Welcome to Canadian Punjabi Post
Follow us on

26

February 2020
ਸੰਪਾਦਕੀ

ਵਿਤਕਰੇ ਦਾ ਸਿ਼ਕਾਰ ਇੱਕ ਹੋਰ ‘ਬੀ ਜੇ ਸੰਧੂ’?

November 21, 2018 08:50 AM

ਪੰਜਾਬੀ ਪੋਸਟ ਸੰਪਾਦਕੀ

ਪੀਲ ਪੁਲੀਸ ਦੇ ਸਾਬਕਾ ਸਾਰਜੰਟ ਅਤੇ ਪੀਲ ਖੇਤਰ ਵਿੱਚ ਸਾਊਥ ਏਸ਼ੀਅਨ ਕਮਿਉਨਿਟੀ ਵਿੱਚ ਪੁਲੀਸ ਤਾਣੇ ਬਾਣੇ ਨਾਲ ਸਾਂਝ ਦਾ ਧੁਰਾ ਕਰਕੇ ਜਾਣੇ ਜਾਂਦੇ ‘ਬੀ ਜੇ ਸੰਧੂ’ ਨੂੰ ਪੰਜਾਬੀ ਕਮਿਉਨਿਟੀ ਦੇ ਸਰਗਰਮ ਸਮਾਜਕ ਦਾਇਰਿਆਂ ਵਿੱਚ ਸ਼ਾਇਦ ਹੀ ਕੋਈ ਹੋਵੇ ਜੋ ਨਾ ਜਾਣਦਾ ਹੋਵੇ। ਅਜਿਹਾ ਵੀ ਸ਼ਾਇਦ ਹੀ ਕੋਈ ਹੋਵੇ ਜੋ ਇਹ ਨਾ ਜਾਣਦਾ ਹੋਵੇ ਕਿ ਬੀ ਜੇ ਸੰਧੂ ਨੂੰ ਬਿਹਤਰ ਕਾਰਗੁਜ਼ਾਰੀ ਅਤੇ ਲੰਬੀ ਨੌਕਰੀ ਦੇ ਚੰਗੇ ਰਿਕਾਰਡ ਦੇ ਬਾਵਜੂਦ ਤਰੱਕੀ ਨਹੀਂ ਸੀ ਦਿੱਤੀ ਗਈ ਕਿਉਂਕਿ ਉਸਦੇ ਸੀਨੀਅਰ ਸੋਚਦੇ ਸਨ ਕਿ ਤਰੱਕੀ ਲਈ ਇੱਕ ਕੁਆਲੀਫੀਕੇਸ਼ਨ ਖਾਸ ਕਿਸਮ ਦੀ ਕਮਿਉਨਿਟੀ ਜੰਮੇ ਪਲੇ ਹੋਣਾ ਹੁੰਦਾ ਹੈ। ਉਸਨੇ ਆਪਣੀ ਮਾਨਕਿਸ ਸਿਹਤ ਦੀ ਖਰਾਬੀ ਦੇ ਜੋਖ਼ਮ ਨੂੰ ਲਾਂਭੇ ਰੱਖਦੇ ਹੋਏ ਪੀਲ ਪੁਲੀਸ ਵਿਰੁੱਧ ਮਨੁੱਖੀ ਅਧਿਕਾਰ ਟ੍ਰਿਬਿਊਨਲ ਵਿੱਚ ਲੰਬਾ ਕੇਸ ਲੜਿਆ ਅਤੇ ਜਿੱਤਿਆ। ਹੁਣ ਓਟਾਵਾ ਵਿੱਚ ਇੱਕ ਹੋਰ ਸਾਊਥ ਏਸ਼ੀਅਨ ਪੁਲੀਸ ਅਫ਼ਸਰ ਨੇ ‘ਬੇ ਜੀ ਸੰਧੂ’ ਵਾਲੇ ਰਾਹ ਤੁਰਨ ਦਾ ਫੈਸਲਾ ਕੀਤਾ ਹੈ।

 

ਓਟਾਵਾ ਪੁਲੀਸ ਨਾਲ 27 ਸਾਲਾਂ ਤੋਂ ਕੰਮ ਕਰਦੇ ਆ ਰਹੇ ਇਨਸਪੈਕਟਰ ਸਮੀਰ ਭਟਨਾਗਰ ਦਾ ਕੇਸ ਅੱਜ ਕੱਲ ਮਨੁੱਖੀ ਅਧਿਕਾਰ ਟ੍ਰਿਬਿਊਨਲ ਦੀ ਅਦਾਲਤ ਵਿੱਚ ਸੁਣਿਆ ਜਾ ਰਿਹਾ ਹੈ। ਭਟਨਾਗਰ ਦਾ ਦੋਸ਼ ਹੈ ਕਿ ਹਰ ਪੱਖ ਤੋਂ ਲਾਇਕ ਅਫ਼ਸਰ ਹੋਣ ਦੇ ਬਾਵਜੂਦ ਉਸਨੂੰ ਰੰਗ ਅਤੇ ਨਸਲ ਦੇ ਵਿਤਕਰੇ ਕਾਰਣ ਤਰੱਕੀ ਦੇ ਕੇ ਸੁਪਰਡੈਂਟ ਨਹੀਂ ਬਣਾਇਆ ਗਿਆ। ਭਟਨਾਗਰ ਦੀ ਗੱਲ ਨਾਲ ਉਸਦੇ ਬਹੁਤ ਸਾਥੀ ਪੁਲੀਸ ਅਫ਼ਸਰ ਅਤੇ ਸੀਨੀਅਰ ਅਫ਼ਸਰ ਸਹਿਮਤ ਹਨ। ਇੱਥੇ ਤੱਕ ਕਿ ਓਟਾਵਾ ਪੁਲੀਸ ਦੇ ਸਾਬਕਾ ਪੁਲੀਸ ਮੁਖੀ ਅਤੇ ਸੀਨੇਟਰ ਵਰਨ ਵ੍ਹਾਈਟ  (Vern White) ਨੇ ਟ੍ਰਿਬਿਊਨਲ ਵਿੱਚ ਪੇਸ਼ ਹੋ ਕੇ ਸਮੀਰ ਭਟਨਾਗਰ ਦੇ ਹੱਕ ਵਿੱਚ ਗਵਾਹੀ ਭਰੀ ਹੈ।

 

2012 ਵਿੱਚ ਪੁਲੀਸ ਮੁ਼ਖੀ ਵਜੋਂ ਰਿਟਾਇਰ ਹੋਏ ਸੀਨੇਟਰ ਵਰਨ ਵ੍ਹਾਈਟ ਦਾ ਆਖਣਾ ਹੈ ਕਿ ਉਸਦੇ ਮੁਤਾਬਕ ਭਟਨਾਗਰ ਨੂੰ ਹੁਣ ਤੱਕ ਸੁਪਰਡੈਂਟ ਹੀ ਨਹੀਂ ਸਗੋਂ 2019 ਵਿੱਚ ਡਿਪਟੀ ਚੀਫ਼ ਦੇ ਅਹੁਦੇ ਉੱਤੇ ਪੁੱਜ ਜਾਣਾ ਚਾਹੀਦਾ ਸੀ। ਵ੍ਹਾਈਟ ਦਾ ਵਿਸ਼ਵਾਸ਼ ਹੈ ਕਿ ਸਮੀਰ ਨੂੰ ਵੱਖਰੀ ਰੰਗ ਨਸਲ ਦਾ ਹੋਣ ਕਾਰਣ ਤਰੱਕੀ ਨਹੀਂ ਦਿੱਤੀ ਗਈ। ਸੀਨੇਟਰ ਵ੍ਹਾਈਟ ਮੁਤਾਬਕ ਓਟਾਵਾ ਪੁਲੀਸ ਦੇ 160 ਸਾਲਾਂ ਦੇ ਇਤਿਹਾਸ ਵਿੱਚ ਇੱਕ ਵੀ ਰੰਗਦਾਰ ਅਫ਼ਸਰ ਨੂੰ ਸੀਨੀਅਰ ਅਹੁਦਾ ਨਾ ਦਿੱਤਾ ਜਾਣਾ ਅਜੀਬ ਹੀਂ ਨਹੀਂ ਜਾਪਦਾ ਸਗੋਂ ਗਲਤ ਹੈ। ਸਮੀਰ ਭਟਨਾਗਰ ਦੀ ਟ੍ਰਿਬਿਊਨਲ ਕੋਲ ਮੰਗ ਹੈ ਕਿ ਉਸਨੂੰ ਤੁਰੰਤ ਦੇ ਨਾਲ 1 ਲੱਖ ਡਾਲਰ ਹਰਜਾਨਾ ਅਤੇ 40 ਹਜ਼ਾਰ ਡਾਲਰ ਅਦਾਲਤ ਦੇ ਖਰਚਿਆਂ ਵਜੋਂ ਅਦਾ ਕੀਤੇ ਜਾਣ। ਓਟਾਵਾ ਪੁਲੀਸ ਉਸਦੇ ਦਾਅਵੇ ਨੂੰ ਰੱਦ ਕਰ ਲਈ ਚਾਰਾਜੋਈ ਕਰ ਰਹੀ ਹੈ।

 

ਓਟਾਵਾ ਪੁਲੀਸ ਵਿਰੁੱਧ ਨਸਲੀ ਵਿਤਕਰੇ ਦਾ ਮੁੱਕਦਮਾ ਕਰਨ ਵਾਲਾ ਸਮੀਰ ਭਟਨਾਗਰ ਇੱਕਲਾ ਅਫ਼ਸਰ ਨਹੀਂ ਹੈ (ਉਹ ਸ਼ਰਤੀਆ ਹੀ ਪਹਿਲਾ ਸਾਊਥ ਏਸ਼ੀਅਨ ਜਰੂਰ ਹੈ)। ਸੂਤਰਾਂ ਮੁਤਾਬਕ ਇਸ ਵੇਲੇ ਓਟਾਵਾ ਪੁਲੀਸ ਵਿਰੁੱਧ 5 ਅਫ਼ਸਰਾਂ ਨੇ ਨਸਲੀ ਵਿਤਕਰੇ ਦੇ ਕੇਸ ਦਾਇਰ ਕੀਤੇ ਹੋਏ ਹਨ। ਇਹਨਾਂ ਵਿੱਚ ਕਾਂਸਟੇਬਲ ਮੈਟ ਕਲਾਰਕ ਕਾਲੇ ਭਾਈਚਾਰੇ ਨਾਲ ਸਬੰਧਿਤ ਅਫ਼ਸਰ ਹੈ ਜਿਸ ਦਾ ਦੋਸ਼ ਹੈ ਕਿ ਕਾਲੇ ਰੰਗ ਦਾ ਹੋਣ ਕਾਰਣ ਸੀਨੀਅਰ ਅਫਸਰ ਉਸ ਨਾਲ ਮਾੜਾ ਵਰਤਾਅ ਕਰਦੇ ਹਨ। ਕਾਂਸਟੇਬਲ ਖੋਆ ਹੋਆਂਗ ਵੀਅਤਨਾਮੀ ਕਮਿਉਨਿਟੀ ਦਾ ਪੁਲੀਸ ਅਫ਼ਸਰ ਹੈ ਜੋ ਤਰੱਕੀ ਵਿੱਚ ਵਿਤਕਰਾ ਕੀਤੇ ਜਾਣ ਦਾ ਦੋਸ਼ ਲਾ ਰਿਹਾ ਹੈ। ਇਸੇ ਤਰੀਕੇ ਇੱਕ ਮੂਲਵਾਸੀ ਭਾਈਚਾਰੇ ਨਾਲ ਸਬੰਧਿਤ ਕਾਂਸਟੇਬਲ ਪੈਟ ਲਾਫਰੀਨੀਏ ਦਾ ਆਖਣਾ ਹੈ ਕਿ ਉਸਨੂੰ ਵਿਤਕਰੇ ਦਾ ਸਿ਼ਕਾਰ ਬਣਾਇਆ ਗਿਆ ਹੈ।

 

ਪੁਲੀਸ ਮਾਮਲਿਆਂ ਦੀ ਜਾਣਕਾਰੀ ਰੱਖਣ ਵਾਲੇ ਮਾਹਰਾਂ ਦਾ ਖਿਆਲ ਹੈ ਕਿ ਕਿਸੇ ਸ਼ਹਿਰ ਦੀ ਪੁਲੀਸ ਫੋਰਸ ਖਿਲਾਫ਼ ਉਸਦੇ ਆਪਣੇ ਪੰਜ ਅਫ਼ਸਰਾਂ ਵੱਲੋਂ ਨਸਲੀ ਵਿਤਕਰੇ ਦੇ ਕੇਸ ਕੀਤੇ ਜਾਣੇ ਇੱਕ ਬਹੁਤ ਗੰਭੀਰ ਮਸਲਾ ਹੈ। ਦੇਸ਼ ਦੀ ਰਾਜਧਾਨੀ ਵਿੱਚ ਅਜਿਹਾ ਹੋਣਾ ਆਪਣੇ ਆਪ ਵਿੱਚ ਸੰਗੀਨ ਮਸਲਾ ਹੈ।

 

ਸਮੀਰ ਭਟਨਾਗਰ ਵੱਲੋਂ ਕੀਤਾ ਗਿਆ ਮੁੱਕਦਮਾ ਸਾਊਥ ਏਸ਼ੀਅਨ ਭਾਈਚਾਰੇ ਦੇ ਪਰੀਪੇਖ ਤੋਂ ਅਹਿਮ ਹੈ। ਕੈਨੇਡਾ ਦੇ ਸਰਕਾਰੀ ਅਤੇ ਗੈਰਸਰਕਾਰੀ ਗਲਿਆਰਿਆਂ ਵਿੱਚ ਅਕਸਰ ਇਹ ਭਰਮ ਪਾਲਿਆ ਜਾਂਦਾ ਹੈ ਕਿ ਸਾਊਥ ਏਸ਼ੀਅਨਾਂ ਨਾਲ ਨਸਲੀ ਵਿਤਕਰਾ ਘੱਟ ਹੁੰਦਾ ਹੈ। ਸੱਚ ਸ਼ਾਇਦ ਇਸ ਤੱਥ ਤੋਂ ਵੱਖਰਾ ਹੈ। ਕੈਨੇਡਾ ਵਿੱਚ ਜਿਸ ਪੱਧਰ ਉੱਤੇ ਕਾਲੇ ਭਾਈਚਾਰੇ ਨਾਲ ਹੁੰਦੇ ਵਿਤਕਰੇ ਬਾਰੇ ਸੰਵੇਦਨਸ਼ੀਲਤਾ ਪਾਈ ਜਾਂਦੀ ਹੈ, ਸਾਊਥ ਏਸ਼ੀਅਨ ਕੈਨੇਡੀਅਨ ਇਸਦੇ ਮੁਕਾਬਲੇ ਬਹੁਤ ਪਿੱਛੇ ਹਨ। ਜੇ ਭਾਈਚਾਰੇ ਵੱਲੋਂ ਨੌਕਰੀਆਂ ਅਤੇ ਹੋਰ ਅਵਸਰਾਂ ਵਿੱਚ ਅਣਗੌਲਿਆਂ ਹੋਣ ਦੇ ਮਾਮਲੇ ਰਿਪੋਰਟ ਨਹੀਂ ਹੋਣਗੇ ਤਾਂ ਹੱਲ ਕਿੱਥੋਂ ਨਿਕਲਣ ਵਾਲੇ ਹਨ?

 

ਬਿਨਾ ਰੋਏ ਮਾਂ ਵੀ ਦੁੱਧ ਨਹੀਂ ਦੇਂਦੀ। ਇਸਦਾ ਅਰਥ ਇਹ ਨਹੀਂ ਕਿ ਨਿੱਕੇ ਮੋਟੇ, ਗੈਰ ਸੰਗੀਨ ਅਤੇ ਬੋਲੜੇ ਮਾਮਲਿਆਂ ਨੂੰ ਅਦਾਲਤਾਂ ਵਿੱਚ ਲਿਆ ਕੇ ਕਮਿਉਨਿਟੀ ਦੇ ਮਜਾਕ ਬਨਣ ਦਾ ਸਬੱਬ ਬਣਿਆ ਜਾਵੇ। ਸਗੋਂ ਗੰਭੀਰ ਕੰਮ ਕੀਤੇ ਜਾਣ ਦੀ ਲੋੜ ਹੈ।

Have something to say? Post your comment