ਘੱਟ ਗਿਣਤੀ ਦੀ ਥਾਂ ਬਣੇਗੀ ਬਹੁਗਿਣਤੀ ਸਰਕਾਰ
ਬ੍ਰਿਟਿਸ਼ ਕੋਲੰਬੀਆ, 25 ਅਕਤੂਬਰ (ਪੋਸਟ ਬਿਊਰੋ) : ਬ੍ਰਿਟਿਸ਼ ਕੋਲੰਬੀਆ ਵਿੱਚ ਕੋਵਿਡ-19 ਮਹਾਂਮਾਰੀ ਦੌਰਾਨ ਚੋਣਾਂ ਕਰਵਾਉਣ ਦਾ ਸੱਦਾ ਦੇ ਕੇ ਵੱਡਾ ਰਿਸਕ ਚੁੱਕਣ ਵਾਲੇ ਜੌਹਨ ਹੌਰਗਨ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ| ਇਸ ਜਿੱਤ ਨਾਲ ਹੁਣ ਬੀਸੀ ਵਿੱਚ ਘੱਟ ਗਿਣਤੀ ਦੀ ਥਾਂ ਨਿਊ ਡੈਮੋਕ੍ਰੈਟਸ ਦੀ ਬਹੁਗਿਣਤੀ ਸਰਕਾਰ ਬਣੇਗੀ|
80 ਫੀ ਸਦੀ ਤੋਂ ਵੱਧ ਹੋਈ ਵੋਟਿੰਗ ਦੇ ਨਤੀਜੇ ਵਜੋਂ ਐਨਡੀਪੀ ਨੂੰ ਬਹੁਗਿਣਤੀ ਸਰਕਾਰ ਬਣਾਉਣ ਲਈ ਕਾਫੀ ਸੀਟਾਂ ਮਿਲ ਗਈਆਂ ਹਨ| ਡਾਕ ਰਾਹੀਂ ਹੋਈ ਵੋਟਿੰਗ ਕਾਰਨ ਅਗਲੇ ਤਿੰਨ ਹਫਤਿਆਂ ਤੱਕ ਵੋਟਾਂ ਦੀ ਮੁਕੰਮਲ ਗਿਣਤੀ ਚੱਲਣ ਦੀ ਸੰਭਾਵਨਾ ਹੈ, ਅਜੇ ਇਨ੍ਹਾਂ ਵੋਟਾਂ ਨੂੰ ਗਿਣਤੀ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ|
ਇਸ ਦੌਰਾਨ ਐਨਡੀਪੀ ਨੂੰ 53 ਸੀਟਾਂ ਮਿਲੀਆਂ ਜਦਕਿ ਲਿਬਰਲਾਂ ਨੂੰ 27 ਤੇ ਗ੍ਰੀਨਜ਼ ਨੂੰ ਤਿੰਨ ਸੀਟਾਂ ਹਾਸਲ ਹੋਈਆਂ| ਹੌਰਗਨ ਨੇ ਆਖਿਆ ਕਿ ਇਲੈਕਸ਼ਨ ਬੀਸੀ ਵੱਲੋਂ ਫਾਈਨਲ ਨਤੀਜਿਆਂ ਦਾ ਐਲਾਨ ਕੀਤੇ ਜਾਣ ਤੱਕ ਇਸ ਮਹਾਂਮਾਰੀ ਦੌਰਾਨ ਐਨਡੀਪੀ ਪ੍ਰੋਵਿੰਸ ਦੀ ਅਗਵਾਈ ਕਰਦੀ ਰਹੇਗੀ| ਹੌਰਗਨ ਨੇ ਆਖਿਆ ਕਿ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਲੋਕਾਂ ਨੂੰ ਲੋੜੀਂਦੀਆਂ ਸੇਵਾਵਾਂ ਮਿਲਦੀਆਂ ਰਹਿਣ|
ਸ਼ਨਿੱਚਰਵਾਰ ਰਾਤ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਐਨਡੀਪੀ ਦਾ ਪੱਲੜਾ ਭਾਰੀ ਹੋਣ ਦੇ ਬਾਵਜੂਦ ਲਿਬਰਲ ਆਗੂ ਐਂਡਰਿਊ ਵਿਲਕਿਨਸਨ ਨੇ ਹਾਰ ਨਹੀਂ ਸੀ ਕਬੂਲੀ| ਉਨ੍ਹਾਂ ਆਖਿਆ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਹਾਲ ਦੀ ਘੜੀ ਐਨਡੀਪੀ ਅੱਗੇ ਚੱਲ ਰਹੀ ਹੈ ਪਰ ਅਜੇ ਅੱਧਾ ਮਿਲੀਅਨ ਵੋਟਾਂ ਦੀ ਗਿਣਤੀ ਹੋਣੀ ਬਾਕੀ ਹੈ| ਉਨ੍ਹਾਂ ਆਖਿਆ ਕਿ ਉਹ ਜਿੱਤ ਹਾਰ ਦੇ ਫੈਸਲੇ ਲਈ ਆਖਰੀ ਵੋਟ ਦੀ ਗਿਣਤੀ ਹੋਣ ਤੱਕ ਉਡੀਕ ਕਰਨਗੇ|
ਇੱਥੇ ਦੱਸਣਾ ਬਣਦਾ ਹੈ ਕਿ ਕਈ ਕੈਬਨਿਟ ਮੰਤਰੀ ਵਿਧਾਨਸਭਾ ਵਿੱਚ ਪਰਤਣਗੇ ਤੇ ਇਨ੍ਹਾਂ ਵਿੱਚ ਸਿਹਤ ਮੰਤਰੀ ਐਡਰੀਅਨ ਡਿਕਸ, ਅਟਾਰਨੀ ਜਨਰਲ ਡੇਵਿਡ ਐਬੀ, ਐਡਵਾਂਸਡ ਐਜੂਕੇਸ਼ਨ ਮੰਤਰੀ ਮਿਲੇਨੀ ਮਾਰਕ, ਐਨਵਾਇਰਮੈਂਟ ਮੰਤਰੀ ਜਾਰਜ ਹੇਮੈਨ ਤੇ ਹਾਊਸਿੰਗ ਮੰਤਰੀ ਸੈਲੀਨਾ ਰੌਬਿਨਸਨ ਮੁੱਖ ਹਨ| ਆਲੋਚਨਾ ਦੇ ਬਾਵਜੂਦ ਸਾਬਕਾ ਐਮਪੀ ਨਥਾਨ ਕੂਲਨ ਨੂੰ ਵੀ ਵੋਟਰਾਂ ਨੇ ਇੱਕ ਹੋਰ ਮੌਕਾ ਦਿੱਤਾ ਹੈ| ਸਾਬਕਾ ਐਨਡੀਪੀ ਐਮਪੀਜ਼ ਫਿਨ ਡੌਨਲੇ ਤੇ ਮੁਰੇ ਰੈਨਕਿਨ ਵੀ ਆਪੋ ਆਪਣੀਆਂ ਸੀਟਾਂ ਜਿੱਤ ਗਏ ਹਨ|
ਮੁੜ ਚੁਣੇ ਗਏ ਲਿਬਰਲ ਆਗੂਆਂ ਵਿੱਚ ਮਾਈਕ ਡੀ ਜੌਂਗ, ਇਆਨ ਪੈਟਨ, ਸ਼ਰਲੇ ਬੌਂਡਜ਼ ਤੇ ਟੌਡ ਸਟੋਨ ਮੁੱਖ ਹਨ| ਪਰ ਕਈ ਉੱਘੇ ਲਿਬਰਲ ਆਗੂਆਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਹੈ ਤੇ ਇਨ੍ਹਾਂ ਵਿੱਚ ਜੱਸ ਜੌਹਲ, ਮੈਰੀ ਪੋਲਕ, ਜੇਨ ਥੌਰਨਥਵੇਟ ਦੇ ਨਾਂ ਸ਼ਾਮਲ ਹਨ| ਗ੍ਰੀਨ ਪਾਰਟੀ ਦੇ ਐਡਮ ਓਸਲਨ ਤੇ ਜੈਰੇਮੀ ਵੈਲਰੀਓਟ ਨੂੰ ਜਨਤਾ ਨੇ ਇੱਕ ਹੋਰ ਮੌਕਾ ਦਿੱਤਾ ਹੈ|