ਚੰਡੀਗੜ੍ਹ, 22 ਅਕਤੂਬਰ (ਪੋਸਟ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੱਧੂ ਵਿੱਚ ਕੁਝ ਸਮਝੌਤਾ ਹੋਣ ਦੀ ਚਰਚਾ ਚੱਲ ਨਿਕਲੀ ਹੈ।
ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਅਤੇ ਕੇਂਦਰ ਵੱਲੋਂ ਪੰਜਾਬ ਦੇ ਇੰਚਾਰਜ ਹਰੀਸ਼ ਰਾਵਤ ਦਾ ਕਹਿਣਾ ਹੈ ਕਿ ਦੋਵਾਂ ਸਿਆਸੀ ਆਗੂਆਂ ਵਿਚਾਲੇ ਸੰਪਰਕ ਜੁੜਨ ਲੱਗੇ ਹਨ ਤੇ ਛੇਤੀ ਸਾਂਝ ਪੈ ਸਕਦੀ ਹੈ। ਰਾਵਤ ਨੇ ਇਹ ਵੱਡਾ ਖੁਲਾਸਾ ਕੀਤਾ ਹੈ ਕਿ ਬੀਤੇ ਮੰਗਲਵਾਰ ਨੂੰ ਪੰਜਾਬ ਵਿਧਾਨ ਸਭਾ ਵਿੱਚ ਖੇਤੀ ਬਿੱਲਾਂ ਉੱਤੇ ਬੋਲਣ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਨੂੰ ਫੋਨ ਕੀਤਾ ਸੀ ਤੇ ਇਹੀ ਕਾਰਨ ਹੈ ਕਿ ਵਿਧਾਨ ਸਭਾ ਵਿੱਚ ਤਿੰਨੇ ਬਿੱਲ ਪੇਸ਼ ਕੀਤੇ ਜਾਣ ਮਗਰੋਂਨਵਜੋਤ ਸਿੰਘ ਸਿੱਧੂ ਪਹਿਲੇ ਮੈਂਬਰ ਸਨ, ਜਿਨ੍ਹਾਂ ਨੇ ਵਿਚਾਰ ਰੱਖੇ ਸਨ। ਨਵਜੋਤ ਸਿੰਘ ਸਿੱਧੂ ਸਦਨ ਵਿੱਚ ਸਰਕਾਰ ਬਾਰੇ ਆਪਣੇ ਸੁਭਾਅ ਤੋਂ ਉਲਟ ਹੱਦੋਂ ਵੱਧ ਨਰਮ ਹੋਏ ਦਿਖਾਈ ਦਿੱਤੇ ਸਨ। ਉਸ ਦਿਨ ਹਰੀਸ਼ ਰਾਵਤ ਵੀ ਚੰਡੀਗੜ੍ਹ ਪੁੱਜੇ ਹੋਏ ਹਨ। ਇਸੇ ਦਿਨ ਸਿੱਧੂ ਦਾ ਜਨਮ ਦਿਨ ਸੀ ਤੇ ਦੋਵਾਂ ਆਗੂਆਂ ਨੇ ਇਸ ਦਾ ਕੇਕ ਵੀ ਕੱਟਿਆ ਸੀ।
ਨਵਜੋਤ ਸਿੰਘ ਸਿੱਧੂ ਬਾਰੇ ਸ਼ੁਰੂ ਤੋਂ ਹਾਂ-ਪੱਖੀ ਨਜ਼ਰ ਆਉਂਦੇ ਰਹੇ ਹਰੀਸ਼ ਰਾਵਤ ਤੋਂਜਦੋਂਇਹ ਪੁੱਛਿਆ ਗਿਆ ਕਿ ਕੋਈ ਗਿਫਟ ਦਿੱਤਾ ਜਾ ਰਿਹਾ ਹੈ ਤਾਂ ਉਨ੍ਹਾਂ ਜਵਾਬ ਵਿੱਚ ਕਿਹਾ ਕਿ ਸਿੱਧੂ ਪਾਰਟੀ ਲਈ ਕਮਿਟਿਡ ਹੈ, ਕ੍ਰਿਕਟਰ ਹੋਣ ਦੇ ਕਾਰਨ ਉਸ ਨੂੰ ਪਤਾ ਹੈ ਕਿ ਪਿੱਚ `ਤੇ ਕਿਵੇਂ ਟਿਕੇ ਰਹੀਦਾ ਹੈ। ਰਾਵਤ ਨੇ ਸੰਕੇਤ ਦਿੱਤੇ ਕਿ ਪਾਰਟੀ ਸਿੱਧੂ ਦੀ ਭੂਮਿਕਾ ਬਾਰੇ ਜਲਦੀ ਕੋਈ ਫੈਸਲਾ ਲੈ ਸਕਦੀ ਹੈ।
ਦੂਸਰੇ ਪਾਸੇ ਪੰਜਾਬ ਦੇ ਪਿਛਲੇ ਦੌਰੇ ਵੇਲੇ ਪਾਰਟੀ ਦੀ ਸਥਿਤੀ ਬਾਰੇ ਸੁਨੀਲ ਜਾਖੜ ਨਾਲ ਨਾਰਾਜ਼ ਦਿਸਦੇ ਰਹੇ ਹਰੀਸ਼ ਰਾਵਤ ਨੇ ਇਸ ਵਾਰੀ ਸੁਨੀਲ ਜਾਖੜ ਦੀ ਵੀ ਤਾਰੀਫ ਕੀਤੀ ਅਤੇ ਉਸ ਨੂੰ ਕੱਦਾਵਰ ਆਗੂ ਦੱਸਦਿਆਂ ਕਿਹਾ ਕਿ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਪੰਜਾਬ ਵਿੱਚ ਚੰਗਾ ਕੰਮ ਕੀਤਾ ਹੈ। ਪਾਰਟੀ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਹਰੀਸ਼ ਰਾਵਤ ਨੇ ਕਿਹਾ ਕਿ ਉਹ 15 ਦਿਨਾਂ ਤੱਕ ਸੰਗਠਨ ਦਾ ਕੰਮ ਵੇਖਣਗੇ ਤੇ ਉਸ ਮਗਰੋਂ ਕੋਈ ਫੈਸਲਾ ਲਿਆ ਜਾ ਸਕੇਗਾ। ਵਰਨਣ ਯੋਗ ਹੈ ਕਿ ਪੰਜਾਬ ਵਿੱਚ ਕਾਂਗਰਸ ਦਾ ਢਾਂਚਾ ਬੀਤੇ ਜਨਵਰੀ ਤੋਂ ਭੰਗ ਹੈ। ਸਾਬਕਾ ਇੰਚਾਰਜ ਆਸ਼ਾ ਕੁਮਾਰੀ ਦੇ ਵਕਤ ਪਾਰਟੀ ਦਾ ਗਠਨ ਕਰ ਕੇ ਸੂਚੀ ਹਾਈ ਕਮਾਨ ਕੋਲ ਭੇਜੀ ਸੀ, ਪਰ ਉਸ ਨੂੰ ਹਾਲੇ ਤੱਕ ਮਨਜ਼ੂਰੀ ਨਹੀਂ ਮਿਲੀ। ਮੰਨਿਆ ਜਾ ਰਿਹਾ ਹੈ ਕਿ ਹਰੀਸ਼ ਰਾਵਤ ਆਪਣੀ ਨਿਯੁਕਤੀ ਮਗਰੋਂ ਮਿਹਨਤ ਕਰਨ ਦੇ ਰੌਂਅ ਵਿੱਚ ਹਨ।