ਲੁਧਿਆਣਾ, 19 ਅਕਤੂਬਰ (ਪੋਸਟ ਬਿਊਰੋ)- ਪੰਜਾਬ ਵਿੱਚ ਸਾਈਕਲ ਉਦਯੋਗ ਇਸ ਵਕਤ ਵੱਡੇ ਸਪਲਾਈ ਸੰਕਟ ਦੀ ਮਾਰ ਹੇਠ ਹੈ। ਇਸ ਦੀ ਵਜ੍ਹਾ ਇਹ ਹੈ ਕਿ ਲੰਮੇ ਅਰਸੇ ਤੋਂ ਕਿਸਾਨਾਂ ਦੇ ਸੰਘਰਸ਼ ਅਤੇ ਰੇਲ ਰੋਕੋ ਵਾਲੇ ਐਕਸ਼ਨਾਂ ਕਾਰਨ ਉਤਪਾਦਨ ਲਈ ਕੱਚੇ ਮਾਲ ਦੀ ਕਮੀ ਹੋਈ ਪਈ ਹੈ।
ਇਸ ਸੰਬੰਧ ਵਿੱਚ ਪ੍ਰਸਿੱਧ ਸਾਈਕਲ ਕੰਪਨੀ ਹੀਰੋ ਨੇ ਸਪਲਾਈ ਵਿੱਚ ਪਈ ਰੁਕਾਵਟ ਦੂਰ ਕਰਨ ਲਈ ਸਰਕਾਰ ਤੋਂ ਤੁਰੰਤ ਦਖਲ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂਨੇ ਕਿਹਾ ਹੈ ਕਿ ਨਵੇਂ ਪਾਸ ਕੀਤੇ ਖੇਤੀ ਸੁਧਾਰ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਅੰਦੋਲਨ ਦੇ ਦੋ ਹਫਤੇ ਬਾਅਦ ਮਾਲ ਢੋਆਈ ਰੁਕ ਗਈ ਅਤੇ ਸਪਲਾਈ ਵਿੱਚ ਗੰਭੀਰ ਸੰਕਟ ਪੈਦਾ ਹੋਇਆ ਹੈ। ਇਸ ਰੁਕਾਵਟ ਨਾਲ ਨਾ ਸਿਰਫ ਕੱਚੇ ਮਾਲ ਦੀ ਕਮੀ ਆਈ ਹੈ, ਸਗੋਂ ਕੋਲੇ ਦੀ ਸਪਲਾਈ ਵੀ ਪ੍ਰਭਾਵਤ ਹੋਈ ਹੈ। ਹੀਰੋ ਕੰਪਨੀ ਦੇ ਐੱਮ ਮੁੰਜਾਲ ਨੇ ਕਿਹਾ ਕਿ ਇੰਟਰਨੈਸ਼ਨਲ ਸਾਈਕਲ ਵੈਲੀ ਤੋਂ ਪੈਸੇ ਲਾਉਣ ਵਾਲੇ ਆਪਣੇ ਹੱਥ ਪਿੱਛੇ ਖਿੱਚ ਰਹੇ ਹਨ।ਹੀਰੋ ਮੋਟਰਜ਼ ਕੰਪਨੀ ਦੇ ਐਮ ਡੀ ਅਤੇ ਚੇਅਰਮੈਨ ਪੰਕਜ ਐਮ ਮੁੰਜਾਲ ਨੇ ਕਿਹਾ ਕਿ ਲੰਮੇ ਅਰਸੇ ਤੱਕ ਰੇਲਾਂ ਰੋਕਣ ਦੇ ਐਕਸ਼ਨਾਂ ਕਾਰਨ ਸਾਈਕਲ ਉਦਯੋਗ ਨੂੰ ਬਹੁਤ ਜਿ਼ਆਦੀ ਮਾਰ ਪਈ ਹੈ।
ਇਸ ਤੋਂ ਪਹਿਲਾਂ ਕੋਰੋਨਾ ਵਾਇਰਸ ਦੇ ਲਾਕਡਾਊਨ ਦੇ ਕਾਰਨ ਸਾਈਕਲ ਉਤਪਾਦਨ ਦਾ ਕੰਮ ਪ੍ਰਭਾਵਤ ਹੋਇਆ ਸੀ ਅਤੇ ਹਾਲੇ ਤੱਕ ਮੰਗਅ ਤੇ ਸਪਲਾਈ ਦਾ ਫਰਕ ਖਤਮ ਨਹੀਂ ਕੀਤਾ ਜਾ ਸਕਿਆ। ਇਸ ਸਥਿਤੀ ਨੇ ਸਪਲਾਈ ਸੰਕਟ ਨੂੰ ਹੋਰ ਭੈੜਾ ਬਣਾ ਦਿੱਤਾ ਹੈ। ਉਨ੍ਹਾ ਸਰਕਾਰ ਨੂੰ ਅਰਜ਼ ਕੀਤੀ ਹੈ ਕਿ ਇਸ ਮਾਮਲੇ ਵਿੱਚ ਦਖਲ ਦੇ ਕੇ ਮਾਲ ਗੱਡੀਆਂ ਦੀ ਆਵਾਜਾਈ ਮੁੜ ਸ਼ੁਰੂ ਕੀਤੀ ਜਾਵੇ ਤਾਂ ਜੋ ਸਮੱਸਿਆ ਦਾ ਹੱਲ ਹੋ ਸਕੇ।
ਉਂਜ ਸਾਈਕਲ ਸੈਕਟਰ ਚੀਨ ਤੋਂ ਦਰਾਮਦ ਕੀਤੇ ਜਾਣ ਵਾਲੇ ਹਾਈ-ਐਂਡ ਪੁਰਜਿਆਂ ਦੀ ਨਿਰਭਰਤਾ ਘਟਾਉਣ ਲਈ ਵੀ ਲਗਾਤਾਰ ਕੰਮ ਕਰ ਰਿਹਾ ਹੈ। ਚੀਨ ਨਾਲ ਚੱਲਦੇ ਸਰਹੱਦੀ ਤਣਾਅ ਕਾਰਨ ਪਿੱਛੇ ਜਿਹੇ ਹੀਰੋ ਕੰਪਨੀ ਨੇ ਚੀਨੀ ਕੰਪਨੀਆਂ ਨਾਲ 900 ਕਰੋੜ ਦੀ ਵਪਾਰਕ ਡੀਲ ਤੋਂ ਹੱਥ ਪਿਛਾਂਹ ਖਿੱਚ ਲਏ ਹਨ।