ਟੋਰਾਂਟੋ, 15 ਸਤੰਬਰ (ਪੋਸਟ ਬਿਊਰੋ) : ਸੀਨੀਅਰ ਸਰਕਾਰੀ ਸੂਤਰਾਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਕੈਨੇਡਾ ਤੇ ਅਮਰੀਕਾ ਵੱਲੋਂ ਸਰਹੱਦੀ ਪਾਬੰਦੀਆਂ ਨਵੰਬਰ ਤੱਕ ਵਧਾਏ ਜਾਣ ਦੀ ਸੰਭਾਵਨਾ ਹੈ|
ਗੈਰ ਜ਼ਰੂਰੀ ਆਵਾਜਾਈ ਲਈ ਅਮਰੀਕਾ ਕੈਨੇਡਾ ਸਰਹੱਦ ਉੱਤੇ ਲਾਈ ਗਈ ਪਾਬੰਦੀ ਦੀ ਮਿਆਦ 21 ਸਤੰਬਰ ਨੂੰ ਮੁੱਕਣ ਵਾਲੀ ਹੈ| ਸੂਤਰਾਂ ਨੇ ਦੱਸਿਆ ਕਿ ਇਹ ਪਾਬੰਦੀਆਂ ਉਦੋਂ ਤੱਕ ਜਾਰੀ ਰਹਿ ਸਕਦੀਆਂ ਹਨ ਜਦੋਂ ਤੱਕ ਕੋਵਿਡ-19 ਮਹਾਂਮਾਰੀ ਨੂੰ ਨਿਯੰਤਰਣ ਹੇਠ ਨਹੀਂ ਮੰਨ ਲਿਆ ਜਾਂਦਾ| ਟਰੈਵਲ ਬੈਨ ਪਹਿਲੀ ਵਾਰੀ ਮਾਰਚ ਵਿੱਚ ਲਾਇਆ ਗਿਆ ਸੀ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਇਸ ਨੂੰ ਹਰ ਮਹੀਨੇ ਨੰਵਿਆਇਆਂ ਜਾ ਰਿਹਾ ਹੈ| ਸੈਲਾਨੀਆਂ ਤੇ ਸਰਹੱਦੋਂ ਆਰ ਪਾਰ ਗੈਰਜ਼ਰੂਰੀ ਆਵਾਜਾਈ ਉੱਤੇ ਵੀ ਰੋਕ ਹੈ ਪਰ ਵਣਜ ਤੇ ਵਪਾਰ ਨੂੰ ਇਸ ਮਾਮਲੇ ਵਿੱਚ ਛੋਟ ਦਿੱਤੀ ਗਈ ਹੈ|
ਕਰੋਨਾਵਾਇਰਸ ਮਹਾਂਮਾਰੀ ਐਲਾਨੇ ਜਾਣ ਤੋਂ ਬਾਅਦ ਇਨ੍ਹਾਂ ਪਾਬੰਦੀਆਂ ਵਿੱਚ ਛੇਵੀਂ ਵਾਰੀ ਵਾਧਾ ਕੀਤਾ ਗਿਆ ਹੈ| ਕੈਨੇਡਾ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਹੋਏ ਇਜਾਫੇ ਦੇ ਮੱਦੇਨਜ਼ਰ ਇਹ ਤਾਜ਼ਾ ਵਾਧਾ ਕੀਤਾ ਗਿਆ ਹੈ| ਮੰਗਲਵਾਰ ਨੂੰ ਕਿਊਬਿਕ ਵਿੱਚ ਕੋਵਿਡ-19 ਦੇ 292 ਮਾਮਲੇ ਰਿਪੋਰਟ ਕੀਤੇ ਗਏ, ਜੋ ਦੇਸ਼ ਵਿੱਚ ਸੱਭ ਤੋਂ ਵੱਧ ਸਨ| ਇਸ ਤੋਂ ਬਾਅਦ ਓਨਟਾਰੀਓ ਦਾ ਨੰਬਰ ਆਇਆ ਜਿੱਥੇ ਮੰਗਲਵਾਰ ਨੂੰ ਕੋਵਿਡ-19 ਦੇ 251 ਮਾਮਲੇ ਦਰਜ ਕੀਤੇ ਗਏ| ਮਈ ਤੋਂ ਬਾਅਦ ਇਹ ਸੱਭ ਤੋਂ ਵੱਧ ਮਾਮਲੇ ਦੱਸੇ ਜਾ ਰਹੇ ਹਨ|
ਚੀਫ ਪਬਲਿਕ ਹੈਲਥ ਆਫੀਸਰ ਡਾæ ਥੈਰੇਸਾ ਟੇਮ ਵੱਲੋਂ ਕੈਨੇਡੀਅਨਾਂ ਨੂੰ ਫਿਜ਼ੀਕਲ ਡਿਸਟੈਂਸਿੰਗ ਸਬੰਧੀ ਨਿਯਮਾਂ ਦੀ ਪਾਲਣਾ ਕਰਨ ਤੇ ਹੋਰ ਪਬਲਿਕ ਹੈਲਥ ਦਿਸ਼ਾ ਨਿਰਦੇਸ਼ਾਂ ਨੂੰ ਮੰਨਣ ਦੀ ਅਪੀਲ ਕੀਤੀ ਜਾ ਰਹੀ ਹੈ|