ਟੋਰਾਂਟੋ, 17 ਸਤੰਬਰ (ਪੋਸਟ ਬਿਊਰੋ) : ਅਜੇ ਤਾਂ ਕਈ ਬੱਚੇ ਜੀਟੀਏ ਦੇ ਸਕੂਲਾਂ ਵਿੱਚ ਪਰਤਣ ਦੀ ਤਿਆਰੀ ਕਰ ਰਹੇ ਹਨ।ਇਸ ਦੌਰਾਨ ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ (ਟੀਡੀਐਸਬੀ) ਵੱਲੋਂ ਪਹਿਲੇ ਵਿਦਿਆਰਥੀ ਨੂੰ ਕੋਵਿਡ-19 ਹੋਣ ਦੀ ਪੁਸ਼ਟੀ ਕੀਤੀ ਗਈ ਹੈ|
ਟੀਡੀਐਸਬੀ ਦੇ ਬੁਲਾਰੇ ਰਾਇਨ ਬਰਡ ਨੇ ਆਖਿਆ ਕਿ ਇਹ ਮਾਮਲਾ ਇਟੋਬੀਕੋ ਦੇ ਯੌਰਕ ਮੈਮੋਰੀਅਲ ਕਾਲਜੀਏਟ ਇੰਸਟੀਚਿਊਟ ਵਿੱਚ ਰਿਪੋਰਟ ਕੀਤਾ ਗਿਆ ਹੈ| ਬਰਡ ਨੇ ਦੱਸਿਆ ਕਿ ਸਕੂਲ ਦੀ ਪ੍ਰਿੰਸੀਪਲ ਡੌਨਾ ਡਰੰਮੰਡ ਨੇ ਮਾਪਿਆਂ ਨੂੰ ਭੇਜੇ ਪੱਤਰ ਵਿੱਚ ਇਸ ਪਾਜ਼ੀਟਿਵ ਕੇਸ ਦਾ ਜ਼ਿਕਰ ਕੀਤਾ ਹੈ| ਇਸ ਪੱਤਰ ਵਿੱਚ ਲਿਖਿਆ ਹੈ ਕਿ ਅਸੀਂ ਟੋਰਾਂਟੋ ਪਬਲਿਕ ਹੈਲਥ (ਟੀਪੀਐਚ) ਨਾਲ ਇਸ ਕੇਸ ਦੇ ਸਬੰਧ ਵਿੱਚ ਰਲ ਕੇ ਕੰਮ ਕਰ ਰਹੇ ਹਾਂ| ਪਰ ਹੋਰਨਾਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਚਿੰਤਾ ਦਾ ਕੋਈ ਕਾਰਨ ਨਹੀਂ ਹੈ ਕਿਉਂਕਿ ਸਬੰਧਤ ਵਿਦਿਆਰਥੀ ਬਹੁਤ ਹੀ ਘੱਟ ਸਮੇਂ ਲਈ ਸੋਮਵਾਰ ਨੂੰ ਸਕੂਲ ਵਿੱਚ ਰਿਹਾ| ਇਹ ਅੱਜ ਵੀ ਸਕੂਲ ਨਹੀਂ ਆਇਆ ਤੇ ਜਦੋਂ ਤੱਕ ਟੀਪੀਐਚ ਵੱਲੋਂ ਕਲੀਅਰ ਨਹੀਂ ਕਰ ਦਿੱਤਾ ਜਾਂਦਾ ਉਦੋਂ ਤੱਕ ਸਕੂਲ ਪਰਤੇਗਾ ਵੀ ਨਹੀਂ|
ਡਰੰਮੰਡ ਨੇ ਆਖਿਆ ਕਿ ਇਸ ਕੇਸ ਦੀ ਸਕੂਲ ਦੇ ਪਹਿਲੇ ਦਿਨ ਤੋਂ ਪਹਿਲਾਂ ਪਛਾਣ ਕਰ ਲਈ ਗਈ ਸੀ ਤੇ ਇਸ ਲਈ ਮਾਪਿਆਂ ਨੂੰ ਟੀਪੀਐਚ ਨੋਟੀਫਿਕੇਸ਼ਨ ਲੈਟਰ ਨਹੀਂ ਮਿਲਿਆ| ਟੋਰਾਂਟੋ ਸਥਿਤ ਸਕੂਲਾਂ ਵਿੱਚ ਕੋਵਿਡ-19 ਦਾ ਇਹ ਅੱਠਵਾਂ ਪੁਸ਼ਟ ਮਾਮਲਾ ਹੈ, ਸੱਤ ਹੋਰ ਇਨਫੈਕਸ਼ਨਜ਼ ਸਟਾਫ ਮੈਂਬਰਜ਼ ਨੂੰ ਹੋਈਆਂ ਦੱਸੀਆਂ ਜਾਂਦੀਆਂ ਹਨ|