Welcome to Canadian Punjabi Post
Follow us on

08

May 2024
ਬ੍ਰੈਕਿੰਗ ਖ਼ਬਰਾਂ :
ਡਾ. ਧਰਮਵੀਰ ਗਾਂਧੀ ਨੇ ਪਟਿਆਲਾ ਸੀਟ ਤੋਂ ਨਾਮਜ਼ਦਗੀ ਪੱਤਰ ਕੀਤਾ ਦਾਖਲਪਟਿਆਲਾ 'ਚ ਬਾਲਟੀ 'ਚ ਡੁੱਬਕੇ 2 ਸਾਲਾ ਬੱਚੇ ਦੀ ਮੌਤ, ਬਾਥਰੂਮ ਵਿੱਚ ਖੇਡਦੇ ਹੋਏ ਵਾਪਰੀ ਘਟਨਾਹਰ ਸਿੱਖ 5 ਬੱਚੇ ਪੈਦਾ ਕਰੇ, ਜੇ ਸੰਭਾਲ ਨਹੀਂ ਸਕਦੇ ਤਾਂ ਇੱਕ ਬੱਚਾ ਖੁਦ ਰੱਖੋ, 4 ਮੈਨੂੰ ਦੇ ਦਿਓ : ਗਿਆਨੀ ਹਰਨਾਮ ਸਿੰਘ ਧੁੰਮਾਵਲਾਦੀਮੀਰ ਪੁਤਿਨ ਨੇ ਸਹੁੰ ਚੁੱਕੀ, ਰੂਸ ਦੇ ਰਾਸ਼ਟਰਪਤੀ ਵਜੋਂ ਆਪਣਾ 5ਵਾਂ ਕਾਰਜਕਾਲ ਕੀਤਾ ਸ਼ੁਰੂਐਸਟਰਾਜ਼ੇਨੇਕਾ ਨੇ ਦੁਨੀਆਂ ਭਰ ਤੋਂ ਕੋਵਿਡ ਵੈਕਸੀਨ ਵਾਪਿਸ ਮੰਗਵਾਈਭਾਰਤੀਆਂ ਨੂੰ ਰੂਸ-ਯੂਕਰੇਨ ਜੰਗ 'ਚ ਭੇਜਣ ਵਾਲੇ 4 ਮੁਲਜ਼ਮ ਗ੍ਰਿਫ਼ਤਾਰਉਨ੍ਹਾਂ ਨੇ ਮੈਨੂੰ ਆਪਣੇ ਕਮਰੇ 'ਚ ਰੋਕਿਆ ਸੀ, ਪੋਰਨ ਸਟਾਰ ਦੀ ਟਰੰਪ ਖਿਲਾਫ ਗਵਾਹੀ51 ਭਾਰਤੀ ਫੌਜੀ ਮਾਲਦੀਵ ਤੋਂ ਭਾਰਤ ਪਰਤੇ, ਭਾਰਤ ਦੌਰੇ 'ਤੇ ਆਉਣਗੇ ਮਾਲਦੀਵ ਦੇ ਵਿਦੇਸ਼ ਮੰਤਰੀ
 
ਨਜਰਰੀਆ

ਰੋਂਦੀਆਂ ਰੁੱਤਾਂ ਵਾਲੇ

November 12, 2020 08:34 AM

-ਕੁਲਦੀਪ ਸਿੰਘ ਧਨੌਲਾ
ਉਹਦਾ ਨਾਂਅ ਤਾਂ ਅਜੈਬ ਸਿੰਘ ਸੀ, ਪਰ ਸਾਰੇ ਉਹਨੂੰ ਜੈਬਾ ਕਹਿ ਕੇ ਬੁਲਾਉਂਦੇ ਸਨ। ਉਹਦਾ ਕੱਦ ਮੱਧਰਾ ਸੀ ਤੇ ਖੱਬੀ ਪੱਗ ਬੰਨ੍ਹਦਾ ਸੀ। ਗਾਲੜੀ ਹੋਣ ਕਾਰਨ ਉਹ ਸਾਰਿਆਂ ਨਾਲ ਬੜੀ ਛੇਤੀ ਘੁਲਮਿਲ ਗਿਆ। ਥੋੜ੍ਹੀ ਦੇਰ ਪਿੱਛੋਂ ਇਉਂ ਲੱਗਣ ਲੱਗਿਆ ਜਿਵੇਂ ਉਹ ਮੁੱਢ ਤੋਂ ਹੀ ਸਾਡੇ ਨਾਲ ਪੜ੍ਹਦਾ ਆਇਆ ਹੋਵੇ।
ਗੱਲ ਕਈ ਦਹਾਕੇ ਪੁਰਾਣੀ ਹੈ, ਜਦੋਂ ਅਸੀਂ ਪ੍ਰਾਇਮਰੀ ਸਕੂਲ ਤੋਂ ਬਾਅਦ ਵੱਡੇ ਸਕੂਲ (ਛੇਵੀਂ ਤੋਂ ਦਸਵੀਂ ਵਾਲੇ) ਵਿੱਚ ਦਾਖਲ ਹੋਏ ਸੀ। ਪਿੰਡ ਵੱਡਾ ਹੋਣ ਕਰ ਕੇ ਪ੍ਰਾਇਮਰੀ ਸਕੂਲ ਕਈ ਸਨ, ਜਿਹੜੇ ਸਰਕਾਰੀ ਇਮਾਰਤਾਂ ਵਾਲੇ ਘੱਟ, ਪਰ ਹਰ ਅਗਵਾੜ (ਪੱਤੀ), ਮੁਹੱਲੇ ਦੀਆਂ ਧਰਮਸ਼ਾਲਾਵਾਂ (ਥਾਈਆਂ) ਵਿੱਚ ਜ਼ਿਆਦਾ ਸਨ, ਪਰ ਪੰਜਵੀਂ ਤੋਂ ਬਾਅਦ ਵੱਡਾ ਸਕੂਲ ਇੱਕੋ ਸੀ। ਇਹ ਉਸ ਸਮੇਂ ਪਿੰਡੋਂ ਬਾਹਰਵਾਰ ਹੁੰਦਾ ਸੀ, ਅੱਜਕੱਲ੍ਹ ਆਬਾਦੀ ਵਧਣ ਕਾਰਨ ਇਹ ਪਿੰਡ ਦੇ ਅੰਦਰ ਸਮਾ ਗਿਆ ਹੈ। ਲੜਕੀਆਂ ਵਾਲਾ ਸਕੂਲ ਬਾਜ਼ਾਰ ਵਿੱਚ ਸੀ। ਲੜਕੇ-ਲੜਕੀਆਂ ਲਈ ਅਲੱਗ ਸਕੂਲ ਰਿਆਸਤਾਂ ਵੇਲੇ ਨੌਂ ਮਾਰਚ 1936 ਨੂੰ ਗ੍ਰਹਿ ਮੰਤਰੀ ਰਾਜਾ ਗਿਆਨ ਨਾਥ ਨੇ ਬਣਵਾਏ ਸਨ। ਉਦੋਂ ਕੁ ਸਰਕਾਰੀ ਹਸਪਤਾਲ ਅਤੇ ਵੈਟਰਨਰੀ ਹਸਪਤਾਲ ਵੀ ਖੁੱਲ੍ਹੇ ਸਨ। ਲੋਕਾਂ ਨੂੰ ਇਹ ਕਹਿੰਦਿਆਂ ਆਮ ਸੁਣੀਂਦਾ ਸੀ ਕਿ ਅੰਗਰੇਜ਼ 100 ਸਾਲ ਅੱਗੇ ਦੀ ਸੋਚਦੇ ਸਨ, ਇਨ੍ਹਾਂ ਇਮਾਰਤਾਂ ਨੂੰ ਦੇਖ ਕੇ ਇਹ ਗੱਲ ਸੱਚ ਜਾਪਦੀ ਸੀ। ਕੀ ਮਜਾਲ ਕਿ ਮੀਂਹ ਦਾ ਪਾਣੀ ਇਨ੍ਹਾਂ ਅੰਦਰ ਵੜ ਜਾਵੇ, ਜ਼ਮੀਨ ਤੋਂ ਚਾਰ-ਪੰਜ ਫੁੱਟ ਉਚੀਆਂ ਪੌੜੀਆਂ ਬਣਾਈਆਂ ਹੋਈਆਂ ਸਨ।
ਛੇਵੀਂ ਵੇਲੇ ਇਸ ਵੱਡੇ ਸਕੂਲ ਵਿੱਚ ਸਾਡੇ ਪਿੰਡ ਤੋਂ ਇਲਾਵਾ ਆਲੇ-ਦੁਆਲੇ ਦੇ ਪਿੰਡਾਂ ਦਾਨਗੜ੍ਹ, ਉਪਲੀ, ਕੱਟੂ, ਭੱਠਲਾਂ, ਕਾਲੇਕੇ, ਭੈਣੀ ਜੱਸਾ, ਕਾਹਨੇ-ਕੇ, ਅਤਰ ਸਿੰਘ ਵਾਲਾ ਦੇ ਬੱਚੇ ਵੀ ਪੜ੍ਹਨ ਆਉਂਦੇ ਸਨ। ਕੱਚੇ ਪਹੇ ਹੋਣ ਕਾਰਨ ਭੱਠਲਾਂ, ਬੈਣੀ ਜੱਸਾ ਅਤੇ ਕਾਹਨੇ-ਕੇ ਵਾਲੇ ਸਾਈਕਲਾਂ ਉਤੇ ਸੂਏ ਦੀ ਪਟੜੀ ਆਉਂਦੇ-ਜਾਂਦੇ ਸਨ। ਉਸ ਸਮੇਂ ਸੂਏ ਦੀ ਪਟੜੀ ਜੀ ਟੀ ਰੋਡ ਵਰਗੀ ਹੁੰਦੀ ਸੀ। ਅੱਜਕੱਲ੍ਹ ਸੂਏ, ਕੱਸੀਆਂ ਦੀਆਂ ਪਟੜੀਆਂ ਪੈਦਲ ਚੱਲਣ ਯੋਗ ਵੀ ਨਹੀਂ ਰਹੀਆਂ, ਉਦੋਂ ਇਨ੍ਹਾਂ ਦੀ ਬੜੀ ਸਾਂਭ-ਸੰਭਾਲ ਹੁੰਦੀ ਸੀ। ਅਜੈਬ ਸਿੰਘ ਸਾਡੇ ਨਾਲ ਛੇਵੀਂ ਜਮਾਤ ਵਿੱਚ ਪੜ੍ਹਨ ਲੱਗਿਆ ਸੀ। ਉਹਦਾ ਪਿੰਡੇ ਮਾਨਸਾ ਵੱਲ ਸੀ ਅਤੇ ਸਾਡੇ ਪਿੰਡ ਉਹਦੀ ਭੂਆ ਸੀ। ਦਸਵੀਂ ਤੱਕ ਉਹ ਸਾਡੇ ਨਾਲ ਪੜ੍ਹਿਆ ਸੀ। ਉਸ ਤੋਂ ਬਾਅਦ ਪੰਛੀਆਂ ਦੇ ਬੋਟਾਂ ਦੇ ਆਲ੍ਹਣੇ ਵਿੱਚੋਂ ਉਡਣ ਵਾਂਗ ਸਾਡੇ ਸਾਰਿਆਂ ਦੇ ਰਾਹ ਵੱਖ-ਵੱਖ ਹੋ ਗਏ। ਇੱਕ ਦੂਜੇ ਨੂੰ ਭੁੱਲ-ਭੁਲਾ ਵੀ ਗਏ। ਉਦੋਂ ਕਿਹੜਾ ਅੱਜਕੱਲ੍ਹ ਵਾਂਗ ਫੋਨ ਜਾਂ ਫੇਸਬੁੱਕ ਵਾਲੀਆਂ ਸੰਪਰਕ-ਸਹੂਲਤਾਂ ਹੁੰਦੀਆਂ ਸਨ।
ਇੱਕ ਦਿਨ ਅਖਬਾਰ ਵਿੱਚ ਛਪਿਆ ਮੇਰਾ ਫੀਚਰ ਪੜ੍ਹ ਕੇ ਅਜੈਬ ਸਿੰਘ ਦਾ ਟੈਲੀਫੋਨ ਆਇਆ। ਉਹ ਇੰਨੇ ਚਿਰ ਬਾਅਦ ਪ੍ਰਗਟ ਹੋ ਗਿਆ ਸੀ, ਖੁਸ਼ੀ ਵੀ ਹੋਈ, ਹੈਰਾਨੀ ਵੀ। ਗੱਲਾਂਬਾਤਾਂ ਦੌਰਾਨ ਪਤਾ ਲੱਗਾ ਕਿ ਪੰਜਾਬ ਵਿੱਚ ਖਾੜਕੂਵਾਦ ਦੇ ਦੌਰ ਵਿੱਚ ਉਹ ਮਸਤੂਆਣੇ ਕਾਲਜ ਵਿੱਚ ਪੜ੍ਹਦਾ ਸੀ। ਉਹਦਾ ਅਜਿਹੀ ਕਿਸੇੇ ਜਥੇਬੰਦੀ ਨਾਲ ਕੋਈ ਮੇਲਜੋਲ ਵੀ ਨਹੀਂ ਸੀ, ਪਰ ਪੁਲਸ ਦੇ ਖਾਨਿਆਂ ਵਿੱਚ ਉਹਦਾ ਨਾਂਅ ਪਤਾ ਨਹੀਂ ਕਿਵੇਂ ਚੜ੍ਹ ਗਿਆ। ਮੁੱਕਦੀ ਗੱਲ, ਹੱਥ-ਪੈਰ ਮਾਰ ਕੇ ਉਹ ਜਿਵੇਂ ਕਿਵੇਂ ਵਿਦੇਸ਼ ਉਡਾਰੀ ਮਾਰ ਗਿਆ। ਉਥੇ ਉਹਦਾ ਵਿਆਹ ਹੋਇਆ ਅਤੇ ਫਿਰ ਵਿਹੜੇ ਵਿੱਚ ਨਿਆਣੇ ਖੇਡਣ ਲੱਗੇ। ਉਹਦਾ ਇਹ ਦੱਸਦੇ ਗੱਚ ਭਰ ਆਇਆ, ‘‘ਘਰ ਵਾਲੀ ਬੱਚਿਆਂ ਨੂੰ ਲੈ ਕੇ ਇੰਡੀਆ ਜਾ ਆਉਂਦੀ ਆ, ਬੱਸ ਮੈਂ ਨਹੀਂ ਆ ਸਕਦਾ।” ਉਹਦਾ ਗੱਚ ਹਟਕੋਰਿਆ ਵਿੱਚ ਵਟ ਗਿਆ। ਕਹਿੰਦਾ, ‘‘ਉਦੋਂ ਹਾਲਾਤ ਹੀ ਐਸੇ ਸਨ, ਬਾਹਰ ਨਾ ਆਉਂਦਾ ਤਾਂ ਸ਼ਾਇਦ ਹੋਰ ਮੁੰਡਿਆਂ ਵਾਂਗ ਮੈਂ ਵੀ ਕਿਤੇ ਮਰ-ਖਪ ਜਾਂਦਾ।” ਪਹਿਲੇ ਦਿਨ ਉਹ ਰੋਇਆ ਵੱਧ, ਗੱਲਾਂ ਘੱਟ ਹੀ ਹੋਈਆਂ। ਮੇਰੇ ਕੋਲ ਉਹਨੂੰ ਤਸੱਲੀ ਦੇਣ ਲਈ ਕੁਝ ਨਹੀਂ ਸੀ। ਆਖਰ ਫੋਨ ਕੱਟਿਆ ਗਿਆ। ਮੈਂ ‘‘ਹੈਲੋ ਹੈਲੋ” ਕਰਦਾ ਰਹਿ ਗਿਆ। ਸ੍ਰੀਮਤੀ ਪੁੱਛਣ ਲੱਗੀ, ‘‘ਕੀਹਦਾ ਫੋਨ ਸੀ?” ਮੈਂ ਨਮ ਅੱਖਾਂ ਦੇ ਕੋਏ ਪੂੰਝਦਾ ਕਹਿਣ ਲੱਗਿਆ, ‘‘ਸਾਡੇ ਨਾਲ ਇੱਕ ਮੁੰਡਾ ਪੜ੍ਹਦਾ ਹੁੰਦਾ ਸੀ, ਇੰਨੇ ਚਿਰ ਬਾਅਦ ਬਾਹਰੋਂ ਬੋਲ ਰਿਹਾ ਸੀ।”
ਫਿਰ ਅਜੈਬ ਸਿੰਘ ਮਹੀਨੇ, ਦੋ ਮਹੀਨਿਆਂ ਬਾਅਦ ਫੋਨ ਕਰਨ ਲੱਗਿਆ। ਹੋਰ ਗੱਲਾਂਬਾਤਾਂ ਤੋਂ ਇਲਾਵਾ ਉਹਦੀ ਗੱਲਬਾਤ ਦਾ ਧੁਰਾ ਜ਼ਿਆਦਾਤਰ ਵੱਡੇ ਸਕੂਲ ਦੁਆਲੇ ਘੁੰਮਦਾ ਰਹਿੰਦਾ। ਉਹਨੂੰ ਉਹ ਕਮਰਾ, ਮੇਜ਼ ਜਿੱਥੇ ਅਸੀਂ ਬੈਠਦੇ ਸੀ ਯਾਦ ਆਉਂਦੇ ਸਨ। ਸਾਇੰਸ ਮਾਸਟਰ ਗੁਪਤਾ ਜੀ ਚੇਤੇ ਵਿੱਚ ਉਭਰਦੇ, ਜਿਹੜੇ ਸ਼ਨੀਵਾਰ ਨੂੰ ਹਾਲ ਕਮਰੇ ਵਿੱਚ ਸਾਰੇ ਸਕੂਲ ਨੂੰ ਫਿਲਮ ਦਿਖਾਉਂਦੇ ਹੁੰਦੇ ਸਨ। ਪੰਜਾਬੀ ਮਾਸਟਰ ਤਰਸੇਮ ਲਾਲ, ਜਿਹੜੇ ਲਾਲਾ ਲਾਜਪਤ ਰਾਏ ਬਾਰੇ ਕਵਿਤਾ ‘ਤੈਨੂੰ ਵੇਖ ਗਲੀਆਂ ਦੇ ਕੱਖ ਰੋਏ’ ਦੇ ਅਰਥ ਕਰਦੇ ਕਿਸੇ ਫਿਲਮ ਵਾਂਗ ਹੱਥ ਵਿੱਚ ਕਿਤਾਬ ਫੜੀ ਸਾਹਮਣੇ ਖੜ੍ਹੇ ਦਿਸੇ। ਹਿਸਾਬ ਮਾਸਟਰ ਹਰਮੇਲ ਸਿੰਘ, ਅੰਗਰੇਜ਼ੀ ਵਾਲੇ ਮਾਸਟਰ ਅਜੈਬ ਸਿੰਘ ਵੱਲੋਂ ਵੱਖੀ ਵਿੱਚ ਵੱਢੀ ਚੂੰਢੀ ਵੀ ਉਹਨੇ ਯਾਦ ਕਰਵਾ ਦਿੱਤੀ। ਉਹ ਨਾਲ ਪੜ੍ਹਦੇ ਜਗਦੇਵ ਸਿੰਘ, ਬਲਦੇਵ ਸਿੰਘ ਚਹਿਲ, ਬਲਦੇਵ ਸਿੰਘ ਜਰਗਰ, ਨਰਿੰਦਰ ਸ਼ਰਮਾ ਤੇ ਹੋਰਨਾਂ ਦੇ ਨਾਂਅ ਲੈ ਕੇ ਇਕੱਲੇ ਇਕੱਲੇੇ ਬਾਰੇ ਪੁੱਛਦਾ ਰਹਿੰਦਾ ਹੈ। ਸਕੂਲ ਦੇ ਪਿਛਲੇ ਪਾਸੇ ਪਿੰਡ ਭੱਠਲਾਂ ਨੂੰ ਜਾਂਦੀ ਸੜਕ ਕੋਲ ਵੱਡਾ ਬੀੜ ਲੱਗਦਾ ਹੈ। ਇਸ ਵਿੱਚ ਪਸ਼ੂ ਮੰਡੀਆਂ ਲੱਗਦੀਆਂ ਹਨ। ਉਸ ਸਮੇਂ ਸਕੂਲ ਅਤੇ ਬੀੜ ਦਰਮਿਆਨ ਸਿਰਫ ਕੱਚਾ ਪਹਾ ਹੁੰਦਾ ਸੀ। ਨਾ ਸਕੂਲ ਅਤੇ ਨਾ ਬੀੜ ਦੀ ਚਾਰਦੀਵਾਰੀ ਹੁੰਦੀ ਸੀ। ਕਈ ਬੱਚੇ ਪੀਰੀਅਡ ਲਾਉਣ ਦੀ ਥਾਂ ਬੀੜ ਵਿੱਚ ਦਰੱਖਤਾਂ ਦੀ ਛਾਂ ਹੇਠ ਜਾ ਬੈਠਦੇ। ਸਿਆਲਾਂ ਦੀ ਰੁੱਤ ਵਿੱਚ ਤਾਂ ਕਿਸੇ ਸੁੱਕੇ ਡਿੱਗੇ ਦਰੱਖਤ ਨੂੰ ਅੱਗ ਲਾ ਕੇ ਸੇਕਦੇ ਵੀ ਸਨ। ਬੀੜ ਵਿੱਚ ਖਾਧੇ ਜਲੇਬੀ ਤੁੱਕੇ ਅਜੈਬ ਸਿੰਘ ਨੂੰ ਅੱਜ ਤੱਕ ਨਹੀਂ ਭੁੱਲੇ। ਬਸ ਅੱਡੇ ਨੇੜੇ ਉਹਦੀ ਭੂਆ ਦਾ ਘਰ ਤੇ ਉਹਦਾ ਆਪਣਾ ਪਿੰਡ ਵਾਲਾ ਘਰ, ਟੋਭੇ, ਨਿਆਈਆਂ ਵਿੱਚ ਖੇਡੀ ਕੌਡੀ-ਬਾਡੀ ਉਹਦੇ ਸੁਫਨਿਆਂ ਵਿੱਚ ਗੇੜੇ ਕੱਢਦੀ ਹੈ। ਭੂਆ-ਫੁੱਫੜ ਚੜ੍ਹਾਈ ਕਰ ਚੁੱਕੇ ਹਨ, ਉਨ੍ਹਾਂ ਦਾ ਵਿਯੋਗ ਉਹਦੀ ਨਾੜੀ ਨਾੜੀ ਵਿੱਚ ਥਿਰਕਦਾ ਹੈ। ਉਹਨੂੰ ਕੋਈ ਰਾਹ ਨਹੀਂ ਭੁੱਲਿਆ, ਸਭ ਯਾਦ ਹਨ, ਪਰ ਸ਼ਾਇਦ ਕੁਝ ਰਾਹ ਉਹਨੂੰ ਭੁੱਲ ਗਏ ਜਾਪਦੇ ਹਨ। ਉਹ ਜਿਹੜੇ ਰਾਹ ਗਿਆ ਸੀ, ਵਾਪਸ ਨਹੀਂ ਆ ਸਕਿਆ। ਉਦੋਂ ਰੋਂਦੀਆਂ ਰੁੱਤਾਂ ਦੌਰਾਨ ਪੰਜਾਬ ਵਿੱਚ ਖੁੱਲ੍ਹੇ ਝੱਖੜ ਨੇ ਪਤਾ ਨਹੀਂ ਮਾਵਾਂ ਦੇ ਕਿੰਨੇ ਪੁੱਤ ਅੱਲ੍ਹੜ ਉਮਰੇ ਹੀ ਝੰਬ ਸੁੱਟੇ ਸਨ ਅਤੇ ਕਿੰਨੇ ਅਜੈਬ ਸਿੰਘ ਜਲਾਵਤਨ ਹੋਣ ਲਈ ਮਜਬੂਰ ਹੋ ਗਏ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਆਸ ਦੀਆਂ ਕਿਰਨਾਂ ਅਤੇ ਸ਼ੰਕਿਆਂ ਵਿਚਾਲੇ ਕਿਸ ਪਾਸੇ ਜਾਂਦੀ ਪਈ ਹੈ ਲੋਕ ਸਭਾ ਦੀ ਚੋਣ ਮੁਹਿੰਮ! ਭੰਡਾਲ ਬੇਟ ਤੋਂ ਕਲੀਵਲੈਂਡ : ਡਾ. ਭੰਡਾਲ ਦਾ ਕੱਚੇ ਪੱਕੇ ਰਾਹਾਂ ਦਾ ਸਫ਼ਰ ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ