ਸ਼ਹਿਰ ਘੰੁਮਣਾ ਪੈਂਦਾ ਸੀ। ਉਹ ਪਤਨੀ ਕੀਰਤੀ ਨੂੰ ਬਾਹਰ ਤੋਂ ਐੱਸ ਟੀ ਡੀ ਕਾਲ ਕਰਦੇ ਅਤੇ ਗੱਲਾਂ ਦੇ ਦੌਰਾਨ ਕਹਿੰਦੇ, ‘‘ਜ਼ਰਾ ਬੇਬੀ ਦੀ ਆਵਾਜ਼ ਸੁਣਾ ਦਿਓ।” ਕੀਰਤੀ ਅੱਠ ਮਹੀਨੇ ਦੀ ਮੁਗਧਾ ਦੇ ਕੰਨ 'ਤੇ ਹੈਂਡਸੈਟ ਲਾ ਦਿੰਦੀ। ਬੇਬੀ ਮੁਗਧਾ ਜੀ ਆ.. ਊ... ਓ... ਦੀਆਂ ਆਵਾਜ਼ਾਂ ਮੂੰਹ 'ਚੋਂ ਕੱਢਦੀ, ਪਾਪਾ ਸੁਣ ਕੇ ਨਿਹਾਲ ਹੋ ਜਾਂਦੇ ਕਿ ਉਨ੍ਹਾਂ ਨੇ ਆਪਣੀ ਬੇਟੀ ਨਾਲ ਗੱਲ ਕਰ ਲਈ। ਹੌਲੀ-ਹੌਲੀ ਕੁਝ ਅਜਿਹਾ ਅਭਿਆਸ ਪਿਆ ਕਿ ਫੋਨ ਦੇਖਦੇ ਹੀ ਮੁਗਧਾ ਕਿਲਕਾਰੀ ਭਰਨ ਲੱਗਦੀ ਅਤੇ ਆ... ਆ... ਊ... ਊ...ਗਾਣਾ ਵੀ ਗਾ ਦਿੰਦੀ। ਉਹ ਦੇਰ ਤੱਕ ਫੋਨ ਨਾਲ ਖੇਡਦੀ।
ਵਿਕਰਮ ਸਿੰਘ ਅਤੇ ਕੀਰਤੀ ਬੜੇ ਚਾਅ ਨਾਲ ਦੋਸਤਾਂ ਨੂੰ ਦੱਸਦੇ, ‘‘ਸਾਡੀ ਬੇਟੀ ਨੇ ਪਹਿਲਾ ਸ਼ਬਦ ਜੋ ਬੋਲਿਆ ਉਹ ਮਾਂ ਜਾਂ ਪਾਪਾ ਨਹੀਂ ‘ਹੈਲੋ’ ਬੋਲਿਆ।” ਉਹ ਇੱਕ ਸਾਲ ਵਿੱਚ ਹੀ ਬੋਲਣ ਲੱਗੀ। ਉਸ ਦੀ ਇਸ ‘ਹੈਲੋ’ ਤੋਂ ਪ੍ਰੇਰਿਤ ਹੋ ਕੇ ਵਿਕਰਮ ਸਿੰਘ ਅਤੇ ਕੀਰਤੀ ਘਰ ਵਿੱਚ ਕਈ ਖਿਡੌਣਾ ਫੋਨ ਖਰੀਦ ਲਿਆਏ। ਬੇਟੀ ਮੁਗਧਾ ਖਿਡੌਣਾ ਫੋਨ ਦੀ ਬਜਾਏ ਅਸਲੀ ਫੋਨ ਦਾ ਹੈਂਡਸੈਟ ਲੈ ਕੇ ਖੁਸ਼ ਹੁੰਦੀ। ਸਵੇਰੇ ਉਠ ਕੇ ਉਹ ਆਪਣੀਆਂ ਸਾਰੀਆਂ ਗੁੱਡੀਆਂ ਨੂੰ ਹੈਲੋ ਕਹਿੰਦੀ ਤੇ ਹੱਥ ਮਿਲਾਉਂਦੀ। ਸ਼ਾਮ ਨੂੰ ਖਿੜਕੀ ਵਿੱਚ ਬੈਠ ਜਾਂਦੀ ਅਤੇ ਹਰ ਆਉਣ-ਜਾਣ ਵਾਲੇ ਨੂੰ ‘ਹੈਲੋ’ ਅਤੇ ‘ਬਾਇ’ ਬੋਲਦੀ ਰਹਿੰਦੀ।
21ਵੀਂ ਸਦੀ ਦੀ ਸ਼ੁਰੂਆਤ ਵਿੱਚ ਜਦ ਬਾਜ਼ਾਰ ਚੌੜਾ ਹੁੰਦੇ-ਹੁੰਦੇ ਸਾਰੀ ਦੁਨੀਆ ਵਿੱਚ ਫੈਲ ਗਿਆ, ਫੋਨ ਵੀ ਜ਼ਰਾ ਜ਼ਿਆਦਾ ਮੋਬਾਈਲ ਹੋ ਗਿਆ। ਦੇਖਦੇ ਹੀ ਦੇਖਦੇ ਐਸ ਟੀ ਡੀ ਬੂਥ ਚਲਾਉਣ ਵਾਲਿਆਂ ਦਾ ਕਾਰੋਬਾਰ ਠੱਪ ਪੈ ਗਿਆ। ਹਰ ਜੇਬ ਵਿੱਚ ਮੋਬਾਈਲ ਫੋਨ ਦਿੱਸਣ ਲੱਗਾ। ਵਿਕਰਮ ਸਿੰਘ ਨੂੰ ਕੰਪਨੀ ਵੱਲੋਂ ਕੀਮਤੀ ਮੋਬਾਈਲ ਫੋਨ ਮਿਲਿਆ। ਕੀਰਤੀ ਦੇ ਲਈ ਉਨ੍ਹਾਂ ਨੇ ਛੋਟਾ ਫੋਨ ਖਰੀਦ ਲਿਆ। ਲੈਂਡਲਾਈਨ ਫੋਨ ਬੇਕਾਰ ਹੋ ਗਿਆ ਅਤੇ ਸਾਰੇ ਕੰਮ ਅਤੇ ਗੱਲਬਾਤ ਮੋਬਾਈਲ ਨਾਲ ਨਿਪਟਾਏ ਜਾਂਦੇ। ਆਰਥਿਕ ਪ੍ਰਗਤੀ ਦੇ ਨਾਲ-ਨਾਲ ਵਿਕਰਮ ਦੇ ਪਰਵਾਰ ਵਿੱਚ ਮੋਬਾਈਲ ਪ੍ਰਗਤੀ ਵੀ ਹੁੰਦੀ ਗਈ।
ਮੁਗਧਾ ਦਾ ਬਚਪਨ, ਟੀ ਵੀ, ਵੀਡੀਓ ਅਤੇ ਮੋਬਾਈਲ ਦੀ ਸੰਗਤੀ ਵਿੱਚ ਮਜੇ ਨਾਲ ਬੀਤ ਰਿਹਾ ਸੀ। ਉਸ ਨੇ ਕਦੇ ਛੋਟੇ ਭਰਾ ਜਾਂ ਭੈਣ ਦੀ ਕਮੀ ਨਹੀਂ ਰੜਕੀ। ਸਕੂਲ ਦੇ ਕੰਮਾਂ ਵਿੱਚ ਵੀ ਮੋਬਾਈਲ ਦਾ ਮਹੱਤਵ ਸੀ। ਸਾਰੀਆਂ ਸੂਚਨਾਵਾਂ ਮੋਬਾਈਲ ਦੇ ਰਾਹੀਂ ਆਉਂਦੀਆਂ, ਇਥੋਂ ਤੱਕ ਕਿ ਪੜ੍ਹਾਈ ਦਾ ਰਿਜ਼ਲਟ ਵੀ। ਮੁਗਧਾ ਕੀਰਤੀ ਦਾ ਫੋਨ ਲੈ ਕੇ ਦੇਰ ਤੱਕ ਉਲਝੀ ਰਹਿੰਦੀ, ਕਦੇ ਸਹੇਲੀਆਂ ਨਾਲ ਗੱਪਾਂ ਮਾਰ ਤਾਂ ਕਦੇ ਹੋਮਵਰਕ ਕਰਨ।
ਮਾਂ ਲਈ ਵੀ ਫੋਨ ਓਨਾ ਹੀ ਜ਼ਰੂਰੀ ਸੀ। ਤੰਗ ਆ ਕੇ ਕੀਰਤੀ ਨੇ ਆਪਣਾ ਫੋਨ ਮੁਗਧਾ ਨੂੰ ਦੇ ਦਿੱਤਾ ਅਤੇ ਆਪਣੇ ਲਈ ਨਵਾਂ ਸਮਾਰਟਫੋਨ ਲੈ ਲਿਆ। ਵਿਕਰਮ ਸਿੰਘ ਇੰਨਾ ਬਿਜ਼ੀ ਰਹਿੰਦੇ ਕਿ ਦਫਤਰ ਜਾਣ ਦਾ ਸਮਾਂ ਤਾਂ ਉਨ੍ਹਾਂ ਦਾ ਤੈਅ ਰਹਿੰਦਾ, ਆਉਣ ਦਾ ਨਹੀਂ। ਕਈ ਵਾਰ ਦਫਤਰ ਤੋਂ ਹੀ ਖਬਰ ਕਰ ਦਿੰਦੇ, ਮੇਰਾ ਸੂਟਕੇਸ ਤਿਆਰ ਕਰ ਦਿਓ। ਸ਼ਾਮ ਦੀ ਫਲਾਈਟ ਫੜਨੀ ਹੈ। ਮਾਂ-ਬੇਟੀ ਦੇ ਕੋਲ ਮੋਬਾਈਲ ਵਿੱਚ ਬਿਜ਼ੀ ਮਸਤ ਰਹਿਣ ਨੂੰ ਵਕਤ ਹੀ ਵਕਤ ਸੀ। ਨਵੇਂ ਮੋਬਾਈਲ ਤੇ ਮਾਂ ਨੇ ਮੁਗਧਾ ਦੀਆਂ ਤਸਵੀਰਾਂ ਖਿੱਚੀਆਂ ਤਾਂ ਮੁਗਧਾ ਆਪਣੇ 'ਤੇ ਮੁਗਧ ਹੋ ਗਈ।
‘‘ਓਹ ਮਾਂ ਮੈਂ ਅਜਿਹੀ ਸਮਾਰਟ ਲੱਗਦੀ ਹਾਂ। ਮੈਨੂੰ ਤਾਂ ਪਤਾ ਹੀ ਨਹੀਂ ਸੀ।” ਅੱਲ੍ਹੜ ਬੇਟੀ ਨੇ ਦੁਪੱਟਾ ਬਦਲ ਕੇ, ਟਾਪ ਬਦਲ ਕੇ ਹੇਅਰ ਸਟਾਈਲ ਬਦਲ ਕੇ ਤਰ੍ਹਾਂ-ਤਰ੍ਹਾਂ ਆਪਣੀ ਫੋਟੋ ਖਿਚਵਾਈ ਅਤੇ ਆਪਣੇ 'ਤੇ ਲੱਟੂ ਹੁੰਦੀ ਗਈ। ਕਿਤਾਬਾਂ ਪੜ੍ਹਨੀਆਂ ਘੱਟ ਹੋ ਗਈ। ਮੋਬਾਈਲ ਲੈ ਕੇ ਬੈਠੀ ਰਹਿੰਦੀ। ਉਹ ਪੜ੍ਹਾਈ ਵਿੱਚ ਸੁਸਤ ਅਤੇ ਫੈਸ਼ਨ ਵਿੱਚ ਚੁਸਤ ਹੁੰਦੀ ਗਈ। ਕਦੀ-ਕਦੇ ਵਿਕਰਮ ਸਿੰਘ ਉਸ ਦੇ ਰਿਪੋਰਟ ਕਾਰਡ 'ਤੇ ਚਿੰਤਾ ਦਿਖਾਉਂਦੇ, ‘‘ਕੀਰਤੀ ਤੂੰ ਧਿਆਨ ਨਹੀਂ ਦਿੰਦੀ। ਇਨ੍ਹਾਂ ਨੰਬਰਾਂ ਤੋਂ ਇਸ ਦਾ ਕਿਸੇ ਚੰਗੀ ਯੂਨੀਵਰਸਿਟੀ ਵਿੱਚ ਦਾਖਲਾ ਕਿਵੇਂ ਹੋ ਸਕੇਗਾ?”
ਮਾਂ ਆਪਣੇ ਵਾਲਾਂ ਨੂੰ ਝਟਕਾ ਦੇ ਕੇ ਕਹਿੰਦੀ, ‘‘ਇੰਨੀਆਂ ਨਿੱਜੀ ਸੰਸਥਾਵਾਂ ਹਨ, ਕਿਤਿਉਂ ਵੀ ਡਿਗਰੀ ਦਿਵਾ ਦੇਣਗੇ। ਇਹ ਮੇਰੇ ਉਤੇ ਗਈ ਹੈ। ਮੇਰਾ ਮਨ ਵੀ ਕਿਤਾਬਾਂ ਤੋਂ ਦੂਰ ਭੱਜਦਾ ਸੀ।”
ਪਿਤਾ ਕੋਲ ਬਹਿਸ ਦਾ ਜ਼ਿਆਦਾ ਸਮਾਂ ਨਾ ਹੁੰਦਾ। ਸੇਲਜ਼ਮੈਨੀ ਦੀ ਮੁਕਾਬਲੇਬਾਜ਼ੀ ਨੇ ਉਨ੍ਹਾਂ ਦੀ ਸਾਰੀ ਤਾਕਤ ਚੂਸ ਰੱਖੀ ਸੀ। ਦੇਖਦੇ-ਦੇਖਦੇ ਸਮੇਂ ਬੀਤਦਾ ਗਿਆ। ਮਾਂ-ਬਾਪ ਅਧੇੜ ਹੋ ਗਏ, ਮੁਗਧਾ ਸਿਆਣੀ ਹੋ ਗਈ। ਉਸ ਦੇ ਰੂਪ ਦੀ ਚਰਚਾ ਖਾਸ ਪਰਵਾਰਾਂ ਤੱਕ ਪਹੁੰਚੀ। ਨਗਰ ਦੇ ਇੱਕ ਸੱਭਿਆ ਪਰਵਾਰ ਦੇ ਵੱਡੇ ਬੇਟੇ ਨਮਿਤ ਦਾ ਸੁਨੇਹਾ ਆਇਆ ਮੁਗਧਾ ਨਾਲ ਰਿਸ਼ਤੇ ਲਈ, ਤਦ ਮਾਂ-ਬਾਪ ਨੂੰ ਗੌਰ ਕਰਨਾ ਪਿਆ ਕਿ ਸਹੀ ਉਮਰ 'ਤੇ ਲੜਕੀ ਦਾ ਵਿਆਹ ਹੋ ਜਾਣਾ ਚਾਹੀਦੈ।
ਮਜ਼ੇ ਦੀ ਗੱਲ ਇਹ ਕਿ ਨਾ ਮੁਗਧਾ ਦੇ ਮਾਂ-ਬਾਪ ਅਤੇ ਨਾ ਨਮਿਤ ਦੇ ਮਾਂ-ਬਾਪ ਆਪਣੇ ਆਪ ਨੂੰ ਇੰਨਾ ਉਮਰ ਦਰਾਜ ਮੰਨਦੇ ਸਨ ਕਿ ਉਨ੍ਹਾਂ ਨੇ ਬੱਚਿਆਂ ਦੇ ਵਿਆਹ ਕਰਨੇ ਪਏ, ਪਰ ਕੀ ਕੀਤਾ ਜਾਏ ਬੱਚੇ ਜਵਾਨ ਹੋ ਗਏ ਸਨ। ਨਮਿਤ ਕਈ ਛੋਟੀਆਂ-ਵੱਡੀਆਂ ਪ੍ਰੀਖਿਆਵਾਂ ਪਾਸ ਕਰ ਜੀਵਨ ਬੀਮਾ ਨਿਗਮ ਵਿੱਚ ਪੱਕੀ ਨੌਕਰੀ ਪਾ ਗਿਆ। ਮੁਗਧਾ ਦੇ ਟਾਈਮ-ਟੇਬਲ ਵਿੱਚ ਨੌਕਰੀ ਦੀ ਜਗ੍ਹਾ ਨਹੀਂ ਸੀ। ਉਸ ਨੇ ਫੈਸ਼ਨ ਡਿਜ਼ਾਈਨਿੰਗ ਦਾ ਕੋਰਸ ਪੂਰਾ ਕਰ ਲਿਆ ਸੀ। ਉਹ ਆਪਣੀ ਮਾਂ ਦੀ ਤਰ੍ਹਾਂ ਚੈਨ ਦੀ ਜ਼ਿੰਦਗੀ ਜੀਣਾ ਚਾਹੁੰਦੀ ਸੀ।
ਉਹ ਸਾਰੇ ਪੰਜ ਸਿਤਾਰਾ ਹੋਟਲ ਵਿੱਚ ਮਿਲੇ। ਪਹਿਲੀ ਨਜ਼ਰ ਵਿੱਚ ਨਮਿਤ ਤੇ ਮੁਗਧਾ ਇੱਕ ਦੂਜੇ ਮਿਲੇ। ਗੱਲ ਪੱਕੀ ਹੋਈ। ਦੋ ਮਹੀਨੇ ਬਾਅਦ ਵਿਆਹ ਸੀ। ਨਮਿਤ ਤੇ ਮੁਗਧਾ ਮਿਲਦੇ ਰਹੇ, ਕਦੇ ਸਿਵਲ ਲਾਈਨ ਵਿੱਚ, ਕਦੇ ਕਿਤੇ। ਨਮਿਤ ਨੇ ਗੌਰ ਕੀਤਾ, ਮੁਗਧਾ ਦੇ ਕੋਲ ਦੋ ਜੀ ਬੀ ਰੈਮ ਵਾਲਾ ਮੋਬਾਈਲ ਹੈ। ਉਸ ਨੇ ਉਸ ਦੇ ਲਈ ਇੱਕ ਮਹਿੰਗਾ ਸਮਾਰਟਫੋਨ ਖਰੀਦ ਕੇ ਉਸ ਨੂੰ ਭੇਟ ਕੀਤਾ। ਦੋਵੇਂ ਰਾਤ ਵਿੱਚ ਲੰਮੀ ਚੈਟਿੰਗ ਕਰਦੇ ਰਹਿੰਦੇ। ਮੁਗਧਾ ਨੇ ਗੌਰ ਕੀਤਾ ਨਮਿਤ ਟਾਈਮੇਕਸ ਦੀ ਘੜੀ ਪਹਿਨਦਾ ਹੈ। ਉਸ ਨੇ ਉਸ ਨੂੰ ਸਮਾਰਟਬੈਂਡ ਖਰੀਦ ਕੇ ਗੁਟ 'ਤੇ ਪਹਿਨਾ ਦਿੱਤਾ, ਇਹ ਤੇਰੀ ਸਿਹਤ, ਸਮੇਂ ਅਤੇ ਊਰਜਾ ਸ਼ਕਤੀ ਦਾ ਧਿਆਨ ਰੱਖੇਗਾ। ਜਦ ਉਹ ਮਿਲਦੇ, ਇੱਕ ਦੂਸਰੇ ਦੀਆਂ ਅਨੇਕ ਤਸਵੀਰਾਂ ਕਲਿਕ ਕਰਦੇ। ਅਲੱਗ ਹੋਣ ਤੋਂ ਪਹਿਲਾਂ ਸੈਲਫੀ ਲਈ ਜਾਂਦੀ, ਅਲੱਗ-ਅਲੱਗ ਐਂਗਲ ਤੋਂ।
ਮਈ ਦੇ ਮਹੀਨੇ ਵਿੱਚ ਵਿਆਹ ਸੀ। ਜਿਸ ਹੋਟਲ ਵਿੱਚ ਵਿਆਹ ਦੀ ਰਸਮ ਹੋਣੀ ਸੀ, ਪੂਰਾ ਬਹੁਤ ਵਧੀਆ ਸੀ, ਪਰ ਗਹਿਣਿਆਂ, ਕੱਪੜਿਆਂ ਅਤੇ ਕਾਮਨਾ ਦੀ ਗਰਮੀ ਨਾਲ ਮੁਗਧਾ ਦਾ ਬੁਰਾ ਹਾਲ ਸੀ। ਉਸ ਨੇ ਆਪਣੀਆਂ ਸਹੇਲੀਆਂ ਨੂੰ ਕਹਿ ਦਿੱਤਾ ਸੀ ਕਿ ਉਹ ਹਰ ਰਸਮ ਦੀ ਬਹੁਤੀ ਸਾਰੀਆਂ ਤਸਵੀਰਾਂ ਖਿੱਚਣ ਅਤੇ ਸਿੱਧਾ ਉਸ ਨੂੰ ਫਾਰਵਰਡ ਕਰਨ। ਬਿਊਟੀ ਪਾਰਲਰ ਵਾਲੀ ਨੂੰ ਕੀਰਤੀ ਨੇ ਪੂਰੀ ਰਾਤ ਲਈ ਸੱਦਿਆ ਕਿ ਲਾੜੀ ਦੇ ਮੇਕਅਪ ਵਾਰ-ਵਾਰ ਬਦਲਣ। ਜਿਵੇਂ ਹੋਟਲ ਦੀ ਪਰੰਪਰਾ ਸੀ, ਉਨ੍ਹਾਂ ਨੇ ਉਸ ਰਾਤ ਨਵ-ਵਿਆਹੁਤਾ ਦੇ ਲਈ ਹਨੀਮੂਨ ਕਲਾਸ ਦੀ ਵੀ ਸਹੂਲਤ ਦਿੱਤੀ ਸੀ।
ਸਭ ਕੁਝ ਵਧੀਆ ਰਿਹਾ। ਵਿਆਹ ਹੋਇਆ। ਮੇਜ਼ਬਾਨ ਅਮੀਰ ਸਨ ਤੇ ਉਨ੍ਹਾਂ ਦੇ ਮਹਿਮਾਨ ਵੀ। ਸਭ ਆਪਣੀਆਂ-ਆਪਣੀਆਂ ਕਾਰਾਂ ਵਿੱਚ ਵਾਪਸ ਚਲੇ ਗਏ।
ਹਨੀਮੂਨ ਕਲਾਸ ਵਿੱਚ ਚਾਦਰ 'ਤੇ ਫੁੱਲ ਖਿਲਾਰੇ ਹੋਏ ਸਨ। ਹਾਰ ਸ਼ਿੰਗਾਰ ਦੇ ਸੈਂਟ ਨਾਲ ਕਮਰਾ ਮਹਿਕ ਰਿਹਾ ਸੀ। ਬਿਸਤਰੇ 'ਤੇ ਰੰਗ-ਬਿਰੰਗੇ ਫੁੱਲਾਂ ਦੀ ਝਾਲਰ ਲੱਗੀ ਹੋਈ ਸੀ। ਮੁਗਧਾ ਡ੍ਰੈਸਿੰਗ ਟੇਬਲ ਦੇ ਸਾਹਮਣੇ ਖੜ੍ਹੀ ਆਪਣੇ ਆਪ ਨੂੰ ਨਿਹਾਰਦੀ ਸੋਚ ਰਹੀ ਸੀ ਕਿ ਪਤਾ ਨਹੀਂ ਸਹੇਲੀਆਂ ਨੇ ਠੀਕ ਨਾਲ ਫੋਟੋ ਖਿੱਚੀ ਵੀ ਜਾਂ ਨਹੀਂ। ਸੋਚਦੇ ਹੋਏ ਉਸ ਨੇ ਵਿਾਹ ਦੀ ਡ੍ਰੈਸ ਚੇਂਜ ਕਰਕੇ ਹਲਕਾ ਸਲਵਾਰ ਸੂਟ ਪਾ ਲਿਆ।
ਤਦ ਨਮਿਤ ਕਮਰੇ ਵਿੱਚ ਆਇਆ। ਵਿਆਹ ਦਾ ਚਾਅ ਉਸ ਦੇ ਚਿਹਰੇ ਤੋਂ ਝਲਕ ਰਿਹਾ ਸੀ। ਉਸ ਨੇ ਮੁਗਧਾ ਨੂੰ ਗਲਵਕੜੀ ਪਾਉਂਦੇ ਹੋਏ ਕਿਹਾ, ‘‘ਤੈਨੂੰ ਮੁਬਾਰਕਬਾਦ ਕਹਿਣ ਦਾ ਨੰਬਰ ਆਇਐ। ਬਾਇਗਾਡ ਵਿਆਹ ਦੀਆਂ ਰਸਮਾਂ ਜਾਨਲੇਵਾ ਹੰੁਦੀਆਂ ਹਨ।”
ਮੁਗਧਾ ਦੇ ਹੱਥ ਵਿੱਚ ਮੋਬਾਈਲ ਸੀ। ਉਸਨੇ ਜਲਦੀ ਨਾਲ ਨਮਿਤ ਦੀ ਇੱਕ ਫੋਟੋ ਕਲਿਕ ਕੀਤੀ ਅਤੇ ਕਿਹਾ, ‘‘ਮੈਂ ਅੱਜ ਕਿਹੋ ਜਿਹੀ ਲੱਗ ਰਹੀ ਸੀ?”
ਨਮਿਤ ਨੇ ਉਸ ਗੌਰ ਨਾਲ ਦੇਖਦੇ ਹੋਏ ਕਿਹਾ, ‘‘ਬਿਲਕੁਲ ਅਪਸਰਾਂ ਵਰਗੀ ਮੇਰਾ ਵਿਆਹ ਤਾਂ ਇਕੱਠਿਆਂ ਕਈ ਫਿਲਮਾਂ ਦੀਆਂ ਹੀਰੋਇਨਾਂ ਨਾਲ ਹੋ ਗਿਆ। ਤੂੰ ਇੰਨੀ ਸੁੰਦਰ ਏਂ।”
ਮੁਗਧਾ 'ਤੇ ਆਪਣੇ ਰੂਪ ਦਾ ਨਸ਼ਾ ਚੜ੍ਹਨ ਲੱਗਾ। ਉਸ ਨੇ ਨਮਿਤ ਦੇ ਗੱਲ੍ਹਾਂ ਨੂੰ ਸਹਿਲਾਉਂਦੇ ਹੋਏ ਕਿਹਾ, ‘‘ਜਾਨ ਇੱਕ ਕੰਮ ਕਰੋ। ਸਾਰੇ ਰਿਸ਼ਤੇਦਾਰ ਜਾ ਚੁੱਕੇ ਹਨ। ਅਸੀਂ ਹੋਟਲ ਦੀ ਛੱਤ ਉੱਤੇ ਜਾ ਕੇ ਆਪਣੇ ਦੋਵਾਂ ਦੀ ਇੱਕ ਸੈਲਫੀ ਲਈਏ। ਇੰਨੀ ਭਾਰੀ ਸਜਾਵਟ ਜ਼ਿੰਦਗੀ ਵਿੱਚ ਇੱਕ ਵਾਰ ਹੀ ਹੁੰਦੀ ਹੈ।”
‘‘ਬਹੁਤ ਦੇਰ ਹੋ ਗਈ ਹੈ। ਹੋਟਲ ਵਾਲੇ ਕੀ ਸੋਚਣਗੇ। ਛੱਡੋ ਮੈਨੂੰ ਨੀਂਦ ਆ ਰਹੀ ਹੈ”, ਵਰਗੇ ਤਰਕਾਂ ਨੂੰ ਮੁਗਧਾ ਨੇ ਗਲੇ ਵਿੱਚ ਬਾਹਾਂ ਪਾ ਕੇ ਲਾਂਭੇ ਕਰ ਦਿੱਤਾ। ਉਹ ਦੋਵੇਂ ਕਮਰੇ ਵਿੱਚੋਂ ਨਿਕਲੇ। ਲਿਫਟ ਰਾਹੀਂ ਉਹ ਅੱਠਵੀਂ ਮੰਜ਼ਿਲ 'ਤੇ ਪਹੁੰਚੇ। ਨੌਵੀਂ ਮੰਜ਼ਿਲ 'ਤੇ ਛੱਤ ਸੀ, ਜਿੱਥੇ ਪੌੜੀਆਂ ਚੜ੍ਹ ਕੇ ਜਾਣਾ ਹੁੰਦਾ ਸੀ। ਉਪਰ ਹੋਟਲ ਦੇ ਮੁਲਾਜ਼ਮਾਂ ਦੇ ਲਈ ਕੁਝ ਕਮਰੇ ਬਣੇ ਹੋਏ ਸਨ। ਇਸ ਲਈ ਛੱਤ ਖੁੱਲ੍ਹੀ ਰਹਿੰਦੀ ਸੀ। ਛੱਤ ਦੇ ਬਨੇਰੇ ਨੁਕੀਲੇ ਸਨ। ਕਰਮਚਾਰੀਆਂ ਦੇ ਕਮਰਿਆਂ ਵਿੱਚ ਸੰਨਾਟਾ ਸੀ। ਉਹ ਜਾਂ ਤਾਂ ਹੇਠੋਂ ਉਪਰ ਨਹੀਂ ਆਏ ਸਨ ਜਾਂ ਗਹਿਰੀ ਨੀਂਦ ਵਿੱਚ ਸੌਂ ਚੁੱਕੇ ਸਨ।
ਮੁਗਧਾ ਦੇ ਉਪਰ ਮੋਬਾਈਲ ਅਤੇ ਮੁਹੱਬਤ ਦੀ ਦੀਵਾਨਗੀ ਦਾ ਨਸ਼ਾ ਸੀ। ਉਹ ਛੱਤ ਦੇ ਅਲੱਗ-ਅਲੱਗ ਕੋਨਿਆਂ ਵਿੱਚ ਮਹਾਰਾਣੀ ਅੰਦਾਜ਼ ਵਿੱਚ ਖੜ੍ਹੀ ਹੋ ਕੇ ਫੋਟੋ ਖਿਚਵਾ ਰਹੀ ਸੀ। ਫਿਰ ਉਨ੍ਹਾਂ ਦੋਵਾਂ ਨੇ ਸੈਲਫੀ ਲੈਣੀ ਸ਼ੁਰੂ ਕੀਤੀ।
‘ਨਮਿ ਪਲੀਜ਼ ਆਪਣੇ ਦੋਵਾਂ ਦੇ ਨਾਲ ਚੰਨ ਨੂੰ ਵੀ ਫੋਕਸ ਵਿੱਚ ਲੈ ਲਓ।” ਮੁਗਧਾ ਨੇ ਕਿਹਾ। ਉਹ ਥੋੜ੍ਹੀ ਪਿੱਛੇ ਹਟੀ। ਤਦ ਉਸ ਦੇ ਪੈਰਾਂ ਦਾ ਸੰਤੁਲਨ ਵਿਗੜਿਆ ਅਤੇ ਉਹ ਬਨੇਰੇ ਤੋਂ ਹੇਠਾਂ ਨੌਵੀਂ ਮੰਜ਼ਿਲ ਤੋਂ ਹੇਠਾਂ ਜਾ ਡਿੱਗੀ। ਨਮਿਤ ਨੇ ਉਸ ਨੂੰ ਫੜਨ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਸ ਦੇ ਹੱਥ ਮੁਗਧਾ ਦਾ ਸਿਰਫ ਦੁਪੱਟਾ ਹੀ ਆਇਆ।

Have something to say? Post your comment