ਵਾਸ਼ਿੰਗਟਨ, 22 ਨਵੰਬਰ (ਪੋਸਟ ਬਿਊਰੋ) : ਅਮਰੀਕਾ ਵਿੱਚ ਕੋਵਿਡ-19 ਵੈਕਸੀਨੇਸ਼ਨ ਸਬੰਧੀ ਪ੍ਰੋਗਰਾਮ ਦਸੰਬਰ ਦੇ ਸ਼ੁਰੂ ਵਿੱਚ ਜੰਗੀ ਪੱਧਰ ਉੱਤੇ ਸ਼ੁਰੂ ਕੀਤੇ ਜਾਣ ਦੀ ਸੰਭਾਵਨਾ ਹੈ| ਸਰਕਾਰ ਦੇ ਕਰੋਨਾਵਾਇਰਸ ਵੈਕਸੀਨ ਐਫਰਟ ਦੇ ਮੁਖੀ ਨੇ ਆਖਿਆ ਕਿ ਅਮਰੀਕਾ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਹੋ ਰਹੇ ਰਿਕਾਰਡ ਤੋੜ ਵਾਧੇ ਦੇ ਮੱਦੇਨਜ਼ਰ ਇਹ ਫੈਸਲਾ ਕੀਤਾ ਗਿਆ ਹੈ|
ਪਿਛਲੇ ਸਾਲ ਦੇ ਅੰਤ ਵਿੱਚ ਚੀਨ ਤੋਂ ਸੁæਰੂ ਹੋਏ ਇਸ ਵਾਇਰਸ ਕਾਰਨ ਦੁਨੀਆ ਭਰ ਵਿੱਚ ਕੀਮਤੀ ਜਾਨਾਂ ਦਾ ਕਾਫੀ ਹਰਜਾ ਹੋਇਆ ਹੈ ਪਰ ਸੱਭ ਤੋਂ ਵੱਧ, 255,000 ਮੌਤਾਂ ਇੱਕਲੇ ਅਮਰੀਕਾ ਵਿੱਚ ਹੋਈਆਂ ਹਨ| ਵੈਕਸੀਨੇਸ਼ਨ ਦੀ ਵਰਤੋਂ ਵਾਇਰਸ ਖਿਲਾਫ ਵਿੱਢੀ ਗਈ ਜੰਗ ਦਾ ਅਹਿਮ ਟਰਨਿੰਗ ਪੁਆਇੰਟ ਹੋ ਸਕਦੀ ਹੈ| ਯੂਐਸ ਦੇ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਦੇ ਮੌਨਸੈੱਫ ਸਲਾਓਈ ਨੇ ਦੱਸਿਆ ਕਿ ਮਨਜ਼ੂਰੀ ਮਿਲਣ ਤੋਂ ਬਾਅਦ 24 ਘੰਟੇ ਦੇ ਅੰਦਰ ਅੰਦਰ ਵੈਕਸੀਨਜ਼ ਨੂੰ ਇਮਿਊਨਾਈਜ਼ੇਸਲਨ ਸਾਈਟਸ ਉੱਤੇ ਪਹੁੰਚਾਉਣਾ ਹੀ ਸਾਡਾ ਟੀਚਾ ਹੈ| ਵੈਕਸੀਨੇਸ਼ਨ ਲਈ 11 ਤੇ 12 ਦਸੰਬਰ ਤਰੀਕਾਂ ਤੈਅ ਹੋ ਸਕਦੀਆਂ ਹਨ|
ਐਫਡੀਏ ਵੈਕਸੀਨ ਸਲਾਹਕਾਰਾਂ ਵੱਲੋਂ 10 ਦਸੰਬਰ ਨੂੰ ਇਨ੍ਹਾਂ ਵੈਕਸੀਨਜ਼ ਨੂੰ ਮਨਜ਼ੂਰੀ ਦੇਣ ਲਈ ਮੁਲਾਕਾਤ ਕੀਤੇ ਜਾਣ ਦੀ ਸੰਭਾਵਨਾ ਹੈ| ਜ਼ਿਕਰਯੋਗ ਹੈ ਕਿ ਫਾਈਜ਼ਰ ਤੇ ਮੌਡਰਨਾ ਵਰਗੀਆਂ ਨਾਮੀਂ ਫਾਰਮਾਸਿਊਟੀਕਲ ਕੰਪਨੀਆਂ ਵੱਲੋਂ ਤਿਆਰ ਕੀਤੀ ਗਈ ਕੋਵਿਡ-19 ਸਬੰਧੀ ਵੈਕਸੀਨ ਨੂੰ 95 ਫੀ ਸਦੀ ਕਾਰਗਰ ਦੱਸਿਆ ਜਾ ਰਿਹਾ ਹੈ| ਇੱਥੇ ਦੱਸਣਾ ਬਣਦਾ ਹੈ ਕਿ ਦੁਨੀਆ ਭਰ ਵਿੱਚ ਇਸ ਸਾਲ ਕਰੋਨਾਵਾਇਰਸ ਕਾਰਨ 1æ4 ਮਿਲੀਅਨ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਘੱਟੋ ਘੱਟ 58 ਮਿਲੀਅਨ ਮਾਮਲੇ ਰਜਿਸਟਰ ਕੀਤੇ ਜਾ ਚੁੱਕੇ ਹਨ|
ਸਲਾਓਈ ਦੇ ਅੰਦਾਜ਼ੇ ਮੁਤਾਬਕ ਦਸੰਬਰ ਵਿੱਚ ਅਮਰੀਕਾ ਭਰ ਦੇ 20 ਮਿਲੀਅਨ ਲੋਕਾਂ ਨੂੰ ਵੈਕਸੀਨੇਟ ਕੀਤਾ ਜਾ ਸਕੇਗਾ ਤੇ ਉਸ ਤੋਂ ਬਾਅਦ ਹਰ ਮਹੀਨੇ 30 ਮਿਲੀਅਨ ਲੋਕਾਂ ਨੂੰ ਵੈਕਸੀਨੇਟ ਕੀਤਾ ਜਾ ਸਕੇਗਾ| ਉਨ੍ਹਾਂ ਆਖਿਆ ਕਿ ਮਈ ਤੱਕ 70 ਫੀ ਸਦੀ ਅਬਾਦੀ ਦੇ ਵੈਕਸੀਨੇਟ ਹੋ ਜਾਣ ਤੋਂ ਬਾਅਦ ਅਮਰੀਕਾ ਵਿੱਚ ਵਾਇਰਸ ਤੇਜ਼ੀ ਨਾਲ ਫੈਲਣ ਵਿੱਚ ਅਸਮਰੱਥ ਹੋ ਜਾਵੇਗਾ ਤੇ ਲੋਕਾਂ ਦੀ ਇਮਿਊਨਿਟੀ ਮਜ਼ਬੂਤ ਹੋ ਜਾਵੇਗੀ| ਫਿਰ ਲੋਕ ਕਰੋਨਾਵਾਇਰਸ ਤੋਂ ਪਹਿਲਾਂ ਵਰਗੀ ਜ਼ਿੰਦਗੀ ਜੀਅ ਸਕਣਗੇ|