ਜਲੰਧਰ, 23 ਅਕਤੂਬਰ (ਪੋਸਟ ਬਿਊਰੋ)- ਜਲਾਲਾਬਾਦ ਵਿੱਚ ਦਲਿਤ ਨੌਜਵਾਨ `ਤੇ ਅੱਤਿਆਚਾਰ ਕਰਨ ਦੀ ਘਟਨਾ ਤੇ ਵਜ਼ੀਫ਼ਾ ਘੁਟਾਲੇ `ਚ ਇੱਕ ਮੰਤਰੀ ਵਿਰੁੱਧ ਕਾਰਵਾਈ ਦੀ ਮੰਗ ਬਾਰੇ ਜਲੰਧਰ ਦੇ ਸੂਰੀਆ ਐਨਕਲੇਵ ਤੋਂਚੰਡੀਗੜ੍ਹ ਵਿੱਚ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਚੱਲੀ ਭਾਜਪਾ ਐਸ ਸੀ ਮੋਰਚਾ ਦੀ ਦਲਿਤ ਇਨਸਾਫ਼ ਯਾਤਰਾ ਨੂੰ ਪੁਲਸ ਨੇ ਕੱਲ੍ਹ ਸ਼ੁਰੂ ਹੋਣ ਮੌਕੇ ਹੀ ਰੋਕ ਲਿਆ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ, ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਸਮੇਤ ਕਈ ਆਗੂਆਂ ਨੂੰ ਆਪਣੀ `ਚ ਲੈ ਲਿਆ। ਉਨਾਂ ਨੂੰ ਪੁਲਸ ਦੀਆਂ ਦੋ ਬੱਸਾਂ `ਚ ਸਰਕਟ ਹਾਊਸ ਲਿਜਾ ਕੇ ਰਿਹਾਅ ਕਰ ਦਿੱਤਾ ਗਿਆ, ਜਿੱਥੇ ਅਸ਼ਵਨੀ ਸ਼ਰਮਾ ਦੀ ਅਗਵਾਈ `ਚ ਭਾਜਪਾ ਆਗੂਆਂ ਨੇ ਧਰਨਾ ਲਾ ਕੇ ਕੈਪਟਨ ਸਰਕਾਰ ਖ਼ਿਲਾਫ਼ ਦੇ ਨਾਅਰੇਬਾਜ਼ੀ ਕੀਤੀ। ਪੁਲਸ ਨੇ ਇਹ ਕਹਿ ਕੇ ਭਾਜਪਾ ਆਗੂਆਂ ਨੂੰ ਹਿਰਾਸਤ ਵਿੱਚ ਲਿਆ ਸੀ ਕਿ ਉਨ੍ਹਾਂ ਨੇ ਇਸ ਯਾਤਰਾ ਲਈ ਕਿਸੇ ਤਰ੍ਹਾਂ ਦੀ ਮਨਜ਼ੂਰੀ ਨਹੀਂ ਲਈ। ਸਰਕਟ ਹਾਊਸ `ਚ ਅਸ਼ਵਨੀ ਸ਼ਰਮਾ ਨੇ ਪੁਲਸ ਅਧਿਕਾਰੀਆਂ `ਤੇ ਨਾਰਾਜ਼ਗੀ ਜ਼ਾਹਰ ਕੀਤੀ ਕਿ ਕਿਸਾਨ ਬਣ ਕੇ ਵਿਰੋਧ ਕਰਨ ਆਏ ਕਾਂਗਰਸੀ ਵਰਕਰ ਉਨ੍ਹਾਂ ਦਾ ਘਿਰਾਓ ਕਰਨ ਲਈ ਕਿਹੜੀ ਮਨਜ਼ੂਰੀ ਲੈ ਕੇ ਆ ਰਹੇ ਹਨ।
ਵਰਨਣ ਯੋਗ ਹੈ ਕਿ ਪੰਜਾਬ ਭਾਜਪਾ ਦੇ ਅਨਸੂਚਿਤ ਜਾਤੀ ਮੋਰਚਾ ਵੱਲੋਂ ਜਲਾਲਾਬਾਦ `ਚ ਦਲਿਤ ਨੌਜਵਾਨ ਨੂੰ ਪਿਸ਼ਾਬ ਪਿਆਉਣ ਦੇ ਕੇਸ `ਚ ਕਾਰਵਾਈ ਲਈਅਤੇ ਵਜ਼ੀਫ਼ਾ ਘੁਟਾਲੇ ਦੀ ਸੀ ਬੀ ਆਈ ਜਾਂਚ ਦੀ ਮੰਗ ਲਈ ਸੂਰੀਆ ਐਨਕਲੇਵ ਤੋਂਚੰਡੀਗੜ੍ਹ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ ਤਕ ਦਲਿਤ ਇਨਸਾਫ ਯਾਤਰਾ ਕੱਢਣ ਦਾ ਐਲਾਨ ਕੀਤਾ ਸੀ। ਇਹ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਭਾਜਪਾ ਆਗੂਆਂ ਨੇ ਸਰਕਾਰ ਵੱਲੋਂ ਦਲਿਤ ਸਮਾਜ ਦੇ ਹਿਤਾਂ ਨਾਲ ਖਿਲਵਾੜ ਕਰਨ ਤੇ ਉਨ੍ਹਾਂ ਨੂੰ ਇਨਸਾਫ਼ ਨਾ ਦੇਣ ਦੇ ਦੋਸ਼ ਲਾਏ। ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਤੋਂ ਬਿਨਾ ਸੋਮ ਪ੍ਰਕਾਸ਼, ਵਿਜੇ ਸਾਂਪਲਾ, ਭਾਜਪਾ ਦੇ ਅਨੁਸੂਚਿਤ ਜਾਤੀ ਮੋਰਚਾ ਦੇ ਪ੍ਰਧਾਨ ਰਾਜ ਕੁਮਾਰ ਅਟਵਾਲ, ਸਾਬਕਾ ਮੰਤਰੀ ਮਨੋਰੰਜਨ ਕਾਲੀਆ ਆਦਿ ਨੂੰ ਹਿਰਾਸਤ `ਚ ਲੈ ਲਿਆ। ਇਸ ਮੌਕੇ ਭਾਜਪਾ ਵਰਕਰਾਂ ਅਤੇ ਪੁਲਸ ਵਿਚਾਲੇ ਧੱਕਾ-ਮੁੱਕੀ ਵੀ ਹੋਈ। ਫਿਰ ਪੁਲਸ ਦੀਆਂ ਦੋ ਗੱਡੀਆਂ `ਚ ਇਨ੍ਹਾਂ ਆਗੂਆਂ ਨੂੰ ਸਰਕਟ ਹਾਊਸ ਲਿਜਾਇਆ ਗਿਆ, ਜਿੱਥੇ ਭਾਜਪਾ ਆਗੂਆਂ ਨੇ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਬਾਅਦ `ਚ ਪੁਲਸ ਅਧਿਕਾਰੀਆਂ ਵੱਲੋਂ ਇਸ ਮਾਮਲੇ `ਚ ਭਰੋਸਾ ਦੇਣ ਤੋਂ ਬਾਅਦ ਭਾਜਪਾ ਆਗੂਆਂ ਨੇ ਧਰਨਾ ਖ਼ਤਮ ਕਰ ਦਿੱਤਾ। ਓਥੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕੈਪਟਨ ਸਰਕਾਰ ਹਰ ਫ਼ਰੰਟ `ਤੇ ਫ਼ੇਲ੍ਹ ਹੋਈ ਹੈ ਅਤੇ ਦਲਿਤਾਂ ਨੂੰ ਇਨਸਾਫ਼ ਦਿਵਾਉਣ ਤੇ ਵਜ਼ੀਫ਼ਾ ਘੁਟਾਲੇ ਦੀ ਸੀ ਬੀ ਆਈ ਜਾਂਚ ਦੀ ਮੰਗ ਪੂਰੀ ਹੋਣ ਤੱਕ ਸੰਘਰਸ਼ ਜਾਰੀ ਰਹੇਗਾ।