ਟੋਰਾਂਟੋ, 13 ਸਤੰਬਰ (ਪੋਸਟ ਬਿਊਰੋ) : ਸ਼ਨਿੱਚਰਵਾਰ ਦੁਪਹਿਰ ਨੂੰ ਟੋਰਾਂਟੋ ਦੇ ਵੈਸਟਨ ਵਿਲੇਜ ਵਿੱਚ ਛੁਰੇਬਾਜ਼ੀ ਦੀ ਇੱਕ ਘਟਨਾ ਵਿੱਚ ਤਿੰਨ ਵਿਅਕਤੀ ਮਾਰੇ ਗਏ|
ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਚਰਚ ਸਟਰੀਟ ਤੇ ਕਿੰਗ ਜਾਰਜ ਰੋਡ ਇਲਾਕੇ ਵਿੱਚ ਰਾਤੀਂ 2:30 ਉੱਤੇ ਸੱਦਿਆ ਗਿਆ| ਮੌਕੇ ਉੱਤੇ ਪਹੁੰਚਣ ਉੱਤੇ ਉਨ੍ਹਾਂ ਨੂੰ ਇੱਕ ਮਹਿਲਾ ਤੇ ਪੁਰਸ਼ ਦੀਆਂ ਲਾਸ਼ਾਂ ਮਿਲੀਆਂ| ਜਾਂਚਕਾਰਾਂ ਨੂੰ ਇਸ ਥਾਂ ਤੋਂ ਥੋੜ੍ਹੀ ਦੂਰ ਵੈਸਟਨ ਯੂਪੀ ਐਕਸਪ੍ਰੈੱਸ ਸਟੇਸ਼ਨ ਨੇੜੇ ਗੋ ਟਰੇਨ ਦੇ ਟਰੈਕਸ ਉੱਤੇ ਇਸ ਜੁਰਮ ਨਾਲ ਸਬੰਧਤ ਇੱਕ ਹੋਰ ਮਾਮਲਾ ਵੇਖਣ ਨੂੰ ਮਿਲਿਆ|
ਉੱਥੋਂ ਇੱਕ ਵਿਅਕਤੀ ਦੀ ਲਾਸ਼ ਮਿਲੀ| ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਸ ਵਿਅਕਤੀ ਦੀ ਮੌਤ ਟਰੇਨ ਦੀ ਚਪੇਟ ਵਿੱਚ ਆਉਣ ਕਾਰਨ ਹੋਈ ਜਾਂ ਉਸ ਨੇ ਖੁਦਕੁਸ਼ੀ ਕੀਤੀ| ਪੁਲਿਸ ਨੇ ਇਸ ਘਟਨਾ ਵਿੱਚ ਮਰਨ ਵਾਲਿਆਂ ਦੀ ਸ਼ਨਾਖ਼ਤ ਕਰ ਲਈ ਹੈ| ਮਾਰੇ ਗਏ ਵਿਅਕੀਤਆਂ ਵਿੱਚ 64 ਸਾਲਾ ਜੋਆਓ ਬਾਰਸੇਲੌਸ ਤੇ 59 ਸਾਲਾ ਈਵਾ ਬਾਰਸੇਲੌਸ ਸ਼ਾਮਲ ਹਨ| ਇਸ ਥਾਂ ਤੋਂ ਨੇੜੇ ਹੀ ਮ੍ਰਿਤਕ ਮਿਲਿਆ ਵਿਅਕਤੀ ਇਸ ਜੋੜੇ ਦਾ ਲੜਕਾ 28 ਸਾਲਾ ਤਿਬੇਰੋ ਬਾਸੇਲੌਸ ਦੱਸਿਆ ਜਾਂਦਾ ਹੈ| ਪੁਲਿਸ ਨੇ ਦੱਸਿਆ ਕਿ ਇਹ ਆਪਣੇ ਮਾਪਿਆਂ ਨਾਲ ਨਹੀਂ ਸੀ ਰਹਿੰਦਾ ਪਰ ਉਨ੍ਹਾਂ ਦੇ ਕਤਲ ਵਿੱਚ ਇਹੀ ਮਸ਼ਕੂਕ ਸੀ|