Welcome to Canadian Punjabi Post
Follow us on

26

February 2020
ਸੰਪਾਦਕੀ

ਚੋਰਾਂ ਨੂੰ ‘ਜੀ ਆਇਆਂ ਨੂੰ’?

November 27, 2018 09:30 AM

ਪੰਜਾਬੀ ਪੋਸਟ ਸੰਪਾਦਕੀ

ਟੋਰਾਂਟੋ ਵਿੱਚ 5000 ਡਾਲਰ ਤੋਂ ਘੱਟ ਚੋਰੀ ਦੀਆਂ ਵਾਰਦਾਤਾਂ ਨਾਲ ਸਿੱਝਣ ਲਈ ਪੁਲੀਸ ਨੇ 1 ਨਵੰਬਰ ਤੋਂ ਇੱਕ ਨਵਾਂ ਉੱਦਮ ਲਾਗੂ ਕੀਤਾ ਹੈ। ਛੇ ਮਹੀਨੇ ਲਈ ਚੱਲਣ ਵਾਲੇ ਇਸ ਉੱਦਮ ਵਿੱਚ ਪਹਿਲੀ ਚੋਰੀ ਕਰਨ ਦੇ ਦੋਸ਼ ਵਿੱਚ ਫੜੇ ਗਏ ਕਿਸੇ ਵਿਅਕਤੀ ਨੂੰ ਬਿਨਾ ਚਾਰਜ ਕੀਤੇ ਛੱਡ ਦਿੱਤਾ ਜਾਵੇਗਾ। ਪਰਖ ਕਰਨ ਦੇ ਲਿਹਾਜ ਨਾਲ ਨਵਾਂ ਉੱਦਮ ਨੂੰ ਟੋਰਾਂਟੋ ਦੇ ਸੱਭ ਤੋਂ ਜਿ਼ਆਦਾ ਭੀੜ ਭੱੜਕੇ ਅਤੇ ਵਿਉਪਾਰਕ ਮਹੱਤਤਾ ਵਾਲੇ ਦੋ ਇਲਾਕਿਆਂ ਵਿੱਚ ਲਾਗੂ ਕੀਤਾ ਗਿਆ ਹੈ। ਪੁਲੀਸ ਡਿਵੀਜ਼ਨ 51 ਅਤੇ 52 ਵਿੱਚ ਪੈਂਦੇ ਬਲੂਰ ਸਟਰੀਟ ਸਾਊਥ ਤੋਂ ਸਪੈਡਾਈਨਾ ਐਵੇਨਿਊ ਈਸਟ ਤੋਂ ਡੌਨ ਰਿਵਰ ਈਸਟ ਤੱਕ ਦੇ ਇਲਾਕੇ ਇਸ ਨਵੇਂ ਪ੍ਰਯੋਗ ਲਈ ਵਰਤੇ ਜਾਣਗੇ। ਜੇ 6 ਮਹੀਨਿਆਂ ਦਾ ਇਹ ਉੱਦਮ ਸਫ਼ਲ ਰਿਹਾ ਤਾਂ ਇਸਨੂੰ ਸਥਾਈ ਫੀਚਰ ਬਣਾ ਦਿੱਤਾ ਜਾਵੇਗਾ।

 

ਪਿਛਲੇ ਕਈ ਸਾਲਾਂ ਤੋਂ ਟੋਰਾਂਟੋ ਵਿੱਚ ਸ਼ਾਪਲਿਫਟਿੰਗ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇੱਕਲੇ 2018 ਵਿੱਚ ਜਨਵਰੀ ਤੋਂ ਅਕਤੂਬਰ ਤੱਕ 16,667 ਸ਼ੌਪਲਿਫਟਿੰਗ ਦੀਆਂ ਵਾਰਦਾਤਾਂ ਰਿਕਾਰਡ ਕੀਤੀਆਂ ਜਾ ਚੁੱਕੀਆਂ ਹਨ। ਬਹੁਤ ਸਾਰੇ ਟੋਰਾਂਟੋ ਵਾਸੀ ਉਮੀਦ ਕਰਦੇ ਸਨ ਕਿ ਪੁਲੀਸ ਇਹਨਾਂ ਚੋਰੀਆਂ ਨੂੰ ਨੱਥ ਪਾਉਣ ਲਈ ਕਰੜੇ ਕਦਮ ਚੁੱਕੇਗੀ ਪਰ... ਹੋਇਆ ਕੁੱਝ ਵੱਖਰਾ ਹੈ। ਨਵੰਬਰ ਤੋਂ ਅਗਲੇ ਸਾਲ ਅਪਰੈਲ ਤੱਕ ਸ਼ਨਾਖਤ ਕੀਤੀਆਂ ਗਈਆਂ ਦੋ ਪੁਲੀਸ ਡਿਵੀਜ਼ਨਾਂ ਵਿੱਚ ਕਿਸੇ ਦੁਕਾਨ ਉੱਤੇ ਚੋਰੀ ਹੋਣ ਦੇ ਸੂਰਤ ਵਿੱਚ ਪੁਲੀਸ ਚੋਰੀ ਦੀ ਘਟਨਾ ਉੱਤੇ ਨਹੀਂ ਜਾਵੇਗੀ। ਸ਼ਾਪਿੰਗ ਮਾਲਾਂ ਵਿੱਚ ਤਾਇਤਾਨ ਸਿਕਿਉਰਿਟੀ ਗਾਰਡਾਂ ਕੋਲ ਅਧਿਕਾਰ ਹੋਣਗੇ ਕਿ ਉਹ ਚੋਰ ਤੋਂ ਮੁੱਢਲੀ ਜਾਣਕਾਰੀ ਪ੍ਰਾਪਤ ਕਰਕੇ ਉਸਨੂੰ ਛੱਡ ਦੇਣ।

 

ਚੋਰੀ ਕਰਨ ਤੋਂ ਬਾਅਦ ਬਿਨਾ ਪੁਲੀਸ ਦੇ ਦਰਸ਼ਨ ਕੀਤਿਆਂ ਛੁੱਟਣ ਵਾਸਤੇ ਤੁਹਾਨੂੰ 18 ਸਾਲ ਜਾਂ ਇਸਤੋਂ ਵੱਧ ਉਮਰ ਦਾ ਹੋਣਾ ਚਾਹੀਦਾ ਹੈ, ਤੁਹਾਡੀ ਪਹਿਲੀ ਚੋਰੀ ਹੋਵੇ ਅਤੇ ਚੋਰੀ 1000 ਡਾਲਰ ਤੋਂ ਘੱਟ ਕੀਮਤ ਦੀ ਹੋਣੀ ਚਾਹੀਦੀ ਹੈ। ਦੂਜੇ ਪਾਸੇ ਨੁਕਸਾਨ ਕਰਵਾ ਚੁੱਕੇ ਵਿਉਪਾਰੀ ਲਈ ਲਾਜ਼ਮੀ ਹੋਵੇਗਾ ਕਿ ਚੋਰੀ ਹੋਈ ਵਸਤ ਦੀ ਸ਼ਨਾਖਤ ਭਾਵ ਆਈਡੈਂਟੀਫੀਕੇਸ਼ਨ ਉਸ ਕੋਲ ਹੋਵੇ ਨਹੀਂ ਤਾਂ ਪੁਲੀਸ ਤੁਹਾਡੇ ਨਾਲ ਗੱਲ ਤੱਕ ਨਹੀਂ ਕਰੇਗੀ। ਸੁਆਲ ਹੈ ਕਿ ਗਰੌਸਰੀ, ਕੱਪੜੇ ਜਾਂ ਜਵਾਹਰਾਤ ਆਦਿ ਵਸਤਾਂ ਦੀ ਸ਼ਨਾਖਤ ਵਿਉਪਾਰੀ ਕਿਵੇਂ ਪੈਦਾ ਕਰਨਗੇ। ਵੈਸੇ ਜੇ ਲੋੜ ਪਵੇ ਤਾਂ ਪੁਲੀਸ ਬਾਅਦ ਵਿੱਚ ਚੋਰ ਨੂੰ ਚਾਰਜ ਵੀ ਕਰ ਸਕਦੀ ਹੈ ਪਰ ਅਜਿਹਾ ਹੋਣ ਦੀਆਂ ਸੰਭਾਵਨਾਵਾਂ ਬਹੁਤ ਘੱਟ ਹਨ।

 

ਬੀਤੇ ਦਿਨੀਂ ਮਾਲਟਨ ਵਿੱਚ ਏਅਰਪੋਰਟ ਰੋਡ ਉੱਤੇ ਅਸ਼ੋਕਾ ਜਿਊਲਰਜ਼ ਵਿੱਚ ਚੋਰਾਂ ਨੇ ਗੰਨ ਲੈ ਕੇ ਦਾਖ਼ਲ ਹੋਣ ਦੀ ਕੋਸਿ਼ਸ਼ ਕੀਤੀ ਸੀ। ਸਟੋਰ ਮਾਲਕਾਂ ਨੂੰ ਤਲਵਾਰਾਂ ਦੇ ਜੋਰ ਨਾਲ ਚੋਰਾਂ ਨੂੰ ਭਜਾਉਣਾ ਪਿਆ। ਸਿਕਿਉਰਿਟੀ ਕੈਮਰੇ ਵਿੱਚ ਬਣੀ ਇਸ ਵਾਰਦਾਤ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਈ। ਸਟੋਰ ਦੀ ਮੈਨਜਮੈਂਟ ਨੂੰ ਹਿੰਮਤ/ਦਲੇਰੀ ਨਾਲ ਚੋਰਾਂ ਦਾ ਮੁਕਾਬਲਾ ਕਰਨ ਲਈ ਹੱਲਾਸ਼ੇਰੀ ਦੇਣ ਦੀ ਥਾਂ ਪੀਲ ਪੁਲੀਸ ਦਾ ਬਿਆਨ ਸੀ ਕਿ ਉਹ ਅਜਿਹੀ ਪਹੁੰਚ ਨੂੰ ਉਤਸ਼ਾਹਿਤ ਨਹੀਂ ਕਰਦੀ। ‘ਜਾਨ ਬਚੀ ਤਾਂ ਲੱਖਾਂ ਦਾ ਲਾਭ’ ਦੇ ਮੁਹਾਵਰੇ ਮੁਤਾਬਕ ਪੁਲੀਸ ਦੇ ਬਿਆਨ ਨੂੰ ਦਰੁਸਤ ਆਖਿਆ ਜਾ ਸਕਦਾ ਹੈ ਪਰ ਜਿਸ ਵਿਉਪਾਰੀ ਦੀ ਰੋਟੀ ਰੋਜੀ ਦਾਅ ਉੱਤੇ ਲੱਗੀ ਹੋਵੇ, ਉਹ ਚੋਰਾਂ ਨੂੰ ਸ਼ਰੇਆਮ ਅੱਖਾਂ ਸਾਹਵੇਂ ਚੋਰੀ ਕਿਵੇਂ ਹੋਣ ਦੇਵੇ?

 

ਇੱਕਲਾ ਟੋਰਾਂਟੋ ਹੀ ਕਿਉਂ, ਬਰੈਂਪਟਨ/ਮਿਸੀਸਾਗਾ ਵਿੱਚ ਵੀ ਚੋਰੀ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਹੋ ਰਿਹਾ ਵਾਧਾ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ। ਹਾਲੇ ਸਤੰਬਰ 2018 ਵਿੱਚ ਪੀਲ ਰੀਜਨਲ ਪੁਲੀਸ ਨੇ ਇੱਕ ਮੀਡੀਆ ਅਡਵਾਈਜ਼ਰੀ ਭਾਵ ਜਨਤਕ ਚੇਤਾਵਨੀ ਜਾਰੀ ਕਰਕੇ ਲੋਕਾਂ ਨੂੰ ਸੁਚੇਤ ਕੀਤਾ ਸੀ ਕਿ ਘਰਾਂ ਵਿੱਚ ਵੱਧ ਗਈਆਂ ਚੋਰੀਆਂ ਦੇ ਮੱਦੇਨਜ਼ਰ ਪਬਲਿਕ ਨੂੰ ਸੁਚੇਤ ਰਹਿਣ ਦੀ ਲੋੜ ਹੈ। ਪੁਲੀਸ ਨੇ ਇਹ ਜਾਣਕਾਰੀ ਸਾਂਝੀ ਨਹੀਂ ਕੀਤੀ ਕਿ ਅਸਲ ਵਿੱਚ ਚੋਰੀ ਚਕੱਾਰੀ ਦੀਆਂ ਕਿੰਨੀਆਂ ਵਾਰਦਾਤਾਂ ਹੋਈਆਂ ਹਨ ਜਿਹਨਾਂ ਕਾਰਣ ਜਨਤਕ ਚੇਤਾਵਨੀ ਦੇਣੀ ਪਈ ਪਰ ਪੁਲੀਸ ਦੀ ਸਾਲਾਨਾ ਰਿਪੋਰਟ ਜਰੂਰ ਕਈ ਪੱਖਾਂ ਉੱਤੇ ਚਾਨਣਾ ਪਾਉਂਦੀ ਹੈ।

 

ਪੀਲ ਪੁਲੀਸ ਦੀ ਸਾਲਾਨਾ ਰਿਪੋਰਟ ਨੂੰ ਵਾਚਿਆਂ ਪਤਾ ਲੱਗਦਾ ਹੈ ਕਿ 2017 ਵਿੱਚ ਪੀਲ ਰੀਜਨ ਵਿੱਚ 5 ਹਜ਼ਾਰ ਡਾਲਰ ਤੋਂ ਵੱਧ ਦੀਆਂ 13,482 ਵਾਰਦਾਤਾਂ ਹੋਈਆਂ। ਪੁਲੀਸ ਵੱਲੋਂ 70% ਚੋਰੀਆਂ ਦੀ ਕੋਈ ਉੱਘ ਸੁੱਘ ਤੱਕ ਨਹੀਂ ਲਾਈ ਜਾ ਸਕੀ। 2484 ਵਾਹਨ ਚੋਰੀ ਹੋਏ ਜਿਹਨਾਂ ਵਿੱਚੋਂ ਪੁਲੀਸ ਸਿਰਫ਼ 9% ਦਾ ਖੁਰਾ ਖੋਜ ਕੱਢ ਸਕੀ। ਜੇ ਵੱਡੀਆਂ ਚੋਰੀਆਂ ਫੜਨ ਦੇ ਇਹ ਅੰਕੜੇ ਹਨ ਤਾਂ ਛੋਟੀਆਂ ਮੋਟੀਆਂ ਚੋਰੀਆਂ ਪਿੱਛੇ ਪੁਲੀਸ ਕਿਵੇਂ ਭੱਜ ਸਕੇਗੀ? ਮਿਉਂਸੀਪਲ ਚੋਣਾਂ ਵਿੱਚ ਸਾਰੇ ਉਮੀਦਵਾਰ ਜੁਰਮ ਨਾਲ ਸਿੱਝਣ ਲਈ ਵੱਧ ਨਫ਼ਰੀ ਲਿਆਉਣ ਦੀਆਂ ਗੱਲਾਂ ਕਰਦੇ ਰਹੇ ਹਨ। ਸੁਆਲ ਉੱਠਦਾ ਹੈ ਕਿ ਕੀ ਟੋਰਾਂਟੋ ਪੁਲੀਸ ਜਾਂ ਹੋਰ ਪੁਲੀਸ ਫੋਰਸਾਂ ਵੱਲੋਂ ਚੋਰਾਂ ਨੂੰ ਬਿਨਾ ਕਿਸੇ ਸਜ਼ਾ ਤੋਂ ਛੱਡ ਦੇਣ ਨਾਲ ਛੋਟੀ ਉਮਰ ਦੇ ਚੋਰਾਂ ਵਿੱਚ ਵੱਡੀਆਂ ਚੋਰੀਆਂ ਕਰਨ ਦਾ ਹੀਆ ਨਹੀਂ ਵਧੇਗਾ?

 

Have something to say? Post your comment