ਟੋਰਾਂਟੋ, 27 ਅਕਤੂਬਰ (ਪੋਸਟ ਬਿਊਰੋ) : ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਨੇ ਦੱਸਿਆ ਕਿ ਸਿਆਹ ਨਸਲ ਦੇ ਲੋਕਾਂ ਖਿਲਾਫ ਟਿੱਪਣੀਆਂ ਕਰਨ ਤੇ ਬਲੈਕ ਐਲੀਮੈਂਟਰੀ ਸਟੂਡੈਂਟ ਉੱਤੇ ਹਮਲਾ ਕਰਨ ਦੇ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ|
ਗਲੈਨ ਏਮਜ਼ ਸੀਨੀਅਰ ਪਬਲਿਕ ਸਕੂਲ ਦੀ ਪ੍ਰਿੰਸੀਪਲ ਕ੍ਰਿਸਟੀਨਾ ਵੈਸੈਂਗਰ ਨੇ ਮਾਪਿਆਂ ਨੂੰ ਇੱਕ ਪੱਤਰ ਭੇਜ ਕੇ ਇਸ ਘਟਨਾ ਤੋਂ ਜਾਣੂ ਕਰਵਾਇਆ| ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਇਹ ਵਿਦਿਆਰਥੀ ਸੋਮਵਾਰ ਨੂੰ ਸਕੂਲ ਅਟੈਂਡ ਕਰਨ ਤੋਂ ਬਾਅਦ ਆਪਣੇ ਘਰ ਜਾ ਰਿਹਾ ਸੀ| ਪ੍ਰਿੰਸੀਪਲ ਨੇ ਆਖਿਆ ਕਿ ਇਸ ਮਸ਼ਕੂਕ ਵੱਲੋਂ ਪਹਿਲਾਂ ਵੀ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦਿੱਤਾ ਜਾ ਚੁੱਕਿਆ ਹੈ|
ਪੱਤਰ ਵਿੱਚ ਲਿਖਿਆ ਗਿਆ ਹੈ ਕਿ 14 ਅਕਤੂਬਰ ਨੂੰ ਵੀ ਇਸ ਤਰ੍ਹਾਂ ਦੀ ਘਟਨਾ ਵਾਪਰੀ ਸੀ ਤੇ ਇੱਕ ਅਣਪਛਾਤੇ ਵਿਅਕਤੀ ਵੱਲੋਂ ਲੰਚ ਕਰ ਰਹੇ ਵਿਦਿਆਰਥੀਆਂ ਵਿੱਚੋਂ ਇੱਕ ਉੱਤੇ ਹਮਲਾ ਕੀਤਾ ਗਿਆ ਸੀ| ਅੱਜ ਵੀ ਉਸੇ ਵਿਅਕਤੀ ਵੱਲੋਂ ਦੂਜੇ ਵਿਦਿਆਰਥੀ ਉੱਤੇ ਹਮਲਾ ਕੀਤਾ ਗਿਆ ਹੈ| ਇਸ ਦੌਰਾਨ ਟੋਰਾਂਟੋ ਪੁਲਿਸ ਵੱਲੋਂ ਜਾਰੀ ਇੱਕ ਰਲੀਜ਼ ਵਿੱਚ ਆਖਿਆ ਗਿਆ ਕਿ 14 ਅਕਤੂਬਰ ਨੂੰ ਇੱਕ ਵਿਅਕਤੀ ਸਵੇਰੇ ਸਵੇਰੇ ਵਿਲੀਅਮਸਨ ਰੋਡ ਤੇ ਲੀ ਐਵਨਿਊ ਏਰੀਆ ਵਿੱਚ ਇੱਕ ਵਿਦਿਆਰਥੀ ਕੋਲ ਗਿਆ ਤੇ ਉਸ ਨੇ ਜਿਨਸੀ ਟਿੱਪਣੀਆਂ ਕੀਤੀਆਂ| ਪਰ ਪੁਲਿਸ ਦੇ ਮੌਕੇ ਉੱਤੇ ਪਹੁੰਚਣ ਤੋਂ ਪਹਿਲਾਂ ਹੀ ਉਹ ਫਰਾਰ ਹੋ ਗਿਆ|
ਸੋਮਵਾਰ ਨੂੰ ਪੁਲਿਸ ਅਧਿਕਾਰੀਆਂ ਨੇ ਸਕੁਲ ਦੇ ਗ੍ਰਾਊਂਡ ਵਿੱਚ ਇੱਕ ਵਿਦਿਆਰਥੀ ਉੱਤੇ ਹਮਲਾ ਕਰਨ ਦੇ ਮਾਮਲੇ ਵਿੱਚ 22 ਸਾਲਾ ਟ੍ਰਿਸਟਨ ਲੋਪੇਜ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਚਾਰਜ ਕੀਤਾ ਹੈ| ਮਾਪਿਆਂ ਨੂੰ ਇਹ ਵੀ ਦੱਸਿਆ ਗਿਆ ਕਿ ਇਸ ਵਿਅਕਤੀ ਦੇ ਸਕੂਲ ਦੀ ਸੰਪਤੀ ਦੇ 100 ਮੀਟਰ ਦੇ ਦਾਇਰੇ ਵਿੱਚ ਆਉਣ ਉੱਤੇ ਵੀ ਪਾਬੰਦੀ ਲਾ ਦਿੱਤੀ ਗਈ ਹੈ|