-ਜਸਪ੍ਰੀਤ ਕੌਰ ਸੰਘਾ
ਚਰਖਾ ਪੰਜਾਬੀ ਸੱਭਿਆਚਾਰ ਦਾ ਮਹੱਤਵ ਪੂਰਨ ਚਿੰਨ੍ਹ ਹੈ। ਇੱਕ ਸਮਾਂ ਅਜਿਹਾ ਵੀ ਸੀ ਜਦੋਂ ਚਰਖਾ ਹਰ ਘਰ ਦਾ ਸ਼ਿੰਗਾਰ ਹੋਇਆ ਕਰਦਾ ਸੀ। ਚਰਖਾ ਪੇਂਡੂ ਜੀਵਨ ਦੀ ਅਹਿਮ ਕੜੀ ਸੀ। ਇਹ ਖਾਸ ਕਰ ਕੇ ਔਰਤਾਂ ਦੇ ਵਰਤਣ ਵਾਲਾ ਸੰਦ ਹੋਣ ਕਾਰਨ ਔਰਤ ਵਰਗ ਦੇ ਬਹੁਤਾ ਕਰੀਬ ਰਿਹਾ ਹੈ। ਇਹ ਉਸ ਦੇ ਦੁੱਖ-ਸੁੱਖ ਦਾ ਭਾਈਵਾਲ ਰਿਹਾ ਹੈ। ਚਰਖਾ ਅਜਿਹਾ ਘਰੇਲੂ ਸੰਦ ਸੀ, ਜਿਸ ਦੀ ਮਦਦ ਨਾਲ ਰੂੰ ਨੂੰ ਕੱਤ ਕੇ ਸੂਤ ਬਣਾਇਆ ਜਾਂਦਾ ਸੀ, ਜਿਸ ਤੋਂ ਅੱਗੇ ਕੱਪੜੇ ਬਣਦੇ ਸਨ। ਸਦੀਆਂ ਤੱਕ ਇਨਸਾਨੀ ਤਨ ਢੱਕਣ ਦੇ ਕੰਮ ਆਉਣ ਵਾਲਾ ਕੱਪੜਾ ਚਰਖੇ ਦੇ ਤਕਲੇ 'ਤੇ ਤੰਦ ਪਾ ਕੇ ਸੂਤ ਕੱਤ ਕੇ ਹੀ ਬਣਾਇਆ ਜਾਂਦਾ ਰਿਹਾ ਹੈ। ਸਾਡੇ ਲੋਕ ਗੀਤਾਂ ਅੰਦਰ ਵੀ ਚਰਖੇ ਦਾ ਜ਼ਿਕਰ ਬਾਖੂਬੀ ਆਉਂਦਾ ਹੈ:
ਮੈਂ ਕੱਤਾਂ ਪ੍ਰੀਤਾਂ ਨਾਲ
ਚਰਖਾ ਚੰਨਣ ਦਾ
ਸ਼ਾਵਾ ਚਰਖਾ ਚੰਨਣ ਦਾ।
ਮੁਟਿਆਰਾਂ ਜਿੱਥੇ ਇਕੱਠੀਆਂ ਬੈਠ ਕੇ ਚਰਖਾ ਕੱਤਦੀਆਂ ਸਨ, ਉਸ ਜਗ੍ਹਾ ਨੂੰ ਤਿ੍ਰੰਝਣ ਕਿਹਾ ਜਾਂਦਾ ਸੀ। ਪੁਰਾਣੇ ਸਮਿਆਂ ਵਿੱਚ ਮੁਟਿਆਰਾਂ ਤਿ੍ਰੰਝਣਾਂ ਵਿੱਚ ਬੈਠ ਕੇ ਚਰਖਾ ਕੱਤਦੀਆਂ, ਬਾਗ਼, ਫੁਲਕਾਰੀਆਂ ਕੱਢਦੀਆਂ ਅਤੇ ਦਰੀਆਂ, ਖੇਸ ਬੁਣਦੀਆਂ ਸਨ। ਇਹ ਸਭ ਕੰਮ ਸਾਡੇ ਅਮੀਰ ਵਿਰਸੇ ਦੀ ਨਿਸ਼ਾਨੀ ਸਨ, ਜੋ ਸਾਨੂੰ ਹੱਥੀਂ ਕਿਰਤੀ ਕਰਨ ਦੀ ਪ੍ਰੇਰਨਾ ਦਿੰਦੇ ਸਨ। ਚਰਖੇ 'ਤੇ ਅਨੇਕਾਂ ਤਰ੍ਹਾਂ ਦੇ ਲੋਕ ਗੀਤ, ਬੋਲੀਆਂ, ਟੱਪੇ ਆਦਿ ਤਿ੍ਰੰਝਣ ਬੈਠੀਆਂ ਕੁੜੀਆਂ ਨੇ ਆਪ ਮੁਹਾਰੇ ਹੀ ਜੋੜ ਲਏ ਸਨ, ਜੋ ਅੱਜ ਵੀ ਸਾਡੇ ਦਿਲਾਂ 'ਤੇ ਰਾਜ ਕਰਦੇ ਹਨ ਜਿਵੇਂ:
ਬਜ਼ਾਰ ਵਿਕੇਂਦੀ ਬਰਫ਼ੀ...
ਮੈਨੂੰ ਲੈ ਦੇ ਵੇ ਨਿੱਕੀ ਜਿਹੀ ਚਰਖੀ...
ਦੁੱਖਾਂ ਦੀਆਂ ਕੱਤਾਂ ਪੂਣੀਆਂ।
ਚਰਖਾ ਲੱਕੜ ਦੀ ਕਾਗੀਗਰੀ ਦਾ ਉਤਮ ਨਮੂਨਾ ਹੈ। ਇਹ ਖਾਸ ਤਰ੍ਹਾਂ ਦੀ ਕਾਲੀ ਲੱਕੜ ਤਰਾਸ਼ ਕੇ ਬਣਾਇਆ ਜਾਂਦਾ ਹੈ। ਸਾਡੇ ਲੋਕ ਗੀਤਾਂ ਵਿੱਚ ਵੀ ਚਰਖੇ ਦੀ ਅਤੇ ਚਰਖੇ ਨੂੰ ਬਣਾਉਣ ਵਾਲੇ ਕਾਰੀਗਰ ਦੀ ਖੂਬ ਪ੍ਰਸੰਸਾ ਹੰੁਦੀ ਹੈ:
ਚਰਖਾ ਮੇਰਾ ਰੰਗ ਰੰਗੀਲਾ
ਕੌਡੀਆਂ ਨਾਲ ਸਜਾਇਆ
ਕਾਰੀਗਰ ਨੂੰ ਦਿਓ ਵਧਾਈਆਂ
ਜੀਹਨੇ ਰੰਗਲਾ ਚਰਖਾ ਬਣਾਇਆ।
ਇੱਕ ਸਮਾਂ ਅਜਿਹਾ ਸੀ, ਜਦੋਂ ਹਰ ਘਰ ਵਿੱਚ ਚਰਖੇ ਦੀ ਘੂਕਰ ਸੁਣਦੀ ਸੀ। ਕੁੜੀਆਂ-ਚਿੜੀਆਂ ਇਕੱਠੀਆਂ ਹੋ ਕੇ ਚਰਖਾ ਕੱਤਦੀਆਂ ਅਤੇ ਨਾਲ-ਨਾਲ ਲੋਕ ਗੀਤ ਗਾਉਂਦੀਆਂ ਸਨ। ਕੁੜੀਆਂ ਆਪਣੇ ਹੱਥੀਂ ਚਰਖਾ ਕੱਤ ਕੇ ਦਰੀਆਂ ਖੇਸ ਬਣਾ ਕੇ ਆਪਣਾ ਦਾਜ ਤਿਆਰ ਕਰਦੀਆਂ ਸਨ। ਪਹਿਲਾਂ ਚਰਖਾ ਕੁੜੀਆਂ ਨੂੰ ਦਾਜ ਵਿੱਚ ਵੀ ਦਿੱਤਾ ਜਾਂਦਾ ਸੀ। ਦਾਜ ਵਿੱਚ ਦਿੱਤਾ ਜਾਣ ਵਾਲਾ ਚਰਖਾ ਕੋਕਿਆਂ ਤੇ ਮੇਖਾਂ ਨਾਲ ਜੜਿਆ ਹੁੰਦਾ ਸੀ। ਸਹੁਰੇ ਘਰ ਚਰਖਾ ਕੱਤਦੀ ਮੁਟਿਆਰ ਆਪਣੀ ਮਾਂ ਵੱਲੋਂ ਦਿੱਤੇ ਚਰਖੇ 'ਤੇ ਮਾਣ ਕਰਦੀ ਹੈ ਅਤੇ ਚਰਖੇ ਵੱਲ ਵੇਖ-ਵੇਖ ਕੇ ਮਾਂ ਨੂੰ ਯਾਦ ਕਰਦੀ ਹੋਈ ਕਹਿੰਦੀ:
ਮਾਂ ਮੇਰੀ ਨੇ ਚਰਖਾ ਦਿੱਤਾ
ਵਿੱਚ ਸ਼ੀਸ਼ੇ, ਕੋਕੇ ਤੇ ਮੇਖਾਂ
ਮਾਏਂ ਤੈਨੂੰ ਯਾਦ ਕਰਾਂ
ਜਦ ਚਰਖੇ ਵੱਲ ਦੇਖਾਂ।
ਜੇ ਦਾਜ ਵਿੱਚ ਮੁਟਿਆਰ ਨੂੰ ਮਾਪੇ ਚਰਖਾ ਨਾ ਦੇਣ ਤਾਂ ਉਹ ਆਪਣੇ ਕੰਤ ਤੋਂ ਚਰਖੇ ਦੀ ਮੰਗ ਕਰਦੀ ਹੈ, ਜਿਸ ਦਾ ਜ਼ਿਕਰ ਸਾਡੇ ਲੋਕ ਗੀਤਾਂ ਵਿੱਚ ਵੀ ਮਿਲਦਾ ਹੈ:
ਚੰਦਨ ਦਾ ਮੈਨੂੰ ਲੈ ਦੇ ਚਰਖਾ
ਵਿੱਚ ਚਾਂਦੀ ਦੇ ਮਣਕੇ
ਵੇ ਮੇਰਾ ਕੱਤਦੀ ਦਾ
ਕੱਤਦੀ ਦਾ ਚੂੜਾ ਛਣਕੇ।
ਅੱਗੋਂ ਕੰਤ ਵੀ ਨਵੀਂ ਵਿਆਹੀ ਪਤਨੀ ਦੀ ਮੰਗ ਮੰਨਦਾ ਹੋਇਆ ਉਸ ਨੂੰ ਚਰਖਾ ਲੈ ਕੇ ਦੇਣ ਦਾ ਵਾਅਦਾ ਕਰਦਾ ਹੋਇਆ ਆਖਦਾ ਹੈ:
ਸੁਣ ਨੀਂ ਮੇਰੀਏ ਨਾਰੇ
ਤੈਨੂੰ ਕੱਪੜੇ ਸੰਵਾ ਦੂੰ ਸਾਰੇ
ਸਾਟਨ ਦਾ ਤੈਨੂੰ ਘੱਗਰਾ ਸੰਵਾ ਦੂੰ
ਪੱਟ ਦੇ ਗੁੰਦਾਅ ਦੂੰ ਨਾਲੇ
ਰੰਗਲਾ ਤੈਨੂੰ ਚਰਖਾ ਮੰਗਾ ਦਿਆਂ
ਕੱਤਿਆ ਕਰੀਂ ਚੁਬਾਰੇ..
ਕੰਤ ਵੱਲੋਂ ਲਿਆ ਕੇ ਦਿੱਤੇ ਚਰਖੇ ਨੂੰ ਵੇਖ ਕੇ ਮੁਟਿਆਰ ਨੂੰ ਬੇਹੱਦ ਖ਼ੁਸ਼ੀ ਹੁੰਦੀ ਤੇ ਉਹ ਚਰਖੇ 'ਤੇ ਲੰਮੇ-ਲੰਮੇ ਤੰਦ ਪਾ ਕੇ ਆਪਣੀਆਂ ਰੀਝਾਂ ਪੂਰੀਆਂ ਕਰਦੀ ਹੈ। ਮੁਟਿਆਰ ਨੂੰ ਚਰਖਾ ਕੱਤਦੀ ਵੇਖ ਕੇ ਉਸ ਦਾ ਕੰਤ ਖ਼ੁਸ਼ ਹੁੰਦਾ ਹੈ ਤੇ ਉਸ ਦੇ ਹੁਸਨ ਦੀ ਅਤੇ ਉਸ ਦੀ ਕੱਤਣੀ ਦੀ ਸਿਰਫ ਕਰਦਾ ਹੋਇਆ ਆਖਦਾ ਹੈ:
ਤੈਨੂੰ ਵੇਖਾਂ ਕਿ ਵੇਖਾਂ ਤੇਰੀ ਕੱਤਣੀ
ਨੀਂ ਚੰਨ ਜਿਹੇ ਮੁੱਖ ਵਾਲੀਏ..
ਜੇ ਮਾਹੀ ਪ੍ਰਦੇਸੀ ਹੋਵੇ ਤਾਂ ਚਰਖਾ ਕੱਤਦੀ ਮੁੁਟਿਆਰ ਉਸ ਨੂੰ ਯਾਦ ਕਰਦੀ ਹੋਈ ਆਪਣੀ ਪ੍ਰੀਤ ਦੀ ਡੋਰੀ ਚਰਖੇ ਦੇ ਤੱਕਲੇ ਨਾਲ ਜੋੜ ਕੇ ਬੈਠ ਜਾਂਦੀ ਹੈ ਤੇ ਆਖਦੀ ਹੈ:
ਸਾਨੂੰ ਹਰ ਚਰਖੇ ਦੇ ਗੇੜੇ
ਯਾਦ ਆਵੇਂ ਜਾਣ ਵਾਲਿਆ
ਅਜੋਕੇ ਸਮੇਂ ਵਿੱਚ ਚਰਖਾ ਸਾਡੇ ਸੱਭਿਆਚਾਰ ਵਿੱਚੋਂ ਅਲੋਪ ਹੋ ਗਿਆ ਹੈ। ਨਾ ਤਾਂ ਤਿ੍ਰੰਝਣ ਵਿੱਚ ਚਰਖਾ ਕੱਤਦੀਆਂ ਮੁਟਿਆਰਾਂ ਦਿਖਾਈ ਦਿੰਦੀਆਂ ਹਨ ਅਤੇ ਨਾ ਚਰਖੇ ਦੀ ਗੂੰਜ ਸੁਣਾਈ ਦਿੰਦੀ ਹੈ। ਕੋਈ ਭਾਗਾਂ ਵਾਲਾ ਘਰ ਹੋਵੇਗਾ, ਜਿੱਥੇ ਕਿਸੇ ਔਰਤ ਨੂੰ ਚਰਖਾ ਕੱਤਣਾ ਆਉਂਦਾ ਹੋਵੇਗਾ। ਅੱਜ ਚਰਖਾ ਸਿਰਫ਼ ਸਕੂਲਾਂ, ਕਾਲਜਾਂ ਵਿੱਚ ਹੋਣ ਵਾਲੇ ਪ੍ਰੋਗਰਾਮਾਂ ਅਤੇ ਵਿਆਹਾਂ ਮੌਕੇ ਡੀ ਜੇ ਵਾਲਿਆਂ ਵੱਲੋਂ ਕੀਤੇ ਜਾਂਦੇ ਪ੍ਰੋਗਰਾਮ ਦੌਰਾਨ ਸਟੇਜ 'ਤੇ ਰੱਖਿਆ ਦਿਖਾਈ ਦਿੰਦਾ ਹੈ ਜਾਂ ਫਿਰ ਘਰ ਦੀ ਪਰਛੱਤੀ ਜਾਂ ਸਟੋਰ ਵਿੱਚ ਪਿਆ ਦਿਖਾਈ ਦੇ ਸਕਦਾ ਹੈ। ਸੱਚਾਈ ਇਹੀ ਹੈ ਕਿ ਬੀਤੇ ਸਮੇਂ ਜੋ ਚਰਖੇ ਦੀ ਸਰਦਾਰੀ ਸੀ ਉਹ ਹੁਣ ਖ਼ਤਮ ਹੋ ਚੁੱਕੀ ਹੈ।