* ਦੋ ਉਮੀਦਵਾਰਾਂ ਵੱਲੋਂ ਸਿ਼ਕਾਇਤ ਦਰਜ

ਮੰਨੂੰ ਦੱਤਾ ਵਿਰੋਧੀ ਉਮੀਦਵਾਰ

ਲਿਬਰਲ ਪਾਰਟੀ ਆਫ ਕੈਨੇਡਾ, ਓਨਟਾਰੀਓ ਪੀਲ ਰੀਜਨ ਦੇ ਚੇਅਰ ਪੰਕਜ ਸੰਧੂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਾਲ।
ਮਿਸੀਸਾਗਾ, 15 ਅਕਤੂਬਰ (ਪੋਸਟ ਬਿਊਰੋ) : ਐਨਡੀਪੀ ਦੇ ਅਸੈਕਸ ਤੋਂ ਐਮਪੀਪੀ ਤਾਰਸ ਨੇਤੀਸਾਕ ਵੱਲੋਂ ਓਨਟਾਰੀਓ ਦੀ ਲਿਬਰਲ ਪਾਰਟੀ ਦੇ ਆਗੂ ਸਟੀਵਨ ਡੈਲ ਡੂਕਾ ਨੂੰ ਪੱਤਰ ਲਿਖ ਕੇ ਓਨਟਾਰੀਓ ਲਿਬਰਲ ਪਾਰਟੀ ਦੀ ਸਕਾਰਬੌਰੋ ਸੈਂਟਰ ਨੌਮੀਨੇਸ਼ਨ ਵਿੱਚ ਹੋਏ ਫਰਾਡ ਦਾ ਮਾਮਲਾ ਮੁੜ ਉਠਾਇਆ ਗਿਆ ਹੈ। ਉਨ੍ਹਾਂ ਆਪਣੇ ਇਸ ਤਾਜ਼ਾ ਪੱਤਰ ਵਿੱਚ ਪਿਛਲੇ ਪੱਤਰ ਦਾ ਜਿ਼ਕਰ ਕਰਦਿਆਂ ਆਖਿਆ ਕਿ ਉਸ ਦਾ ਕੋਈ ਜਵਾਬ ਨਾ ਦਿੱਤੇ ਜਾਣ ਕਾਰਨ ਦੂਜੀ ਵਾਰੀ ਉਨ੍ਹਾਂ ਨੂੰ ਇਹ ਖੇਚਲ ਕਰਨੀ ਪਈ। ਉਨ੍ਹਾਂ ਲਿਖਿਆ ਕਿ ਮਿਸੀਸਾਗਾ-ਮਾਲਟਨ ਨੌਮੀਨੇਸ਼ਨ ਵਿੱਚ ਹੋਏ ਫਰਾਡ ਦੇ ਦੋਸ਼ ਤਾਂ ਹੋਰ ਵੀ ਜਿ਼ਆਦਾ ਗੰਭੀਰ ਹਨ।
ਉਨ੍ਹਾਂ ਆਖਿਆ ਕਿ ਸਕਾਰਬੌਰੋ ਵਿੱਚ ਵੋਟਰ ਫਰਾਡ, ਪਛਾਣ ਚੋਰੀ ਕਰਨ ਤੇ ਗੈਰਜਮਹੂਰੀ ਕੈਂਪੇਨ ਨੂੰ ਲੈ ਕੇ ਤੁਹਾਡੇ ਹੀ ਪਾਰਟੀ ਮੈਂਬਰਾਂ ਦੇ ਤੌਖਲੇ 7 ਅਕਤੂਬਰ ਨੂੰ ਭੇਜੇ ਗਏ ਪੱਤਰ ਵਿੱਚ ਸਾਡੇ ਵੱਲੋਂ ਉਠਾਏ ਗਏ ਸਨ। ਸਕਾਰਬੌਰੋ ਵਿੱਚ ਤੁਹਾਡੀ ਪਾਰਟੀ ਨੇ 1,195 ਲਿਬਰਲ ਮੈਂਬਰਾਂ ਨੂੰ ਇਸ ਲਈ ਨਕਾਰ ਦਿੱਤਾ ਕਿਉਂਕਿ ਉਨ੍ਹਾਂ ਦੀ ਮੈਂਬਰਸਿ਼ਪਜ਼ ਦੇ ਨਾਲ ਜਾਅਲੀ ਈਮੇਲ ਅਡਰੈੱਸ ਜੁੜੇ ਹੋਏ ਸਨ। ਜਦੋਂ ਮੀਡੀਆ ਵੱਲੋਂ ਇਸ ਬਾਰੇ ਸਵਾਲ ਕੀਤਾ ਗਿਆ ਤਾਂ ਤੁਸੀਂ ਇਹ ਆਖ ਕੇ ਪੱਲਾ ਝਾੜ ਦਿੱਤਾ ਕਿ ਤੁਹਾਡੀ ਪਾਰਟੀ ਦੀ ਨੌਮੀਨੇਸ਼ਨ ਨਾਲ ਹਮੇਸ਼ਾਂ ਇਸ ਤਰ੍ਹਾਂ ਦੀਆਂ ਗੰਦੀਆਂ ਚਾਲਾਂ ਜੁੜੀਆਂ ਹੁੰਦੀਆਂ ਹਨ।
ਹੁਣ ਅਜਿਹਾ ਹੀ ਮਾਮਲਾ ਮਿਸੀਸਾਗਾ-ਮਾਲਟਨ ਨੌਮੀਨੇਸ਼ਨ ਵਿੱਚ ਵੀ ਸਾਹਮਣੇ ਆਇਆ ਹੈ। ਲੋਕਲ ਪਾਰਟੀ ਪ੍ਰੈਜ਼ੀਡੈਂਟ ਜਸਵੰਤ ਮਾਂਗਟ ਵੱਲੋਂ ਇਹ ਦੋਸ਼ ਲਾਇਆ ਗਿਆ ਹੈ ਕਿ ਲਗਭਗ 250 ਮੈਂਬਰਾਂ ਨਾਲ ਫਰਾਡ ਕੀਤਾ ਗਿਆ ਕਿਉਂਕਿ ਵਿਰੋਧੀ ਕੈਂਪੇਨ ਨੇ ਜਾਅਲੀ ਈਮੇਲ ਆਈਡੀਜ਼ ਲਿਬਰਲ ਪਾਰਟੀ ਮੈਂਬਰਸਿ਼ਪਸ ਨਾਲ ਜੋੜ ਦਿੱਤੀਆਂ। ਫਿਰ ਇਨ੍ਹਾਂ ਈਮੇਲਜ਼ ਦੀ ਵਰਤੋਂ ਪਿੰਨਜ਼ ਹਾਸਲ ਕਰਨ ਲਈ ਕੀਤੀ ਗਈ ਤੇ ਇਨ੍ਹਾਂ ਮੈਂਬਰਾਂ ਦੀ ਰਜ਼ਾਮੰਦੀ ਤੋਂ ਬਿਨਾਂ ਇਨ੍ਹਾਂ ਦੀਆਂ ਆਈਡੀਜ਼ ਦੀ ਵਰਤੋਂ ਕਰਦਿਆਂ ਹੋਇਆਂ ਮਰਜ਼ੀ ਦੇ ਉਮੀਦਵਾਰ ਨੂੰ ਵੋਟਾਂ ਪਾਈਆਂ ਗਈਆਂ। ਇਹ ਈਮੇਲਜ਼ ਮੈਂਬਰਜ਼ ਦੀਆਂ ਨਹੀਂ ਸਨ ਸਗੋਂ ਉਨ੍ਹਾਂ ਨੂੰ ਤਿਆਰ ਕੀਤਾ ਗਿਆ। ਉਨ੍ਹਾਂ ਅੱਗੇ ਲਿਖਿਆ ਕਿ ਓਐਲਪੀ ਨੂੰ ਇਸ ਤਰ੍ਹਾਂ ਦੇ ਗੈਰਕਾਨੂੰਨੀ ਢੰਗ ਤਰੀਕਿਆਂ ਨਾਲ ਅਜਿਹੀਆਂ ਮੁਜਰਮਾਨਾਂ ਗਤੀਵਿਧੀਆਂ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ।
ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਤੁਹਾਡੀ ਹੀ ਪਾਰਟੀ ਦਾ ਅਧਿਕਾਰੀ ਤੁਹਾਡੀ ਪਾਰਟੀ ਦੀ ਨੌਮੀਨੇਸ਼ਨ ਉੱਤੇ ਇਤਰਾਜ਼ ਉਠਾ ਰਿਹਾ ਹੈ। ਇਨ੍ਹਾਂ ਬਾਰੇ ਕੈਨੇਡੀਅਨ ਪੰਜਾਬੀ ਪੋਸਟ ਪਹਿਲਾਂ ਹੀ ਰਿਪੋਰਟ ਪ੍ਰਕਾਸਿ਼ਤ ਕਰ ਚੁੱਕਿਆ ਹੈ। ਇਸ ਰਿਪੋਰਟ ਦਾ ਤਰਜਮਾ ਹੀ ਅੱਜ ਕੁਈਨਜ਼ ਪਾਰਕ ਵਿੱਚ ਕੀਤਾ ਗਿਆ। ਪਰ ਤੁਹਾਡੀ ਪਾਰਟੀ ਵੱਲੋਂ ਕੋਈ ਤਸੱਲੀਬਖਸ਼ ਕਾਰਵਾਈ ਅਜੇ ਤੱਕ ਨਹੀਂ ਕੀਤੀ ਗਈ ਹੈ। ਉਨ੍ਹਾਂ ਹੀ ਪਾਰਟੀ ਅਧਿਕਾਰੀਆਂ ਵੱਲੋਂ ਅੰਦਰੂਨੀ ਜਾਂਚ ਤੋਂ ਇੰਜ ਲੱਗਦਾ ਹੈ ਕਿ ਇਨ੍ਹਾਂ ਦੋਸ਼ਾਂ ਨੂੰ ਅੱਖੋਂ ਪਰੋਖੇ ਕਰ ਦਿੱਤਾ ਗਿਆ ਹੈ। ਅਜਿਹੇ ਮਾਮਲਿਆਂ ਦੀ ਆਜ਼ਾਦਾਨਾ ਤੇ ਪਾਰਦਰਸ਼ੀ ਜਾਂਚ ਕਰਵਾਈ ਜਾਣੀ ਬੇਹੱਦ ਜ਼ਰੂਰੀ ਹੈ ਤੇ ਸਾਡੇ ਵੱਲੋਂ ਇਹ ਜਾਂਚ ਜਲਦ ਕਰਵਾਏ ਜਾਣ ਦੀ ਮੰਗ ਕੀਤੀ ਜਾਂਦੀ ਹੈ।
ਇੱਥੇ ਦੱਸਣਾ ਬਣਦਾ ਹੈ ਕਿ ਫੈਡਰਲ ਐਮਪੀ ਨਵਦੀਪ ਬੈਂਸ ਲਈ ਕੰਮ ਕਰਨ ਵਾਲੇ ਕਮਿਊਨਿਟੀ ਵਾਲੰਟੀਅਰ ਅਮਨ ਗਿੱਲ ਨੇ ਚਾਰ ਹੋਰ ਰਸੂਖਦਾਰ ਉਮੀਦਵਾਰ ਨੂੰ 26 ਸਤੰਬਰ ਨੂੰ ਹੋਈਆ ਨਾਮਜ਼ਦਗੀ ਚੋਣਾਂ ਵਿੱਚ ਹਰਾ ਕੇ ਜਿੱਤ ਹਾਸਲ ਕੀਤੀ ਸੀ। ਪਰ ਦੋ ਉਮੀਦਵਾਰਾਂ ਵੱਲੋਂ ਇਸ ਨਾਮਜ਼ਦਗੀ ਚੋਣਾਂ ਵਿੱਚ ਹੋਈਆਂ ਬੇਨਿਯਮੀਆਂ ਦਾ ਮੁੱਦਾ ਆਪਣੇ ਸੀਨੀਅਰਜ਼ ਕੋਲ ਉਠਾਇਆ ਗਿਆ ਸੀ। ਉਮੀਦਵਾਰ ਮਨੂ ਦੱਤਾ ਤੇ ਰਾਈਡਿੰਗ ਦੇ ਪ੍ਰੈਜ਼ੀਡੈਂਟ ਜਸਵੰਤ ਮਾਂਗਟ ਨੇ ਇਨ੍ਹਾਂ ਧਾਂਦਲੀਆਂ ਬਾਰੇ ਆਵਾਜ਼ ਉਠਾਈ ਸੀ ਪਰ ਇੱਧਰ ਕੋਈ ਬਹੁਤੀ ਤਵੱਜੋ ਨਹੀਂ ਦਿੱਤੀ ਗਈ। ਸਗੋਂ ਓਐਲਪੀ ਦੇ ਚੀਫ ਲੀਗਲ ਕਾਉਂਸਲ ਮਿਲਟਨ ਚੈਨ ਨੇ ਇਹ ਆਖ ਕੇ ਪੱਲਾ ਛੁਡਾਉਣ ਦੀ ਕੋਸਿ਼ਸ਼ ਕੀਤੀ ਕਿ ਇਨ੍ਹਾਂ ਬੇਨਿਯਮੀਆਂ ਨੁੂੰ ਪਹਿਲਾਂ ਪਾਰਟੀ ਦੇ ਧਿਆਨ ਵਿੱਚ ਲਿਆਉਣਾ ਚਾਹੀਦਾ ਸੀ। ਇਸ ਤਰ੍ਹਾਂ ਖਹਿੜਾ ਛੁਡਾਉਣ ਵਾਲੀ ਬਿਆਨਬਾਜ਼ੀ ਸਵੀਕਾਰ ਨਹੀਂ ਕੀਤੀ ਜਾ ਸਕਦੀ। ਪਰ ਪਤਾ ਲੱਗਿਆ ਹੈ ਕਿ ਓਨਟਾਰੀਓ ਦੀ ਲਿਬਰਲ ਪਾਰਟੀ ਵੱਲੋਂ ਮਿਸੀਸਾਗਾ-ਮਾਲਟਨ ਨੌਮੀਨੇਸ਼ਨ ਕਾਂਟੈਸਟ ਵਿੱਚ ਕਥਿਤ ਤੌਰ ਉੱਤੇ ਹੋਏ ਫਰਾਡ ਦੀ ਹੁਣ ਜਾਂਚ ਕੀਤੀ ਜਾ ਰਹੀ ਹੈ।
ਨੌਮਨੇਸ਼ਨ ਤੋਂ ਬਾਅਦ ਪੰਜਾਬੀ ਪੋਸਟ ਅਖਬਾਰ ਨੇ ਵੱਖ-ਵੱਖ ਉਮੀਦਵਾਰਾਂ ਦੇ ਸੁਪੋਰਟਰਾਂ ਨਾਲ ਗੱਲਬਾਤ ਕੀਤੀ ਸੀ ਅਤੇ ਮਿਸੀਸਾਗਾ ਮਾਲਟਨ ਦੇ ਲਿਬਰਲ ਮੈਬਰਾਂ ਵਲੋਂ ਇਕ ਕੰਪੇਨ ਦੇ ਕੁੱਝ ਹਿਮਾਇਤੀਆਂ ਉਤੇ ਦੋਸ਼ ਲਗਾਏ ਗਏ ਸਨ ਕਿ ਉਹ ਤਾਂ ਸਾਡੀ ਵੋਟਰ ਆਈ.ਡੀ. ਵਾਲੀ ਈਮੇਲ ਆਪਣੀ ਈਮੇਲ ਉਤੇ ਫਾਰਵਰਡ ਕਰਕੇ ਚਲੇ ਗਏ ਹਨ ਤੇ ਉਨ੍ਹਾਂ ਨੇ ਹੀ ਸਾਡੇ ਬੀਹਾਫ ਉਤੇ ਵੋਟ ਪਾਉਣੀ ਹੈ। ਜਦੋ ਪੰਜਾਬੀ ਪੋਸਟ ਦੇ ਪੱਤਰਕਾਰਾਂ ਵਲੋਂ ਇਸ ਬਾਰੇ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਇਕ ਵਿਅਕਤੀ, ਜੋ ਕਿ ਪੀਲ ਰੀਜਨ ਵਿਚ ਫੈਡਰਲ ਲਿਬਰਲ ਪਾਰਟੀ ਦਾ ਵੀ ਅਧਿਕਾਰੀ ਹੈ ਅਤੇ ਨਾਲ ਦੀ ਨਾਲ ਮਿਸੀਸਾਗਾ ਹਲਕੇ ਤੋ ਲਿਬਰਲ ਪਾਰਟੀ ਦੀ ਐਸੋਸੀਏਸ਼ਨ ਦਾ ਵੀ ਅਹੁਦੇਦਾਰ ਹੈ, ਵਲੋਂ ਕਈ ਵੋਟਰਾਂ ਨਾਲ ਅਜਿਹਾ ਕੀਤਾ ਗਿਆ। ਜਾਂਚ ਕਰਨ ਤੋਂ ਬਾਅਦ ਇਸ ਵਿਅਕਤੀ ਦੀ ਪਹਿਚਾਣ ਪੰਕਜ ਸੰਧੂ ਵਜੋਂ ਹੋਈ। ਜਦੋ ਸਾਡੇ ਵਲੋਂ ਪੰਕਜ ਸੰਧੂ ਨਾਲ ਸੰਪਰਕ ਕੀਤਾ ਗਿਆ ਤਾਂ ਸਵਾਲ ਦਾ ਜਵਾਬ ਦੇਣ ਦੀ ਬਜਾਏ ਉਸ ਨੇ ਫੋਨ ਕੱਟ ਦਿੱਤਾ ਤੇ ਕਦੇ ਵੀ ਸਾਡੇ ਟੈਕਸਟ ਮੈਸੇਜ ਦਾ ਜਵਾਬ ਨਹੀ ਦਿੱਤਾ। ਓਂਟਾਰੀਓ ਲਿਬਰਲ ਪਾਰਟੀ ਵਲੋਂ ਵੋਟਾਂ ਪਾਉਣ ਲਈ ਭੇਜੀ ਗਈ ਪਿਨ ਕੋਡ ਵਾਲੀ ਈਮੇਲ ਕਿਸ ਤਰ੍ਹਾਂ ਦੂਜੀਆਂ ਈਮੇਲਾਂ ਉਤੇ ਫਾਰਵਰਡ ਕੀਤੀ ਗਈ, ਉਸ ਦੀ ਇਕ ਫੋਟੋਕਾਪੀ ਅਸੀ ਛਾਪ ਰਹੇ ਹਾਂ। ਇਥੇ ਦੱਸਣਾ ਬਣਦਾ ਹੈ ਕਿ ਅਜਿਹਾ ਕਰਨਾ ਕ੍ਰੀਮੀਨਲ ਅਫੈਂਸ ਹੈ ਅਤੇ ਇਕ ਉਮੀਦਵਾਰ ਇਨ੍ਹਾਂ ਸਬੂਤਾਂ ਨੂੰ ਲੈ ਕੇ ਪੁਲਸ ਰਿਪੋਰਟ ਵੀ ਦਰਜ ਕਰਵਾਉਣ ਜਾ ਰਿਹਾ ਹੈ।