Welcome to Canadian Punjabi Post
Follow us on

15

June 2021
 
ਮਨੋਰੰਜਨ

ਪਹਿਲੀ ਵਾਰ ਕੀਤਾ ਹੈ ਹੋਮਵਰਕ : ਮਧੂ

September 16, 2020 09:22 AM

‘ਫੂਲ ਔਰ ਕਾਂਟੇ’ ਨਾਲ ਹਿੰਦੀ ਸਿਨੇਮਾ ਵਿੱਚ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਮਧੂ ਫਿਲਮ ਇੰਡਸਟਰੀ ਤਕਰੀਬਨ ਤਿੰਨ ਦਹਾਕੇ ਦਾ ਸਫਰ ਪੂਰਾ ਕਰ ਚੁੱਕੀ ਹੈ। ਸਾਊਥ ਸਿਨੇਮਾ ਵਿੱਚ ਮਧੁਬਾਲਾ ਦੇ ਨਾਂਅ ਨਾਲ ਮਸ਼ਹੂਰ ਮਧੂ ਜੈਲਲਿਤਾ ਦੀ ਬਾਇਓਪਿਕ ‘ਥਲਾਈਵੀ’ ਅਤੇ ਵੈੱਸਬ ਸੀਰੀਜ਼ ‘ਐਸਕੇਪ' ਵਿੱਚ ਨਜ਼ਰ ਆਏਗੀ। ਪੇਸ਼ ਹਨ ਮਧੂ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਕਾਫੀ ਸਮੇਂ ਤੱਕ ਹਿੰਦੀ ਫਿਲਮਾਂ ਤੋਂ ਦੂਰੀ ਬਣਾਉਣ ਦਾ ਕੀ ਕਾਰਨ ਰਿਹਾ?
- ਮੈਂ ਵਿਚਕਾਰ ਟੀ ਵੀ ਸ਼ੋਅ ਸ਼ੁਰੂ ਕੀਤਾ ਸੀ। ਪਿੱਛੇ ਜਿਹੇ ਮੇਰੀ ਸ਼ਾਰਟ ਫਿਲਮ ‘ਸਬ ਠੀਕ ਹੈ’ ਆਈ। ਇਸ ਦੇ ਇਲਾਵਾ ਸਾਊਥ ਵਿੱਚ ਫਿਲਮਾਂ ਕਰ ਰਹੀ ਸੀ। ਮੈਂ ਕਦੇ ਨਹੀਂ ਕਿਹਾ ਕਿ ਮੈਨੂੰ ਚੰਗੇ ਰੋਲ ਨਹੀਂ ਮਿਲ ਰਹੇ। ‘ਥਲਾਈਵੀ' ਵਿੱਚ ਮੈਂ ਤਾਮਿਲ ਨਾਡੂ ਦੇ ਮੁੱਖ ਮੰਤਰੀ ਦੀ ਪਹਿਲੀ ਪਤਨੀ ਜਾਨਕੀ ਅੰਮਾ ਦੀ ਭੂਮਿਕਾ ਕਰ ਰਹੀ ਹਾਂ। ਕਹਿ ਸਕਦੇ ਹਾਂ ਕਿ ਇਹ ਮੇਰੀ ਹਿੰਦੀ ਵਿੱਚ ਰੀ-ਐਂਟਰੀ ਹੈ। ਲਾਕਡਾਊਨ ਦੇ ਕਾਰਨ ਸ਼ੂਟਿੰਗ ਪੂਰੀ ਨਹੀਂ ਹੋ ਸਕੀ, ਵਰਨਾ 26 ਜੁਲਾਈ ਨੂੰ ਉਸ ਦੀ ਰਿਲੀਜ਼ ਪੱਕੀ ਸੀ। ਇਸ ਦੇ ਇਲਾਵਾ ਹੌਟਸਟਾਰ ਦੀ ਵੈੱਬ ਸੀਰੀਜ਼ ‘ਐਸਕੇਪ’ ਦੀ ਸ਼ੂਟਿੰਗ ਇਸ ਮਹੀਨੇ ਦੇ ਅਖੀਰ ਵਿੱਚ ਸ਼ੁਰੂ ਹੋਣ ਦੀ ਸੰਭਾਵਨਾ ਹੈ। ਸੁਸ਼ਮਿਤਾ ਸੇਨ, ਲਾਲਾ ਦੱਤਾ ਨੇ ਹਾਲ ਵਿੱਚ ਜਿਸ ਪ੍ਰਕਾਰ ਦੀਆਂ ਵੈੱਬ ਸੀਰੀਜ਼ ਕੀਤੀਆਂ ਹਨ, ਉਮੀਦ ਕਰ ਰਹੀ ਹਾਂ ਕਿ ਜਲਦੀ ਹੀ ਮੇਰਾ ਵੀ ਉਹੋ ਜਿਹਾ ਕੋਈ ਸ਼ੋਅ ਆਏ।
* ਪਹਿਲੀ ਵਾਰ ਕਿਸੇ ਬਾਇਓਪਿਕ ਫਿਲਮ ਦਾ ਹਿੱਸਾ ਬਣ ਰਹੀ ਹੋ, ਕਿਹੋ ਜਿਹਾ ਅਨੁਭਵ ਰਿਹਾ?
- ਇਹ ਕਿਰਦਾਰ ਮੇਰੇ ਲਈ ਕਾਫੀ ਚੁਣੌਤੀ ਪੂਰਨ ਹੈ। ਜਦ ਵੀ ਅਸੀਂ ਕੋਈ ਫਿਕਸ਼ਨ ਕਿਰਦਾਰ ਕਰਦੇ ਹਾਂ ਤਾਂ ਉਸ ਨੂੰ ਨਿਭਾਉਣਾ ਆਸਾਨ ਹੁੰਦਾ ਹੈ। ਅਸੀਂ ਜਿੱਦਾਂ ਦੇ ਕਿਰਦਾਰ ਨੂੰ ਸਮਝਦੇ ਤੇ ਕਲਪਨਾ ਕਰਦੇ ਹਾਂ ਉਸੇ ਤਰ੍ਹਾਂ ਜੀਉਂਦੇ ਹਾਂ। ਜਦ ਬਾਇਓਪਿਕ ਕਰਦੇ ਹਾਂ ਤਾਂ ਕਿਰਦਾਰ ਦੇ ਬਾਰੇ ਸਿਰਫ ਜਾਣਕਾਰੀ ਕਾਫੀ ਨਹੀਂ, ਉਨ੍ਹਾਂ ਨਾਲ ਜੁੜੀਆਂ ਸਭ ਬਰੀਕੀਆਂ 'ਤੇ ਧਿਆਨ ਦੇਣਾ ਪੈਂਦਾ ਹੈ। ਸਹੀ ਮਾਇਨੇ ਵਿੱਚ ਮੈਂ ਪਹਿਲੀ ਵਾਰ ਹੋਮਵਰਕ ਕਰ ਰਹੀ ਹਾਂ। ਮੈਂ ਆਪਣੇ ਡਾਇਰੈਕਟਰਾਂ ਅਤੇ ਲੇਖਕਾਂ ਦੇ ਨਿਰਦੇਸ਼ 'ਤੇ ਕੰਮ ਕਰਦੀ ਹਾਂ।
* ਇਹ ਫਿਲਮ ਤਮਿਲ ਤੇ ਤੇਲਗੂ ਵਿੱਚ ਵੀ ਬਣ ਰਹੀ ਹੈ। ਤੁਹਾਡੇ ਲਈ ਇਨ੍ਹਾਂ ਭਾਸ਼ਾਵਾਂ ਵਿੱਚ ਕੰਮ ਕਰਨਾ ਆਸਾਨ ਰਿਹਾ ਹੋਵੇਗਾ?
- ਤਮਿਲ ਅਤੇ ਤੇਲਗੂ ਸਿਨੇਮਾ ਵਿੱਚ ਕੰਮ ਕਰਨਾ ਮੇਰੇ ਲਈ ਥੋੜ੍ਹਾ ਆਸਾਨ ਹੈ। ਮੈਂ ਦੇਖਿਆ ਹੈ ਕਿ ਕੰਗਨਾ ਰਣੌਤ ਕੰਮ ਬਾਰੇ ਸਮਰਪਿਤ ਹੈ। ਉਹ ਦੋ-ਭਾਸ਼ੀ ਫਿਲਮ ਕਰ ਰਹੀ ਹੈ ਤਾਂ ਬਾਕਾਇਦਾ ਤਮਿਲ ਸਿਖ ਰਹੀ ਹੈ। ਮੈਂ ਉਸ ਦੀ ਕਾਰਜ ਸ਼ੈਲੀ ਤੋਂ ਬਹੁਤ ਪ੍ਰਭਾਵਤ ਹਾਂ। ਮੈਂ ਤੇਲਗੂ ਦੇ ਇਲਾਵਾ ਕੰਨੜ, ਮਲਿਆਲਮ ਭਾਸ਼ਾ ਵਿੱਚ ਫਿਲਮਾਂ ਕੀਤੀਆਂ ਹਨ। ਮੈਨੂੰ ਇਹ ਭਾਸ਼ਾਵਾਂ ਨਹੀਂ ਆਉਂਦੀਆਂ, ਪਰ ਮੈਂ ਇਨ੍ਹਾਂ ਭਾਸ਼ਾਵਾਂ ਦੀਆਂ ਫਿਲਮਾਂ ਵਿੱਚ ਕੰਮ ਕਰਨ ਨੂੰ ਲੈ ਕੇ ਸਹਿਜ ਹਾਂ।
* ਫਿਲਮ ‘ਰੋਜ਼ਾ’ ਵਿੱਚ ਤੁਹਾਡੇ ਕੋ-ਸਟਾਰ ਰਹੇ ਅਰਵਿੰਦ ਸਵਾਮੀ ਵੀ ‘ਥਲਾਈਵੀ’ ਵਿੱਚ ਹਨ। ਇਸ ਦੌਰਾਨ ਪੁਰਾਣੀਆਂ ਯਾਦਾਂ ਤਾਜ਼ਾ ਹੋਈਆਂ?
- ਜਦ ਮੈਂ ਪਹਿਲੇ ਦਿਨ ‘ਥਲਾਈਵੀ' ਦੀ ਸ਼ੂਟਿੰਗ ਕਰਨ ਗਈ ਤਾਂ ਨਾਸਰ ਸਰ ਸਨ। ਉਨ੍ਹਾਂ ਨੇ ‘ਰੋਜ਼ਾ' ਵਿੱਚ ਪੁਲਸ ਅਧਿਕਾਰੀ ਦੀ ਭੂਮਿਕਾ ਕੀਤੀ ਸੀ। ਪਹਿਲੇ ਦਿਨ ਮੇਰਾ, ਅਰਵਿੰਦ ਜੀ ਅਤੇ ਨਾਸਿਰ ਜੀ ਦਾ ਸ਼ਾਟ ਲੱਗਾ ਸੀ। ਕੰਗਨਾ ਅਤੇ ਨਿਰਦੇਸ਼ਕ ਨੇ ਸਾਡੀ ਟੀਮ ਬਾਰੇ ਆਪਣੀ ਪ੍ਰਤੀਕਿਰਿਆ ਦਿੱਤੀ। ਕੁਝ ਪਲਾਂ ਲਈ ਅਸੀਂ ਵੀ ਉਸ ਪਲ ਨੂੰ ਮਹਿਸੂਸ ਕੀਤਾ ਕਿ ਅਸੀਂ ‘ਰੋਜ਼ਾ’ ਵਿੱਚ ਇਕੱਠੇ ਸੀ। ਤਦ ਅਸੀਂ ਕਾਫੀ ਆਊਟਡੋਰ ਸ਼ੂਟਿੰਗ ਇਕੱਠੇ ਕੀਤੀ ਸੀ, ਪਰ ਫਿਰ ਅਸੀਂ ‘ਰੋਜ਼ਾ’ ਦੇ ਬਾਰੇ ਵਿੱਚ ਬਿਲਕੁਲ ਗੱਲਾਂ ਨਹੀਂ ਕੀਤੀਆਂ।
* ਇੰਡਸਟਰੀ ਵਿੱਚ ਤਿੰਨ ਦਹਾਕੇ ਦਾ ਸਫਰ ਪੂਰਾ ਕਰ ਰਹੇ ਹੋ? ਤੁਹਾਨੂੰ ਸੁਪਰਹਿੱਟ ਡੈਬਿਊ ਫਿਲਮ ‘ਫੂਲ ਔਰ ਕਾਂਟੇ’ ਵਿੱਚ ਬ੍ਰੇਕ ਕਿਵੇਂ ਮਿਲਿਆ ਸੀ?
- ‘ਫੂਲ ਔਰ ਕਾਂਟੇ’ ਮਿਲਣ ਦੇ ਇੱਕ ਸਾਲ ਪਹਿਲਾਂ ਮੇਰਾ ਕਾਲਜ ਖਤਮ ਹੋਇਆ ਸੀ। ਮੈਂ ਰੋਸ਼ਨ ਤਨੇਜਾ ਤੋਂ ਐਕਟਿੰਗ ਟਰੇਨਿੰਗ ਲਈ ਸੀ। ਇੱਕ ਦਿਨ ਭਰਾ ਨਾਲ ਕੈਰਮ ਖੇਡ ਰਹੀ ਸੀ ਤਦ ਫੋਨ ਆਇਆ, ਦੂਸਰੇ ਪਾਸਿਉਂ ਕੁੱਕੂ ਕੋਹਲੀ ਸਨ। ਉਨ੍ਹਾਂ ਕਿਹਾ ਕਿ ਅਸੀਂ ਫਿਲਮ ਬਣਾ ਰਹੇ ਹਾਂ। ਹੀਰੋ ਫਾਈਟ ਮਾਸਟਰ ਵੀਰੂ ਦੇਵਗਨ ਦੇ ਬੇਟੇ ਅਜੈ ਦੇਵਗਨ ਦੇ ਆਪੋਜ਼ਿਟ ਰੋਲ ਹੈ। ਮੈਂ ਪਾਪਾ ਨੂੰ ਗੱਲ ਕਰਨ ਦੇ ਲਈ ਕਿਹਾ। ਕੁਝ ਦਿਨਾਂ ਬਾਅਦ ਮੈਂ ਫਿਲਮ ਦੇ ਸੈੱਟ 'ਤੇ ਸੀ। ਮੈਂ ਕੋਈ ਸਵਾਲ ਨਹੀਂ ਕੀਤਾ ਅਤੇ ਪੂਰੀ ਮਿਹਨਤ ਨਾਲ ਕੰਮ ਕੀਤਾ। ਇੰਨਾ ਪਤਾ ਸੀ ਕਿ ਇੱਕ ਟੀਮ ਹੈ ਜਿਸ ਦੇ ਨਾਲ ਕੰਮ ਕਰਨਾ ਹੈ।
* ਤੁਹਾਡੀਆਂ ਬੇਟੀਆਂ ਦੀ ਵੀ ਐਕਟਿੰਗ ਵਿੱਚ ਦਿਲਚਸਪੀ ਹੈ?
- ਮੇਰੀ ਵੱਡੀ ਬੇਟੀ ਨੂੰ ਇੰਡਸਟਰੀ ਵਿੱਚ ਆਉਣ ਦੀ ਬਹੁਤ ਇੱਛਾ ਹੈ। ਉਹ ਅਜੇ ਪੜ੍ਹਾਈ ਕਰ ਰਹੀ ਹੈ। ਜੇ ਆਉਣਾ ਚਾਹੇਗੀ ਤਾਂ ਫਾਰਮਲ ਟਰੇਨਿੰਗ ਲੈਣੀ ਹੋਵੇਗੀ। ਡਾਂਸ ਤਾਂ ਦੋਵੇਂ ਸਿੱਖਦੀਆਂ ਹਨ। ਮੇਰਾ ਮੰਨਣਾ ਹੈ ਕਿ ਕਿਸੇ ਵੀ ਖੇਤਰ ਵਿੱਚ ਤਿਆਰੀ ਪੂਰੀ ਹੋਵੇ। ਜੇ ਬੇਟੀਆਂ ਇਸ ਖੇਤਰ ਿਵੱਚ ਆਉਣਾ ਚਾਹੁਣਗੀਆਂ ਤਾਂ ਮੈਂ ਉਨ੍ਹਾਂ ਪੂਰਾ ਸਪੋਰਟ ਕਰਾਂਗੀ।

 

 
Have something to say? Post your comment