Welcome to Canadian Punjabi Post
Follow us on

13

July 2025
 
ਸੰਪਾਦਕੀ

ਟੈਰੀ ਮਿਲੇਸਕੀ ਦੀ ਰਿਪੋਰਟ ਦੀ ਸਿੱਖ ਸਿਆਸਤ ਨੂੰ ਸੱਟ

September 18, 2020 08:53 AM

ਪੰਜਾਬੀ ਪੋਸਟ ਸੰਪਾਦਕੀ  

ਮੈਕਡੋਨਡ ਲੌਰੀਏ ਇਨਸਟੀਚਿਊਟ ਲਈ ਪ੍ਰਸਿੱਧ ਪੱਤਰਕਾਰ ਟੈਰੀ ਮਿਲੇਸਕੀ ਦੀ ਲਿਖੀ ‘ਖਾਲਿਸਤਾਨ- ਏ ਪ੍ਰੋਜੈਕਟ ਆਫ ਪਾਕਿਸਤਾਨ’ ਰਿਪੋਰਟ ਨੇ ਸਮੁੱਚੇ ਸਿੱਖ ਜਗਤ ਅਤੇ ਕੈਨੇਡੀਅਨ ਸਿਆਸਤ ਦੇ ਪਿੜ ਵਿੱਚ ਇੱਕ ਗੰਭੀਰ ਚਰਚਾ ਛੇੜ ਦਿੱਤੀ ਹੈ। ਇਸ ਰਿਪੋਰਟ ਨੂੰ ਲੈ ਕੇ ਵੱਖੋ ਵੱਖ ਸਿੱਖ ਜੱਥੇਬੰਦੀਆਂ ਆਪੋ ਆਪਣੇ ਨੁਕਤੇ ਨਜ਼ਰ ਤੋਂ ਵਿਰੋਧ ਕਰ ਰਹੀਆਂ ਹਨ। ਇੱਕ ਗੱਲ ਜੋ ਹਾਲੇ ਤੱਕ ਚਰਚਾ ਦਾ ਵਿਸ਼ਾ ਨਹੀਂ ਬਣੀ ਹੈ, ਉਹ ਹੈ ਇਸ ਰਿਪੋਰਟ ਦਾ ਕੈਨੇਡੀਅਨ ਸਿਆਸਤ ਦੇ ਮੈਦਾਨ ਵਿੱਚ ਸਿੱਖ ਨੁਮਾਇੰਦਗੀ ਨੂੰ ਹਾਸ਼ੀਏ ਉੱਤੇ ਧੱਕਣ ਦੀ ਸੰਭਾਵਨਾ ਪੈਦਾ ਕਰਨਾ। ਟੈਰੀ ਮਿਲੇਸਕੀ ਨੂੰ ਇੱਕ ਵਿਅਕਤੀ ਅਤੇ ਉਸਦੇ ਨਿੱਜੀ ਦ੍ਰਿਸ਼ਟੀਕੋਣ ਨੂੰ ਅੱਖੋਂ ਪਰੋਖੇ ਕਰਕੇ ਇਸ ਰਿਪੋਰਟ ਦੇ ਪ੍ਰਭਾਵ ਨੂੰ ਆਂਕਿਆ ਨਹੀਂ ਜਾ ਸਕਦਾ।

ਇਸ ਤੱਥ ਨੂੰ ਮੰਨਣਾ ਹੋਵੇਗਾ ਕਿ ਟੈਰੀ ਮਿਲੇਸਕੀ ਇੱਕ ਹੰਢਿਆ ਵਰਤਿਆ ਪੱਤਰਕਾਰ/ਲੇਖਕ ਤਾਂ ਹੈ ਹੀ, ਉਸ ਕੋਲ ਕੈਨੇਡੀਅਨ ਸਿੱਖ ਸਿਆਸਤ ਦੀਆਂ ਉਲਝਣਾ ਅਤੇ ਸੁਲਝਣਾ ਬਾਰੇ ਜਾਣਕਾਰੀ ਦਾ ਕਾਫੀ ਵੱਡਾ ਭੰਡਾਰ ਹੈ। 53 ਸਾਲ ਪਹਿਲਾਂ (1967) ਵਿੱਚ ਉਸਨੇ ਇੱਕ ਵਿੱਦਿਆਰਥੀ ਵਜੋਂ ਭਾਰਤ ਦਾ ਪਹਿਲਾ ਦੌਰਾ ਕੀਤਾ ਸੀ ਜਿਸਤੋਂ ਬਾਅਦ ਉਹ ਆਪਣੇ ਲੰਬੇ ਪੱਤਰਕਾਰੀ ਪ੍ਰੋਫੈਸ਼ਨ ਦੌਰਾਨ 52 ਮੁਲਕਾਂ ਵਿੱਚ ਘੁੰਮ ਚੁੱਕਾ ਹੈ। ਏਅਰ ਇੰਡੀਆ ਬੰਬ ਕਾਂਡ ਤੋਂ ਬਾਅਦ ਆਇਰਲੈਂਡ ਵਿੱਚ ਕਾਫੀ ਦੇਰ ਰਹਿ ਕੇ ਤੱਥ ਇੱਕਠੇ ਕਰਨ ਵਾਲਾ ਟੈਰੀ ਮਿਲੇਸਕੀ ਪਿਛਲੇ 34 ਸਾਲ ਤੋਂ ਇਸ ਹਾਦਸੇ ਦੇ ਇਤਿਹਾਸ ਨਾਲ ਜੁੜਿਆ ਆ ਰਿਹਾ ਹੈ। ਏਅਰ ਇੰਡੀਆ ਬੰਬ ਕਾਂਡ ਨੂੰ ਕਵਰ ਕਰਨ ਲਈ ਉਹ ਐਨਾ ਮਸ਼ਗੂਲ ਰਿਹਾ ਹੈ ਕਿ ਵੇਖਣ ਵਿੱਚ ਆਇਆ ਹੈ ਕਿ ਕਈ ਵਾਰ ਉਸਨੂੰ ਨਿਰੱਪਖ ਦ੍ਰਿਸ਼ਟੀਕੋਣ ਅਪਣਾ ਕੇ ਗੱਲ ਕਰਨੀ ਔਖੀ ਹੋ ਜਾਂਦੀ ਹੈ। ਇਸਦੀ ਇੱਕ ਮਿਸਾਲ ਉਹ ਇੰਟਰਵਿਊ ਹੈ ਜੋ ਉਸਨੇ ਜਗਮੀਤ ਸਿੰਘ ਨਾਲ ਉਸਦੇ ਅਕਤੂਬਰ 2017 ਵਿੱਚ ਐਨ ਡੀ ਪੀ ਦਾ ਲੀਡਰ ਬਣਨ ਤੋਂ ਤੁਰੰਤ ਬਾਅਦ ਕੀਤੀ ਸੀ। ਇਸ ਮੁਲਾਕਾਤ ਕਿਸੇ ਕੌਮੀ ਮੁੱਦੇ ਵੱਲ ਬਹੁਤਾ ਧਿਆਨ ਦੇਣ ਦੀ ਥਾਂ ਉਸਨੇ ਜਗਮੀਤ ਸਿੰਘ ਨੂੰ ਏਅਰ ਇੰਡੀਆ ਬੰਬ ਕਾਂਡ ਨਾਲ ਜੁੜੇ ਤਲਵਿੰਦਰ ਸਿੰਘ ਪਰਮਾਰ ਬਾਰੇ ਸੁਆਲ ਕਰਕੇ ਔਖੀ ਸਥਿਤੀ ਵਿੱਚ ਅੜਾ ਲਿਆ ਸੀ। ਬਾਅਦ ਵਿੱਚ ਇਸ ਇੰਟਰਵਿਊ ਨੂੰ ਲੈ ਕੇ ਟੈਰੀ ਮਿਲੇਸਕੀ ਦੀ ਕਾਫੀ ਆਲੋਚਨਾ ਵੀ ਹੋਈ ਪਰ ਉਸ ਵੇਲੇ ਤੱਕ ਉਹ ਜਗਮੀਤ ਸਿੰਘ ਦਾ ਕਾਫੀ ਨੁਕਸਾਨ ਕਰ ਚੁੱਕਾ ਸੀ।

ਤਾਜਾ ਰੀਲੀਜ਼ ਹੋਈ ਰਿਪੋਰਟ ਕਿਸੇ ਹੱਦ ਤੱਕ ਉਸ ਸੋਚ ਦਾ ਹੀ ਪ੍ਰਗਟਾਵਾ ਹੈ ਜਿਸਦਾ ਸਰਕਲ ਟੈਰੀ ਮਿਲੇਸਕੀ ਦੇ ਦਿਲ ਦਿਮਾਗ ਉੱਤੇ ਤਕਰੀਬਨ ਤਿੰਨ ਦਹਾਕਿਆਂ ਤੋਂ ਛਾਇਆ ਹੋਇਆ ਹੈ। ਬੇਸ਼ੱਕ ਇਸ ਰਿਪੋਰਟ ਵਿੱਚ ਕੈਨੇਡਾ ਦੀ ਸਰਜ਼ਮੀਨ ਉੱਤੇ ਖਾਲਿਸਤਾਨ ਦੇ ਪਰੀਪੇਖ ਵਿੱਚ ਪਾਕਿਸਤਾਨ ਅਤੇ ਭਾਰਤ ਸਬੰਧਾਂ ਦਾ ਜਿ਼ਕਰ ਚੁੱਕਿਆ ਗਿਆ ਹੈ ਜਿਸਨੂੰ ਲੈ ਕੇ ਵੱਖੋ ਵੱਖਰੀਆਂ ਧਿਰਾਂ ਆਪੋ ਆਪਣੇ ਪ੍ਰਤੀਕਰਮ ਦੇ ਰਹੀਆਂ ਹਨ। ਪਰ ਇਸ ਨਾਲ ਕੈਨੇਡੀਅਨ ਸਿਆਸੀ ਪਾਰਟੀਆਂ ਲਿਬਰਲ, ਕੰਜ਼ਰਵੇਟਿਵ ਅਤੇ ਐਨ ਡੀ ਪੀ ਵਿੱਚ ਅੱਛੀ ਖਾਸੀ ਸਾਖ ਬਣਾ ਕੇ ਬੈਠੇ ਸਿੱਖ ਲੀਡਰਾਂ ਲਈ ਜੋ ਸੱਪ ਦੇ ਮੂੰਹ ਵਿੱਚ ਕੋਹੜ ਕਿਰਲੀ ਵਾਲੀ ਸਥਿਤੀ ਬਣ ਗਈ ਹੈ, ਜਾਪਦਾ ਹੈ ਕਿ ਇਹ ਇਸ ਰਿਪੋਰਟ ਦਾ ਇੱਕ ਨਿਸ਼ਾਨਾ ਸੀ ਜਿਸ ਬਾਰੇ ਹਾਲੇ ਚਰਚਾ ਨਹੀਂ ਹੋ ਰਹੀ ਹੈ। ਪਿਛਲੇ ਸਾਲਾਂ ਤੋਂ ਜਿਸ ਕਿਸਮ ਨਾਲ ਸਿੱਖ ਭਾਈਚਾਰੇ ਨੇ ਕੈਨੇਡੀਅਨ ਸਿਆਸੀ ਲੈਂਡਸਕੇਪ ਉੱਤੇ ਹਰ ਪਾਰਟੀ ਦੀਆਂ ਸਫ਼ਾਂ ਵਿੱਚ ਪਹਿਚਾਣ ਬਣਾਈ, ਉਸ ਚੜਤ ਨੂੰ ਗਾਹੇ ਬਗਾਹੇ ਟੈਰੀ ਮਿਲੇਸਕੀ ਵਰਗੇ ਪੱਤਰਕਾਰ ਸਿੱਧੇ ਅਸਿੱਧੇ ਢੰਗ ਨਾਲ ਢਾਹ ਲਾਉਣ ਵਿੱਚ ਕਾਮਯਾਬ ਹੋ ਜਾਂਦੇ ਹਨ।

ਮਿਸਾਲ ਵਜੋਂ ਕੀ ਐੱਨ ਡੀ ਪੀ ਦੇ ਜਗਮੀਤ ਸਿੰਘ, ਲਿਬਰਲ ਦੇ ਨਵਦੀਪ ਬੈਂਸ ਜਾਂ ਹਰਜੀਤ ਸੱਜਣ, ਕੰਜ਼ਰਵੇਟਿਵ ਟਿਮ ਉਪਲ ਅਤੇ ਹੱਲਣ ਵਰਗੇ ਸਿੱਖ ਸਿਆਸਤਦਾਨ ਖੁੱਲ੍ਹ ਕੇ ਇਸ ਰਿਪੋਰਟ ਦੇ ਹੱਕ ਜਾਂ ਵਿਰੋਧ ਵਿੱਚ ਗੱਲ ਕਰ ਸਕਦੇ ਹਨ? ਜੇ ਬੋਲਣਗੇ ਕੀ ਉਸਦੇ ਸ਼ਬਦਾਂ ਦੇ ਦੂਹਰੇ ਅਰਥ ਕੱਢੇ ਜਾਣ ਦੀਆਂ ਪੂਰੀਆਂ ਸੰਭਾਵਨਾਵਾਂ ਨਹੀਂ ਹਨ? ਇਵੇਂ ਹੀ ਕੀ ਲਿਬਰਲ ਜਾਂ ਕੰਜ਼ਰਵੇਟਿਵ ਪਾਰਟੀ ਅੰਦਰ ਉੱਚੇ ਅਹੁਦਿਆਂ ਉੱਤੇ ਬੈਠੈ ਸਿੱਖ ਪਤਵੰਤੇ ਇਸ ਮੁੱਦੇ ਨੂੰ ਲੈ ਕੇ ਕਿੰਨੀ ਕੁ ਗੱਲ ਕਰ ਸਕਣਗੇ? ਕੈਨੇਡੀਅਨ ਸਿਆਸਤ ਵਿੱਚ ਕੁੱਝ ਚੰਗਾ ਨਾਮਣਾ ਖੱਟਣ ਦੀ ਆਸ ਰੱਖਣ ਵਾਲੇ ਨਵੀਂ ਪੀੜੀ ਦੇ ਬੱਚਿਆਂ ਨੂੰ ਟੈਰੀ ਮਿਲੇਸਕੀ ਵੱਲੋਂ ਲਿਖੀਆਂ ਜਾਂਦੀਆਂ ਰਿਪੋਰਟਾਂ ਦੀ ਕੀਮਤ ਲੰਬੇ ਸਮੇਂ ਤੱਕ ਹੰਢਾਉਣੀ ਪੈ ਸਕਦੀ ਹੈ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਬਰੈਂਪਟਨ `ਚ ਮਾਰਗ ਦਰਸ਼ਕ ਅਤੇ ਪ੍ਰੇਰਨਾ ਸਰੋਤ - ਮੱਘਰ ਸਿੰਘ ਟਰੂਡੋ ਲਈ ਮੁਸੀਬਤ ਬਣੇ ਪਰਵਾਸੀ ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ