ਵਾਸ਼ਿੰਗਟਨ, 21 ਅਕਤੂਬਰ (ਪੋਸਟ ਬਿਊਰੋ)- ਅਮਰੀਕਾ ਵਿੱਚ3 ਨਵੰਬਰ ਨੂੰ ਹੋ ਰਹੀ ਰਾਸ਼ਟਰਪਤੀ ਚੋਣ ਤੋਂ ਪਹਿਲਾਂ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉਨ੍ਹਾਂ ਦੇ ਵਿਰੋਧੀ ਜੋ ਬਿਡੇਨ ਵਿਚਕਾਰ ਆਖਰੀ ਬਹਿਸ ਵੀਰਵਾਰ ਨੂੰ ਹੋਵੇਗੀ। ਇਸ ਬਹਿਸ ਦੇ ਲਈ ਪ੍ਰਬੰਧਕਾਂ ਨੇ ਕੁਝ ਨਿਯਮਾਂ ਵਿੱਚ ਬਦਲਾਅ ਕੀਤਾ ਹੈ।
ਨਵੇਂ ਨਿਯਮਾਂ ਦੇ ਹੇਠ ਡੋਨਾਲਡ ਟਰੰਪ ਆਪਣੇ ਵਿਰੋਧੀ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਨਾਲ ਬਹਿਸ ਵਿੱਚ ਟੋਕਾ-ਟਾਕੀਨਹੀਂ ਕਰ ਸਕਣਗੇ। ਅਜਿਹਾ ਕਰਨ ਉੱਤੇ ਮਾਈਕ੍ਰੋਫੋਨ ਬੰਦ ਕਰ ਦਿੱਤਾ ਜਾਏਗਾ। ਟਰੰਪ ਨੇ ਇਨ੍ਹਾਂ ਨਿਯਮਾਂ `ਤੇ ਇਤਰਾਜ਼ ਕੀਤਾ ਹੈ ਅਤੇ ਇਨ੍ਹਾਂ ਨੂੰ ਬੇਲੋੜਾ ਕਰਾਰ ਦਿੱਤਾ ਹੈ। ਇਸ ਦੇ ਬਾਵਜੂਦ ਉਹ ਬਿਡੇਨ ਦੇ ਨਾਲ ਪ੍ਰੈਜ਼ੀਡੈਂਸ਼ੀਅਲ ਡਿਬੇਟ ਵਿੱਚ ਹਿੱਸਾ ਲੈਣ ਨੂੰ ਤਿਆਰ ਹਨ।ਦੂਸਰੀ ਵਾਰ ਰਾਸ਼ਟਰਪਤੀ ਬਣਨ ਦੇ ਲਈ ਚੋਣ ਮੈਦਾਨ ਵਿੱਚ ਉਤਰੇ 74 ਸਾਲਾ ਡੋਨਾਲਡ ਟਰੰਪ ਅਤੇ 77 ਸਾਲ ਦੇ ਜੋਅ ਬਿਡੇਨ ਦੇ ਵਿਚਕਾਰ ਬੇਲਮੋਂਟ ਯੂਨੀਵਰਸਿਟੀ ਵਿੱਚ ਵੀਰਵਾਰ ਨੂੰ ਬਹਿਸ ਹੋਵੇਗੀ। ਰਾਸ਼ਟਰਪਤੀ ਅਹੁਦੇ ਦੇ ਦੋਵਾਂ ਉਮੀਦਵਾਰਾਂ ਵਿਚਕਾਰ ਪਹਿਲੀ ਬਹਿਸ 27 ਸਤੰਬਰ ਨੂੰ ਹੋਈ ਸੀ, ਜਦ ਕਿ 15 ਅਕਤੂਬਰ ਨੂੰ ਹੋਣ ਵਾਲੀ ਦੂਸਰੀ ਬਹਿਸ ਰੱਦ ਹੋ ਗਈ ਸੀ। ਡਿਬੇਟ ਕਮਿਸ਼ਨ ਨੇ ਸੋਮਵਾਰ ਨੂੰ ਨਵੇਂ ਨਿਯਮਾਂ ਦਾ ਐਲਾਨ ਕੀਤਾ। ਇਸ ਦੇ ਤਹਿਤ ਸ਼ੁਰੂਆਤੀ ਦੋ ਮਿੰਟ ਤੱਕ ਇੱਕ ਨੇਤਾ ਦੇ ਬੋਲਣ ਦੇ ਦੌਰਾਨ ਦੂਸਰੇ ਦਾ ਮਾਈਕ੍ਰੋਫੋਨ ਬੰਦ ਰਹੇਗਾ। ਪਿਛਲੀ ਬਹਿਸ ਦੇ ਦੌਰਾਨ ਕਈ ਵਾਰ ਰੋਕ-ਟੋਕ ਦੇਖਣ ਨੂੰ ਮਿਲੀ ਸੀ।