ਓਟਵਾ, 14 ਸਤੰਬਰ (ਪੋਸਟ ਬਿਊਰੋ) : ਕਿਊਬਿਕ ਦੇ ਪ੍ਰੀਮੀਅਰ ਫਰੈਂਕੌਇਸ ਲੀਗਾਲਟ ਨਾਲ ਪਹਿਲੀ ਆਹਮੋ ਸਾਹਮਣੀ ਮੀਟਿੰਗ ਵਿੱਚ ਕੰਜ਼ਰਵੇਟਿਵ ਆਗੂ ਐਰਿਨ ਓਟੂਲ ਨੇ ਕੈਨੇਡਾ ਦੇ ਕੁਦਰਤੀ ਵਸੀਲਿਆਂ ਨੂੰ ਮਜ਼ਬੂਤ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ|
ਓਟੂਲ ਨੇ ਆਖਿਆ ਕਿ ਜੇ ਉਹ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਐਨਰਜੀ ਈਸਟ ਪਾਈਪਲਾਈਨ ਉਨ੍ਹਾਂ ਦੀ ਤਰਜੀਹ ਨਹੀਂ ਹੋਵੇਗੀ ਪਰ ਉਹ ਇਹ ਯਕੀਨੀ ਬਣਾਉਣਗੇ ਕਿ ਪੱਛਮ ਵਿਚਲੇ ਪਾਈਪਲਾਈਨ ਪ੍ਰੋਜੈਕਟ ਕੈਨੇਡਾ ਦੇ ਸਮੁੱਚੇ ਅਰਥਚਾਰੇ ਨੂੰ ਅਗਾਂਹ ਲੈ ਕੇ ਜਾਣ| ਸੋਮਵਾਰ ਨੂੰ ਮਾਂਟਰੀਅਲ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਓਟੂਲ ਨੇ ਆਖਿਆ ਕਿ ਕਈ ਅਜਿਹੇ ਪ੍ਰੋਜੈਕਟ ਹਨ ਜਿਹੜੇ ਕੈਨੇਡੀਅਨ ਵਸੀਲਿਆਂ ਲਈ ਬਿਹਤਰ ਕੀਮਤ ਹਾਸਲ ਕਰਨ ਵਿੱਚ ਮਦਦ ਕਰ ਸਕਦੇ ਹਨ| ਇਸ ਤਰ੍ਹਾਂ ਦੇ ਪ੍ਰੋਜੈਕਟ ਸਾਡੇ ਦੇਸ਼ ਦੇ ਹਿਤ ਵਿੱਚ ਵੀ ਹਨ| ਜਦੋਂ ਸਾਡਾ ਅਰਥਚਾਰਾ ਰਿਕਵਰ ਕਰੇਗਾ ਤਾਂ ਅਸੀਂ ਅਜਿਹੇ ਪ੍ਰੋਜੈਕਟਾਂ ਤੋਂ ਬਿਹਤਰ ਕੀਮਤ ਹਾਸਲ ਕਰ ਸਕਦੇ ਹਾਂ| ਉਨ੍ਹਾਂ ਇਹ ਵੀ ਆਖਿਆ ਕਿ ਲੀਗਾਲਟ ਨਾਲ ਮੁਲਾਕਾਤ ਬਹੁਤ ਵਧੀਆ ਰਹੀ|
2019 ਵਿੱਚ ਜੇਸਨ ਕੇਨੀ ਦੇ ਅਲਬਰਟਾ ਦਾ ਪ੍ਰੀਮੀਅਰ ਬਣਨ ਤੋਂ ਬਾਅਦ ਉਨ੍ਹਾਂ ਵੱਲੋਂ ਕਿਊਬਿਕ ਦੇ ਪ੍ਰੀਮੀਅਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਉਹ ਪ੍ਰੋਵਿੰਸ ਰਾਹੀਂ ਕੈਨੇਡਾ ਭਰ ਵਿੱਚ ਪਾਈਪਲਾਈਨ ਦੀ ਉਸਾਰੀ ਬਾਰੇ ਵਿਚਾਰ ਕਰਨ ਤਾਂ ਕਿ ਵਧੇਰੇ ਤੇਲ ਮਾਰਕਿਟ ਤੱਕ ਪਹੁੰਚਾਇਆ ਜਾ ਸਕੇ| ਪਰ ਲੀਗਾਲਟ ਵੱਲੋਂ ਅਜਿਹੀਆਂ ਮੰਗਾਂ ਨੂੰ ਠੁਕਰਾਇਆ ਜਾਂਦਾ ਰਿਹਾ ਹੈ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਸ ਮੁੱਦੇ ਉੱਤੇ ਕੋਈ ਸਮਾਜਕ ਸਵੀਕ੍ਰਿਤੀ ਨਹੀਂ ਮਿਲੇਗੀ|
ਓਟੂਲ ਨੇ ਆਖਿਆ ਕਿ ਇਸ ਬਾਰੇ ਪ੍ਰੀਮੀਅਰ ਕੇਨੀ ਵੱਲੋਂ ਪਹਿਲਾਂ ਹੀ ਆਪਣੇ ਹਮਰੁਤਬਾ ਅਧਿਕਾਰੀਆਂ ਨਾਲ ਗੱਲ ਕੀਤੇ ਜਾਣ ਤੋਂ ਭਾਵ ਹੈ ਕਿ ਉਹ ਭਾਈਵਾਲੀ ਚਾਹੁੰਦੇ ਹਨ| ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਵੀ ਇਹੋ ਲੱਗਦਾ ਹੈ ਕਿ ਸਾਰੇ ਪ੍ਰੋਵਿੰਸ਼ੀਅਲ ਪ੍ਰੀਮੀਅਰਜ਼ ਇਹੋ ਚਾਹੁੰਦੇ ਹਨ ਕਿ ਓਟਵਾ ਵਿੱਚ ਉਨ੍ਹਾਂ ਨੂੰ ਕੋਈ ਭਾਈਵਾਲ ਮਿਲੇ| ਉਨ੍ਹਾਂ ਆਖਿਆ ਸਾਡੀ ਵੀ ਪਹੁੰਚ ਟਕਰਾਅ ਵਾਲੀ ਨਹੀਂ ਸਗੋਂ ਸਾਂਝ ਪਾਉਣ ਦੀ ਹੀ ਰਹੇਗੀ|