ਓਟਵਾ, 23 ਸਤੰਬਰ (ਪੋਸਟ ਬਿਊਰੋ) : ਘੱਟ ਗਿਣਤੀ ਲਿਬਰਲ ਸਰਕਾਰ ਵੱਲੋਂ ਬਹੁਤ ਹੀ ਤਾਂਘਵਾਨ ਯੋਜਨਾ ਦਾ ਖੁਲਾਸਾ ਕੀਤਾ ਗਿਆ ਹੈ| ਇਸ ਤਹਿਤ ਫੈਡਰਲ ਸਰਕਾਰ ਵੱਲੋਂ ਇੱਕ ਮਿਲੀਅਨ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਸੁਸਾਇਟੀ ਦੇ ਲੱਗਭਗ ਹਰ ਖੇਤਰ ਲਈ ਬੈਨੇਫਿਟ ਪ੍ਰੋਗਰਾਮ ਸ਼ੁਰੂ ਕਰਨ ਜਾਂ ਅਜਿਹੇ ਪ੍ਰੋਗਰਾਮਾਂ ਦਾ ਪਸਾਰ ਕਰਨ ਦਾ ਵਾਅਦਾ ਕੀਤਾ ਗਿਆ ਹੈ|
ਬੁੱਧਵਾਰ ਨੂੰ ਦਿੱਤੇ ਰਾਜ ਭਾਸ਼ਣ ਵਿੱਚ ਲਿਬਰਲਾਂ ਨੇ ਇਹ ਸੰਕੇਤ ਵੀ ਦਿੱਤਾ ਹੈ ਕਿ ਉਹ ਕਲਾਈਮੇਟ ਚੇਂਜ, ਆਰਥਿਕ ਅਸਮਾਨਤਾ ਤੇ ਪ੍ਰਣਾਲੀਗਤ ਨਸਲਵਾਦ ਨਾਲ ਸਿੱਝਣ ਦੀ ਕੋਸ਼ਿਸ਼ ਵੀ ਕਰਨੀ ਚਾਹੁੰਦੇ ਹਨ| ਰਾਜ ਭਾਸ਼ਣ ਵਿੱਚ ਇਹ ਵੀ ਸਪਸ਼ਟ ਕੀਤਾ ਗਿਆ ਕਿ ਜੇ ਕੋਵਿਡ-19 ਮਹਾਂਮਾਰੀ ਨੂੰ ਨਿਯੰਤਰਣ ਵਿੱਚ ਨਾ ਲਿਆਂਦਾ ਗਿਆ ਤਾਂ ਬਹੁਤਾ ਕੁੱਝ ਹੋ ਪਾਉਣਾ ਸੰਭਵ ਨਹੀਂ ਹੋ ਸਕੇਗਾ|
ਗਵਰਨਰ ਜਨਰਲ ਜੂਲੀ ਪੇਯੈਟ ਵੱਲੋਂ ਸੈਨੇਟ ਵਿੱਚ ਪੜ੍ਹੇ ਗਏ ਇਸ ਰਾਜ ਭਾਸ਼ਣ ਵਿੱਚ ਆਖਿਆ ਗਿਆ ਕਿ ਸਾਨੂੰ ਇਨ੍ਹਾਂ ਚੁਣੌਤੀਆਂ ਨਾਲ ਅੱਜ ਹੀ ਸਿੱਝਣਾ ਹੋਵੇਗਾ| ਪਰ ਅਸੀਂ ਭਵਿੱਖ ਵਿੱਚ ਆਉਣ ਵਾਲੇ ਇਮਤਿਹਾਨਾਂ ਨੂੰ ਵੀ ਭੁਲਾ ਨਹੀਂ ਸਕਦੇ| ਕੋਵਿਡ-19 ਦੀ ਸੰਭਾਵੀ ਸੈਕਿੰਡ ਵੇਵ ਨੂੰ ਠੱਲ੍ਹ ਪਾਉਣ ਲਈ ਸਾਨੂੰ ਟੈਸਟਿੰਗ ਸਮਰੱਥਾ ਵਿੱਚ ਵਾਧਾ ਕਰਨਾ ਹੋਵੇਗਾ| ਇਸ ਤੋਂ ਇਲਾਵਾ ਲੋਕਲ ਪਬਲਿਕ ਹੈਲਥ ਦੇ ਹੁਕਮਾਂ ਕਾਰਨ ਬੰਦ ਕੀਤੇ ਜਾਣ ਵਾਲੇ ਕਾਰੋਬਾਰਾਂ ਦੀ ਮਦਦ ਲਈ ਵੀ ਸਾਨੂੰ ਅੱਗੇ ਆਉਣਾ ਹੋਵੇਗਾ|
ਲਿਬਰਲਾਂ ਵੱਲੋਂ ਇੰਪਲੌਇਮੈਂਟ ਇੰਸੋæਰੈਂਸ ਸਿਸਟਮ ਦੇ ਪਸਾਰ ਦਾ ਵਾਅਦਾ ਵੀ ਕੀਤਾ ਗਿਆ ਹੈ| ਇਸ ਦੌਰਾਨ ਉਨ੍ਹਾਂ ਲਈ ਨਵੇਂ ਬੈਨੇਫਿਟ ਦਾ ਵਾਅਦਾ ਕੀਤਾ ਗਿਆ ਹੈ ਜਿਹੜੇ ਪਹਿਲਾਂ ਵਾਲੇ ਇੰਸ਼ੋਰੈਂਸ ਸਿਸਟਮ ਲਈ ਯੋਗ ਨਹੀਂ ਬੈਠਦੇ| ਇਸ ਤੋਂ ਇਲਾਵਾ ਸਰਕਾਰ ਨੇ ਅਗਲੀਆਂ ਗਰਮੀਆਂ ਤੱਕ ਫੈਡਰਲ ਵੇਜ ਸਬਸਿਡੀ ਪ੍ਰੋਗਰਾਮ ਵਿੱਚ ਵਾਧਾ ਕਰਨ ਦਾ ਐਲਾਨ ਵੀ ਕੀਤਾ ਤੇ ਕੈਨੇਡਾ ਦੇ ਸੱਭ ਤੋਂ ਵੱਧ ਨੁਕਸਾਨੇ ਗਏ ਸੈਕਟਰਜ਼ ਲਈ ਹੋਰ ਆਰਥਿਕ ਮਦਦ ਮੁਹੱਈਆ ਕਰਵਾਉਣ ਦੀ ਗੱਲ ਵੀ ਆਖੀ|
ਇਸ ਭਾਸ਼ਣ ਉੱਤੇ ਪ੍ਰਤੀਕਿਰਿਆ ਪ੍ਰਗਟਾਉਂਦਿਆਂ ਪ੍ਰੀਮੀਅਰ ਡੱਗ ਫੋਰਡ ਨੇ ਵਾਧੂ ਟੈਸਟਿੰਗ ਦੀ ਲੋੜ ਉੱਤੇ ਜ਼ੋਰ ਦਿੱਤਾ| ਉਨ੍ਹਾਂ ਆਖਿਆ ਕਿ ਟੈਸਟਿੰਗ ਦੇ ਹੋਰ ਤਰੀਕਿਆਂ ਨਾਲ ਓਨਟਾਰੀਓ ਵਿੱਚ ਕੰਮ ਕਰ ਰਹੇ 140 ਅਸੈੱਸਮੈਂਟ ਸੈਂਟਰਾਂ ਉੱਤੇ ਦਬਾਅ ਕਾਫੀ ਘੱਟ ਜਾਵੇਗਾ| ਸੱਤਾ ਵਿੱਚ ਬਣੇ ਰਹਿਣ ਲਈ ਲਿਬਰਲ ਸਰਕਾਰ ਦਾ ਮੁੱਖ ਟੀਚਾ ਅਰਥਚਾਰੇ ਨੂੰ ਮੁੜ ਲੀਹ ਉੱਤੇ ਲਿਆਉਣਾ ਤੇ ਕੈਨੇਡੀਅਨਾਂ ਦੀ ਹਰ ਸੰਭਵ ਮਦਦ ਕਰਨਾ ਹੈ|
ਹੁਣ ਰਾਜ ਭਾਸ਼ਣ ਦੇ ਆਧਾਰ ਉੱਤੇ ਲਿਬਰਲ ਪਾਰਟੀ ਨੂੰ ਭਰੋਸੇ ਦਾ ਵੋਟ ਹਾਸਲ ਕਰਨਾ ਹੋਵੇਗਾ ਤੇ ਆਪਣੀਆਂ ਯੋਜਨਾਵਾਂ ਨੂੰ ਅਮਲੀ ਰੂਪ ਦੇਣ ਲਈ ਲਿਬਰਲਾਂ ਨੂੰ ਹਾਊਸ ਆਫ ਕਾਮਨਜ਼ ਵਿੱਚ ਤਿੰਨ ਮੁੱਖ ਵਿਰੋਧੀ ਪਾਰਟੀਆਂ ਵਿੱਚੋਂ ਕਿਸੇ ਇੱਕ ਦਾ ਸਮਰਥਨ ਹਾਸਲ ਕਰਨਾ ਹੋਵੇਗਾ|