ਸ਼ਿਮਲਾ, 21 ਸਤੰਬਰ (ਪੋਸਟ ਬਿਊਰੋ)- ਹਿਮਾਚਲ ਪ੍ਰਦੇਸ਼ ਦੀ ਹੱਦ ਖੁੱਲ੍ਹਣ ਪਿੱਛੋਂ ਹਿਲਸ ਕਵੀਨ ਸਿ਼ਮਲਾ ਸੈਲਾਨੀਆਂ ਨਾਲ ਇੱਕ ਵਾਰ ਫਿਰ ਗੁਲਜ਼ਾਰ ਹੋਣ ਲੱਗਾ ਹੈ। ਤਕਰੀਬਨ ਸੱਤ ਮਹੀਨੇ ਬਾਅਦ ਏਥੇ ਸੈਲਾਨੀਆਂ ਦੀ ਰੌਣਕ ਦੇਖਣ ਨੂੰ ਮਿਲੀ। ਬਾਰਡਰ ਖੁੱਲ੍ਹਣ ਦੇ ਬਾਅਦ ਪਹਿਲੇ ਵੀਕੈਂਡ 'ਤੇ ਹਿਲਸ ਕਵੀਨ ਵਿੱਚ ਸੈਲਾਨੀ ਵੱਡੀ ਗਿਣਤੀ ਵਿੱਚ ਪਹੁੰਚ ਗਏ ਅਤੇ ਦੋ ਦਿਨਾਂ ਦੇ ਵੀਕੈਂਡ 'ਤੇ ਸ਼ਹਿਰ ਦੇ ਹੋਟਲਾਂ ਵਿੱਚ ਆਕਿਊਪੈਂਸੀ 60 ਫੀਸਦੀ ਤੋਂ ਉਪਰ ਪਹੁੰਚ ਗਈ ਹੈ। ਸੈਲਾਨੀਆਂ ਦੇ ਸ਼ਿਮਲਾ ਪਹੰੁਚਣ ਨਾਲ ਪਾਰਕਿੰਗ ਵੀ ਪੈਕ ਹੋ ਗਈ ਹੈ।
ਵਰਨਣ ਯੋਗ ਹੈ ਕਿ ਲੰਮੇ ਸਮੇਂ ਬਾਅਦ ਸੈਲਾਨੀਆਂ ਨੇ ਸ਼ਿਮਲੇ ਵਿੱਚ ਖੂਬ ਮਸਤੀ ਕੀਤੀ ਹੈ ਅਤੇ ਰਿਜ ਮੈਦਾਨ, ਸਕੈਂਡਲ ਪੁਆਇੰਟ, ਲੱਕੜ ਬਾਜ਼ਾਰ ਅਤੇ ਮਾਲ ਰੋਡ 'ਤੇ ਸੈਲਾਨੀ ਘੰੁਮਦੇ ਦਿਖਾਈ ਦਿੱਤੇ। ਇਸ ਦੇ ਇਲਾਵਾ ਸੈਲਾਨੀਆਂ ਨੇ ਨਾਲ ਦੇਹਰਾ, ਕੁਫਰੀ, ਫਾਗੂ, ਗਲੁ, ਮਸ਼ੋਬਰਾ ਦਾ ਵੀ ਰੁਖ਼ ਕੀਤਾ, ਜਿਸ ਨਾਲ ਸੈਲਾਨੀ ਕਾਰੋਬਾਰ ਨਾਲ ਜੁੜੇ ਹੋਏ ਕਾਰੋਬਾਰੀਆਂ ਦੇ ਚਿਹਰੇ 'ਤੇ ਰੌਣਕ ਦਿਖਾਈ ਦਿੱਤੀ ਹੈ। ਰਾਜਧਾਨੀ ਸ਼ਿਮਲਾ ਵਿੱਚ ਗੁਆਂਢੀ ਸੂਬਿਆਂ ਚੰਡੀਗੜ੍ਹ, ਪੰਜਾਬ, ਹਰਿਆਣਾ ਅਤੇ ਦਿੱਲੀ ਤੋਂ ਭਾਰੀ ਗਿਣਤੀ ਵਿੱਚ ਸੈਲਾਨੀ ਵੀਕੈਂਡ 'ਤੇ ਪਹੁੰਚੇ ਹਨ।
ਵਿਸ਼ਵ ਪ੍ਰਸਿੱਧ ਸੈਲਾਨੀ ਸਥਾਨ ਕੁਫਰੀ ਵਿੱਚ ਸਾਰਾ ਦਿਨ ਸੈਲਾਨੀਆਂ ਦੀਆਂ ਗੱਡੀਆਂ ਦੀ ਆਵਾਜਾਈ ਲੱਗੀ ਰਹੀ। ਕੁਦਰਤੀ ਸੁੰਦਰਤਾ ਦਾ ਆਨੰਦ ਲੈਣ ਲਈ ਸੈਲਾਨੀਆਂ ਨੇ ਨਾਰਕੰਡਾ ਦਾ ਵੀ ਰੁਖ਼ ਕੀਤਾ। ਕੋਰੋਨਾ ਇਨਫੈਕਸ਼ਨ ਦੇ ਖਤਰੇ ਨੂੰ ਲੈ ਕੇੇ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਨੂੰ ਲਾਗੂ ਕਰਨ ਅਤੇ ਜ਼ਰੂਰੀ ਰੂਪ ਤੋਂ ਮਾਸਕ ਪਹਿਨਣ ਦੇ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਸ਼ਿਮਲਾ ਪੁਲਸ ਨੇ ਵੱਡੀ ਗਿਣਤੀ ਪੁਲਸ ਮੁਲਾਜ਼ਮਾਂ ਦੀ ਤੈਨਾਤੀ ਕੀਤੀ ਹੋਈ ਹੈ।