ਟੋਰਾਂਟੋ, 26 ਅਕਤੂਬਰ (ਪੋਸਟ ਬਿਊਰੋ) : ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਦੇ ਵਿਦਿਆਰਥੀਆਂ ਦੀ ਫੀਸ ਦਾ ਕੋਈ ਹਿਸਾਬ ਨਹੀਂ ਰਹਿ ਗਿਆ ਹੈ ਤੇ ਇਸ ਕਾਰਨ ਬੋਰਡ ਦੇ ਬਜਟ ਨੂੰ ਕਾਫੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ|
ਇੱਥੇ ਦੱਸਣਾ ਬਣਦਾ ਹੈ ਕਿ ਬੋਰਡਜ਼ ਨੂੰ ਪ੍ਰਤੀ ਵਿਦਿਆਰਥੀ ਫੰਡ ਹਾਸਲ ਹੁੰਦੇ ਹਨ ਤੇ ਟੀ ਡੀ ਐਸ ਬੀ ਦੀ ਫਾਇਨਾਂਸ ਕਮੇਟੀ ਵੱਲੋਂ ਪਿਛਲੇ ਹਫਤੇ ਦਿੱਤੀ ਗਈ ਜਾਣਕਾਰੀ ਅਨੁਸਾਰ ਇਸ ਸਕੂਲ ਵਰ੍ਹੇ ਉਨ੍ਹਾਂ ਨੂੰ ਪ੍ਰੋਵਿੰਸ਼ੀਅਲ ਫੰਡਿੰਗ ਦੇ ਰੂਪ ਵਿੱਚ 42 ਮਿਲੀਅਨ ਡਾਲਰ ਦਾ ਘਾਟਾ ਪੈ ਸਕਦਾ ਹੈ|
ਟੀ ਡੀ ਐਸ ਬੀ ਦੇ ਚੇਅਰ ਅਲੈਗਜ਼ੈਂਡਰ ਬ੍ਰਾਊਨ ਨੇ ਦੱਸਿਆ ਕਿ 5,500 ਵਿਦਿਆਰਥੀ, ਜਿਨ੍ਹਾਂ ਦੇ ਇਸ ਸਾਲ ਦੇ ਅੰਤ ਵਿੱਚ ਵਾਪਿਸ ਆਉਣ ਦੀ ਸੰਭਾਵਨਾ ਸੀ, ਉਨ੍ਹਾਂ ਦਾ ਕੋਈ ਹਿਸਾਬ ਨਹੀਂ ਲੱਗ ਰਿਹਾ| ਇਨ੍ਹਾਂ ਵਿੱਚ 800 ਹਾਈ ਸਕੂਲ ਵਿਦਿਆਰਥੀ ਤੇ 4700 ਐਲੀਮੈਂਟਰੀ ਵਿਦਿਆਰਥੀ ਸ਼ਾਮਲ ਹਨ|
ਬੋਰਡ ਵੱਲੋਂ ਪ੍ਰੋਵਿੰਸ ਨੂੰ ਅਪੀਲ ਕੀਤੀ ਗਈ ਹੈ ਕਿ ਉਨ੍ਹਾਂ ਨੂੰ 42 ਮਿਲੀਅਨ ਡਾਲਰ ਰੱਖਣ ਦੀ ਇਜਾਜ਼ਤ ਦਿੱਤੀ ਜਾਵੇ ਕਿਉਂਕਿ ਉਹ ਉਨ੍ਹਾਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਟਰੈਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜਿਹੜੇ ਲੱਭ ਨਹੀਂ ਰਹੇ|