* ਦਿੱਲੀ ਵਿਧਾਨ ਸਭਾ ਕਮੇਟੀ ਵੱਲੋਂ ਸਖਤੀ
ਨਵੀਂ ਦਿੱਲੀ, 21 ਸਤੰਬਰ (ਪੋਸਟ ਬਿਊਰੋ)- ਦਿੱਲੀ ਵਿਧਾਨ ਸਭਾ ਦੀ ਸ਼ਾਂਤੀ ਤੇ ਸਦਭਾਵਨਾ ਕਮੇਟੀ ਵੱਲੋਂ ਫੇਸਬੁੱਕ ਨੂੰ ਦੂਸਰਾ ਅਤੇ ਆਖਰੀ ਨੋਟਿਸ ਜਾਰੀ ਕਰ ਕੇ ਬੁੱਧਵਾਰ ਨੂੰ ਕਮੇਟੀ ਅੱਗੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਇਸ ਨੋਟਿਸ ਦੇ ਤਹਿਤ ਦਿੱਲੀ ਦੇ ਉਤਰ-ਪੂਰਬੀ ਇਲਾਕੇ ਵਿੱਚ ਹੋਏ ਦੰਗਿਆਂ ਵੇਲੇ ਸੋਸ਼ਲ ਮੀਡੀਆ 'ਤੇ ਨਫਰਤ ਫੈਲਾਉਣ ਤੇ ਪੱਖਪਾਤੀ ਹੋਣ ਦੇ ਦੋਸ਼ਾਂ ਬਾਰੇ ਫੇਸਬੁੱਕ ਦੇ ਅਧਿਕਾਰੀਆਂ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ ਜਾਵੇਗਾ।
ਇਸ ਤੋਂ ਪਹਿਲਾਂ ਵੀ ਕਮੇਟੀ ਨੇ ਫੇਸਬੁੱਕ ਦੇ ਐਮ ਡੀ ਅਜੀਤ ਮੋਹਨ ਅਤੇ ਹੋਰਨਾਂ ਨੂੰ 15 ਸਤੰਬਰ ਨੂੰ ਪੇਸ਼ ਹੋਣ ਲਈ ਕਿਹਾ ਸੀ, ਪਰ ਫੇਸਬੁੱਕ ਵੱਲੋਂ ਕਮੇਟੀ ਦੀ ਬੈਠਕ ਚੱਲਦੀ ਦੌਰਾਨ ਚਿੱਠੀ ਭੇਜ ਕੇ ਤਰਕ ਦਿੱਤਾ ਗਿਆ ਕਿ ਉਹ ਇਸ ਬਾਰੇ ਪਾਰਲੀਮੈਂਟ ਦੀ ਇੱਕ ਕਮੇਟੀ ਅੱਗੇ ਪੇਸ਼ ਹੋ ਚੁੱਕੇ ਹਨ, ਇਸ ਲਈ ਦਿੱਲੀ ਵਿਧਾਨ ਸਭਾ ਦੀ ਕਮੇਟੀ ਵੱਲੋਂ ਜਾਰੀ ਹੋਏ ਸੰਮਨ ਨੂੰ ਰੱਦ ਕਰ ਦਿੱਤਾ ਜਾਵੇ। ਕੱਲ੍ਹ ਜਾਰੀ ਬਿਆਨ ਵਿੱਚ ਵਿਧਾਨ ਸਭਾ ਦੀ ਕਮੇਟੀ ਨੇ ਕਿਹਾ ਹੈ ਕਿ ਹਾਜ਼ਰੀ ਦੀ ਕਿਸੇ ਵੀ ਅਣਦੇਖੀ ਨੂੰ ਕਮੇਟੀ ਦੇ ਸੰਵਿਧਾਨ ਵੱਲੋਂ ਦਿੱਤੇ ਗਾਰੰਟੀ ਸ਼ੁਦਾ ਅਧਿਕਾਰਾਂ ਦੀ ਉਲੰਘਣਾ ਮੰਨਿਆ ਜਾਵੇਗਾ। ਉਨ੍ਹਾਂ ਕਿਹਾ ਕਿ ਫੇਸਬੁੱਕ ਇੰਡੀਆ ਦੇ ਨੁਮਾਇੰਦੇ ਵੱਲੋਂ ਦਿਖਾਈ ਲਾਪਰਵਾਹੀ ਦਿੱਲੀ ਦੇ ਲੋਕਾਂ ਦੀ ਬੇਇੱਜ਼ਤੀ ਹੈ ਤੇ ਡਿਫਾਲਟਰ ਹੋਣ ਦੀ ਹਾਲਤ ਵਿੱਚ ਕਮੇਟੀ ਵੱਲੋਂ ਆਪਣੀਆਂ ਤਾਕਤਾਂ ਹੇਠ ਫੇਸਬੁੱਕ ਦੇ ਖਿਲਾਫ ਆਪਣੇ ਅਧਿਕਾਰ ਖੇਤਰ ਹੇਠ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ, ਜਿਸ ਦਾ ਕਮੇਟੀ ਨੂੰ ਅਧਿਕਾਰ ਹੈ।