* ਸੁਖਬੀਰ ਤੇ ਹਰਸਿਮਰਤ ਕੌਰ ਨੇ ਦਰਬਾਰ ਸਾਹਿਬ ਜਾਣਾ ਟਾਲਿਆ
ਚੰਡੀਗੜ੍ਹ, 20 ਸਤੰਬਰ, (ਪੋਸਟ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦਾ21 ਸਤੰਬਰ ਨੂੰ ਅੰਮ੍ਰਿਤਸਰ ਦੌਰਾ ਮੁਲਤਵੀ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਇਸ ਦਿਨ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਲਈ ਜਾਣਾ ਸੀ। ਪਾਰਟੀ ਦੇ ਮੁਤਾਬਕ ਇਹ ਦੌਰਾ ਅੱਜ ਐਤਵਾਰ ਨੂੰ ਰਾਜ ਸਭਾ `ਚ ਵਾਪਰੇ ਘਟਨਾਕ੍ਰਮ ਦੇ ਕਾਰਨ ਮੁਲਤਵੀ ਕੀਤਾ ਗਿਆ ਹੈ, ਜਿਸ ਪਿੱਛੋਂ ਅਕਾਲੀ ਦਲ ਨੇ ਰਾਸ਼ਟਰਪਤੀ ਨੂੰ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਹਿੱਤ `ਚ ਖੇਤੀ ਬਿੱਲਾਂ ਨੂੰ ਮਨਜ਼ੂਰੀ ਨਾ ਦੇਣ ਲਈ ਕਿਹਾ ਹੈ। ਕੁਝ ਲੋਕਾਂ ਦਾ ਖਿਆਲ ਹੈ ਕਿ ਇਸ ਦੌਰੇ ਦੌਰਾਨ ਇਨ੍ਹਾਂ ਦੋਵਾਂ ਦਾ ਵਿਰੋਧ ਕੀਤੇ ਜਾਣ ਦਾ ਵੀ ਡਰ ਸੀ।
ਇਸ ਸੰਬੰਧ ਵਿੱਚ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਬਾਦਲ ਦੇ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਜਾਣ ਦੇ ਪ੍ਰੋਗਰਾਮ ਵਿੱਚ ਤਬਦੀਲੀ ਰਾਜ ਸਭਾ ਵਿੱਚ ਵਾਪਰੇ ਘਟਨਾਕ੍ਰਮ ਤੇ ਬਿੱਲਾਂ ਨੂੰ ਆਵਾਜ਼ ਦੀ ਵੋਟ ਨਾਲ ਪਾਸ ਕਰਨ ਦੇ ਬਾਅਦ ਪੈਦਾ ਹੋਏ ਹਾਲਾਤ ਕਾਰਨ ਕੀਤੀ ਗਈ ਹੈ।
ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਭਾਰਤ ਦੇ ਰਾਸ਼ਟਰਪਤੀ ਨੂੰ ਇਹ ਅਪੀਲ ਵੀ ਕਰ ਦਿੱਤੀ ਹੈ ਕਿ ਉਹ ਨਰਿੰਦਰ ਮੋਦੀ ਸਰਕਾਰ ਦੇ ਖੇਤੀਬਾੜੀ ਬਿੱਲਾਂ `ਤੇ ਦਸਖਤ ਨਾ ਕਰਨ। ਉਨ੍ਹਾ ਨੇ ਰਾਸ਼ਟਰਪਤੀ ਨੂੰ ਇਹੋ ਜਿਹੀ ਅਪੀਲ ਕਰਦਿਆਂ ਕਿਹਾ ਕਿ ਰਾਸ਼ਟਰਪਤੀ ਜੀ ਖੇਤੀਬਾੜੀ ਬਿਲਾਂ ਉਤੇ ਹਸਤਾਖਰ ਨਾ ਕਰੋ ਅਤੇ ਇਨ੍ਹਾਂ ਬਿੱਲਾਂ ਨੂੰ ਮੁੜਕੇ ਵਿਚਾਰ ਕਰਨ ਲਈ ਪਾਰਲੀਮੈਂਟ ਨੂੰ ਭੇਜ ਦਿਓ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਿਸਾਨਾਂ, ਮਜ਼ਦੂਰਾਂ, ਆੜ੍ਹਤੀਆਂ, ਅਨਾਜ ਮੰਡੀ ਦੇ ਮਜ਼ਦੂਰਾਂ ਅਤੇ ਦਲਿਤਾਂ ਲਈ ਰਾਸ਼ਟਰਪਤੀ ਇਸ ਮਾਮਲੇ ਵਿੱਚਦਖਲ ਦੇਣ, ਨਹੀਂ ਤਾਂ ਲੋਕ-ਨੁਮਾਇੰਦਾ ਹੋਣ ਦੇ ਨਾਤੇ ਆਮ ਲੋਕ ਸਾਨੂੰ ਮੁਆਫ਼ ਨਹੀਂ ਕਰਨਗੇ। ਛੋਟੇ ਬਾਦਲ ਨੇ ਕਿਹਾ ਕਿ ਲੋਕਤੰਤਰ ਦਾ ਅਰਥ ਆਮ ਸਹਿਮਤੀ ਹੈ, ਜ਼ੁਲਮ ਨਹੀ, ਜੇ‘ਅੰਨ-ਦਾਤਾ’ ਕਿਸਾਨ ਖੁਦ ਭੁੱਖਾ ਮਰਨ ਜਾਂ ਸੜਕਾਂ ਉੱਤੇ ਸੌਣ ਲਈ ਮਜਬੂਰ ਹੋ ਜਾਵੇਗਾ ਤਾਂ ਉਹ ਲੋਕਤੰਤਰ ਲਈ ਸੱਚਮੁੱਚ ਸਭ ਤੋਂ ਦੁਖਦਾਈ ਦਿਨ ਗਿਣਿਆ ਜਾਵੇਗਾ।
ਮਸਾਂ ਇੱਕ ਹਫਤਾ ਪਹਿਲਾਂ ਤੱਕ ਖੇਤੀ ਬਿੱਲਾਂ ਅਤੇ ਮੋਦੀ ਸਰਕਾਰ ਦੇ ਹੱਕ ਵਿੱਚ ਡਟਿਆ ਰਹਿਣ ਵਾਲਾ ਅਕਾਲੀ ਦਲ ਬਾਦਲ ਪਿਛਲੇ ਹਫਤੇ ਦੌਰਾਨ ਏਨਾ ਪਲਟੀ ਮਾਰ ਗਿਆ ਹੈ ਕਿ ਉਸ ਦੀ ਆਗੂ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤਾ ਤੇ ਅੱਜ ਕਿਸਾਨਾਂ ਦੇ ਹੱਕ ਵਿੱਚ ਖੁਲ੍ਹ ਕੇ ਮੋਦੀ ਸਰਕਾਰ ਖਿਲਾਫ ਮੈਦਾਨ ਵਿੱਚ ਆ ਗਿਆ ਹੈ। ਅੱਜ ਸੀਨੀਅਰਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ ਨੇ ਇਹ ਵੀ ਕਹਿ ਦਿੱਤਾ ਕਿ ਅਕਾਲੀ ਦਲ ਵੱਲੋਂ ਜੇਲ੍ਹ ਭਰੋ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਨੇ ਕੇਂਦਰ ਸਰਕਾਰ ਦੀ ਤੁਲਨਾ ਅੰਗਰੇਜ਼ਾਂ ਨਾਲ ਵੀ ਕਰ ਦਿੱਤੀ ਹੈ।