ਓਟਵਾ, 14 ਸਤੰਬਰ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅੱਜ ਤੋਂ ਦੋ ਰੋਜ਼ਾ ਕੈਬਨਿਟ ਮੰਤਰੀਆਂ ਦੀ ਮੀਟਿੰਗ ਦੀ ਸ਼ੁਰੂਆਤ ਕਰਨਗੇ| ਇਹ ਮੀਟਿੰਗ ਬੰਦ ਦਰਵਾਜ਼ਾ ਹੋਵੇਗੀ| ਕੋਵਿਡ-19 ਦੇ ਵੱਧ ਰਹੇ ਨਵੇਂ ਮਾਮਲਿਆਂ ਕਾਰਨ ਇੱਕ ਵਾਰੀ ਮੁੜ ਲਿਬਰਲ ਸਰਕਾਰ ਦਾ ਧਿਆਨ ਤੇ ਸਾਰਾ ਜ਼ੋਰ ਸੈਕਿੰਡ ਵੇਵ ਤੋਂ ਆਪਣੇ ਨਾਗਰਿਕਾਂ ਨੂੰ ਬਚਾਉਣ ਉੱਤੇ ਲੱਗਿਆ ਹੋਇਆ ਹੈ|
ਪਿਛਲੇ ਕੁੱਝ ਹਫਤਿਆਂ ਤੋਂ ਕੈਨੇਡਾ ਭਰ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਕਾਫੀ ਵਾਧਾ ਵੇਖਣ ਨੂੰ ਮਿਲ ਰਿਹਾ ਹੈ| ਇਸ ਦੌਰਾਨ ਪਬਲਿਕ ਹੈਲਥ ਆਫੀਸਰਜ਼ ਵੱਲੋਂ ਕੈਨੇਡੀਅਨਾਂ ਨੂੰ ਇਹ ਚੇਤੇ ਕਰਵਾਇਆ ਜਾ ਰਿਹਾ ਹੈ ਕਿ ਉਹ ਕਿਸੇ ਵੀ ਹਾਲ ਆਪਣੇ ਸੇਫਟੀ ਸਬੰਧੀ ਪ੍ਰਬੰਧਾਂ ਨੂੰ ਢਿੱਲਿਆਂ ਵਿੱਚ ਨਾ ਲੈਣ ਕਿਉਂਕਿ ਆਉਣ ਵਾਲੇ ਦਿਨਾਂ ਵਿੱਚ ਠੰਢ ਵੀ ਵਧਣ ਵਾਲੀ ਹੈ|
ਇਸ ਸੰਦਰਭ ਵਿੱਚ ਹੀ ਲਿਬਰਲਾਂ ਦੀ ਦੋ ਰੋਜ਼ਾ ਕੈਬਨਿਟ ਰਟਰੀਟ ਵੀ ਹੋਵੇਗੀ| ਇਸ ਮੌਕੇ ਸਰਕਾਰ ਸਾਰਾ ਧਿਆਨ ਮਹਾਮਾਰੀ ਤੋਂ ਬਾਅਦ ਵਾਲੇ ਅਰਥਚਾਰੇ ਦੇ ਪੁਨਰ ਨਿਰਮਾਣ ਉੱਤੇ ਕੇਂਦਰਿਤ ਕਰਨਾ ਚਾਹੁੰਦੀ ਹੈ| ਇਸ ਦੇ ਨਾਲ ਹੀ ਸਰਕਾਰ ਸੈਕਿੰਡ ਵੇਵ ਨਾਲ ਹੋਣ ਵਾਲੇ ਨੁਕਸਾਨ ਨੂੰ ਵੀ ਘਟਾਉਣਾ ਚਾਹੁੰਦੀ ਹੈ| ਇਸ ਤੋਂ ਇਲਾਵਾ ਮੰਤਰੀਆਂ ਵੱਲੋਂ ਟੈਮ ਤੇ ਦੋ ਫੈਡਰਲ ਟਾਸਕ ਫੋਰਸਿਜ਼ ਦੇ ਕੋ-ਚੇਅਰਜ਼ ਦੀਆਂ ਪ੍ਰੈਜੈਂਟੇਸ਼ਨਜ਼ ਵੀ ਸੁਣੀਆਂ ਜਾਣਗੀਆਂ| ਪਾਰਲੀਆਮੈਂਟ ਦੀ ਕਾਰਵਾਈ 23 ਸਤੰਬਰ ਨੂੰ ਰਾਜ ਭਾਸ਼ਣ ਨਾਲ ਸ਼ੁਰੂ ਹੋਵੇਗੀ|