ਨਵੀਂ ਦਿੱਲੀ, 15 ਸਤੰਬਰ, (ਪੋਸਟ ਬਿਊਰੋ)- ਫਿਲਮ ਸਟਾਰ ਸੁਸ਼ਾਂਤ ਸਿੰਘ ਦੀ ਮੌਤ ਦੀ ਜਾਂਚ ਦੌਰਾਨ ਜੱਗ ਜ਼ਾਹਰ ਹੋਏ ਬਾਲੀਵੁੱਡ ਦੇ ਡਰੱਗ ਕੁਨੈਕਸ਼ਨ ਦਾ ਮੁੱਦਾ ਅੱਜਪਾਰਲੀਮੈਂਟ ਵਿਚ ਵੀ ਜ਼ੋਰ ਨਾਲ ਗੂੰਜਿਆ। ਰਾਜ ਸਭਾ ਵਿਚ ਸਮਾਜਵਾਦੀ ਪਾਰਟੀ ਦੀ ਪਾਰਲੀਮੈਂਟ ਮੈਂਬਰ ਜਯਾ ਬੱਚਨ ਨੇ ਭਾਜਪਾ ਦੇ ਪਾਰਲੀਮੈਂਟ ਮੈਂਬਰ ਰਵੀ ਕਿਸ਼ਨ ਵੱਲੋਂ ਲੋਕ ਸਭਾ ਵਿੱਚ ਇੱਕ ਦਿਨ ਪਹਿਲਾਂ ਦਿੱਤੇ ਬਿਆਨ ਦੀ ਅੱਜ ਸਖ਼ਤ ਨਿੰਦਾ ਕੀਤੀ। ਉਨ੍ਹਾਂ ਨੇ ਇਸ ਨੂੰ ਫਿਲਮ ਇੰਡਸਟਰੀ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਕਰਾਰ ਦਿੰਦਿਆਂ ਜ਼ੀਰੋ ਆਵਰ ਦੌਰਾਨ ਇਸ ਬਾਰੇ ਖੁੱਲ੍ਹ ਕੇ ਆਪਣੀ ਗੱਲ ਕਹੀ।
ਇੱਕ ਦਿਨ ਪਹਿਲਾਂ ਲੋਕ ਸਭਾ ਵਿੱਚ ਬੋਲੇ ਭਾਜਪਾ ਐੱਮ ਪੀਅਤੇ ਭੋਜਪੁਰੀ ਅਦਾਕਾਰ ਰਵੀ ਕਿਸ਼ਨ ਤੇ ਅਦਾਕਾਰਾ ਕੰਗਨਾ ਰਣੌਤ ਦਾ ਨਾਂ ਲਏ ਬਿਨਾਂ ਜਯਾ ਬੱਚਨ ਨੇ ਕਿਹਾ, ‘ਜਿਸ ਥਾਲੀ ਵਿਚ ਖਾਂਦੇ ਹਨ, ਉਸੇ ਵਿਚ ਛੇਕ ਕਰਦੇ ਹਨ, ਜੋ ਕਿ ਗ਼ਲਤ ਹੈ।`ਜਯਾ ਨੇ ਕਿਹਾ, ‘ਜਿਨ੍ਹਾਂ ਲੋਕਾਂ ਨੇ ਫਿਲਮ ਇੰਡਸਟਰੀ ਤੋਂ ਨਾਮ ਕਮਾਇਆ, ਅੱਜ ਇਸ ਨੂੰ ਗਟਰ ਦੱਸਦੇ ਹਨ। ਮੈਂ ਇਸ ਨਾਲ ਬਿਲਕੁਲ ਸਹਿਮਤ ਨਹੀਂ।` ਉਨ੍ਹਾਂ ਕਿਹਾ ਕਿ ਸਰਕਾਰ ਨੂੰ ਮਨੋਰੰਜਨ ਇੰਡਸਟਰੀ ਦੇ ਨਾਲ ਖੜੇ ਹੋਣਾ ਚਾਹੀਦਾ ਹੈ। ਇਹ ਇੰਡਸਟਰੀ ਹਰ ਮੌਕੇ ਸਰਕਾਰ ਦੀ ਮਦਦ ਲਈ ਅੱਗੇ ਆਉਂਦੀ ਹੈ। ਸਮਾਜਵਾਦੀਪਾਰਲੀਮੈਂਟ ਮੈਂਬਰ ਜਯਾ ਬੱਚਨ ਨੇ ਕਿਹਾ ਕਿ ‘ਮੈਨੂੰ ਲੱਗਦਾ ਹੈ ਕਿ ਕੁਝ ਲੋਕਾਂ ਦੇ ਬੁਰੇ ਹੋਣ ਨਾਲ ਤੁਸੀਂ ਪੂਰੀ ਫਿਲਮ ਇੰਡਸਟਰੀ ਨੂੰ ਬੁਰਾ ਨਹੀਂ ਕਹਿ ਸਕਦੇ। ਮੈਂ ਕੱਲ੍ਹ ਬੇਹੱਦ ਸ਼ਰਮਿੰਦਾ ਹੋਈ,ਜਦੋਂ ਲੋਕ ਸਭਾ ਵਿਚ ਇੰਡਸਟਰੀ ਦੇ ਹੀ ਸਾਡੇ ਇਕ ਸਾਥੀ ਨੇ ਇਸ ਇੰਡਸਟਰੀ ਵਿਰੁੱਧ ਬੋਲਿਆ, ਜੋ ਸ਼ਰਮਨਾਕ ਹੈ।’
ਦੂਸਰੇ ਪਾਸੇ ਜਯਾ ਬੱਚਨ ਦੇ ਇਸ ਬਿਆਨ ਉੱਤੇ ਤਿੱਖੀ ਪ੍ਰਤੀਕਿਰਿਆ ਸ਼ੁਰੂ ਹੋ ਗਈ ਹੈ। ਭਾਜਪਾ ਦੇ ਪਾਰਲੀਮੈਂਟ ਮੈਂਬਰ ਰਵੀ ਕਿਸ਼ਨ ਤੇ ਕੰਗਨਾ ਰਣੌਤ ਨੇ ਜਯਾ ਬੱਚਨ ਉੱਤੇ ਪਲਟਵਾਰ ਕੀਤਾ ਹੈ। ਗੋਰਖਪੁਰ ਦੇ ਪਾਰਲੀਮੈਂਟ ਮੈਂਬਰ ਰਵੀ ਕਿਸ਼ਨ ਨੇ ਹੈਰਾਨੀ ਨਾਲ ਕਿਹਾ, ‘ਮੈਨੂੰ ਲੱਗਦਾ ਸੀ ਕਿ ਜਯਾ ਜੀ ਮੇਰੇ ਬਿਆਨ ਦਾ ਸਮਰਥਨ ਕਰਨਗੇ। ਇੰਡਸਟਰੀ ਵਿਚ ਹਰ ਕੋਈ ਡਰੱਗ ਨਹੀਂ ਲੈਂਦਾ, ਪਰ ਇਹ ਸਾਰੀ ਦੁਨੀਆ ਦੀ ਸਭ ਤੋਂ ਵੱਡੀ ਫਿਲਮ ਇੰਡਸਟਰੀ ਤਬਾਹ ਕਰਨ ਦੀ ਯੋਜਨਾ ਦਾ ਹਿੱਸਾ ਹੈ।’ ਰਵੀ ਕਿਸ਼ਨ ਨੇ ਕਿਹਾ ਕਿ ਮੈਂ ਖ਼ੁਦ ਬਣਾਈ ਥਾਲੀ ਵਿਚ ਛੇਕ ਨਹੀਂ ਕਰ ਰਿਹਾ, ਪਰ ਬਾਲੀਵੁੱਡ ਦੇ ਡਰੱਗ ਨੈੱਟਵਰਕ ਦੀ ਗੱਲ ਜ਼ਰੂਰ ਕਹੀ ਸੀ। ਜਯਾ ਬੱਚਨ ਦੇ ਬਿਆਨ ਤੋਂਮੈਂ ਹੈਰਾਨ ਹਾਂ।`
ਓਧਰ ਤਿੱਖੇ ਤੇਵਰ ਵਾਲੇ ਬਿਆਨਾਂ ਕਾਰਨ ਚਰਚਾ ਵਿਚ ਚੱਲ ਰਹੀ ਅਦਾਕਾਰਾ ਕੰਗਨਾ ਰਣੌਤ ਨੇ ਸਮਾਂ ਗੁਆਏ ਤੋਂ ਬਿਨਾਂ ਜਯਾ ਬੱਚਨ ਤੋਂਪੁੱਛ ਲਿਆ, “ਕੀ ਤੁਸੀਂ ਉਦੋਂ ਵੀ ਇਹੋ ਕਹਿੰਦੇ ਜੇ ਮੇਰੀ ਥਾਂ ਤੁਹਾਡੀ ਧੀ ਸ਼ਵੇਤਾ ਨੂੰ ‘ਟੀਨ ਏਜ` ਵਿਚ ਕੁੱਟਿਆ ਗਿਆ ਹੁੰਦਾ, ਡਰੱਗਜ਼ ਦਿੱਤੇ ਗਏ ਹੁੰਦੇ ਅਤੇ ਸ਼ੋਸ਼ਣ ਹੁੰਦਾ। ਥੋੜ੍ਹੀ ਹਮਦਰਦੀ ਸਾਡੇ ਨਾਲ ਵੀ ਦਿਖਾਓ।”