Welcome to Canadian Punjabi Post
Follow us on

28

October 2020
ਮਨੋਰੰਜਨ

ਕੰਮ ਕੀਤਾ ਆਪਣੀਆਂ ਸ਼ਰਤਾਂ 'ਤੇ : ਰਕੁਲ ਪ੍ਰੀਤ ਸਿੰਘ

September 09, 2020 09:39 AM

ਸਾਲ 2009 ਵਿੱਚ ਇੱਕ ਕੰਨੜ ਫਿਲਮ ਨਾਲ ਆਪਣਾ ਐਕਟਿੰਗ ਸਫਰ ਸ਼ੁਰੂ ਕਰਨ ਵਾਲੀ ਰਕੁਲ ਪ੍ਰੀਤ ਸਿੰਘ ਨੇ ਤਮਿਲ ਅਤੇ ਤੇਲਗੂ 'ਚ ਕਈ ਸਾਊਥ ਇੰਡੀਅਨ ਫਿਲਮਾਂ 'ਚ ਕੰਮ ਕਰਨ ਪਿੱਛੋਂ ਸਾਲ 2014 ਵਿੱਚ ਫਿਲਮ ‘ਯਾਰੀਆਂ’ ਨਾਲ ਬਾਲੀਵੁੱਡ 'ਚ ਡੈਬਿਊ ਕੀਤਾ। ਹਿੰਦੀ ਦਰਸ਼ਕਾਂ 'ਚ ਉਸ ਨੂੰ ਅਸਲੀ ਪ੍ਰਸਿੱਧੀ ਸਾਲ 2019 ਵਿੱਚ ਅਜੈ ਦੇਵਗਨ ਦੇ ਨਾਲ ਫਿਲਮ ‘ਦੇ ਦੇ ਪਿਆਰ ਦੇ’ ਤੋਂ ਮਿਲੀ। ਇਸ ਪਿੱਛੋਂ ਉਹ ਬਾਲੀਵੁੱਡ ਦੀ ਸਭ ਤੋਂ ਵੱਧ ਡਿਮਾਂਡ 'ਚ ਰਹਿਣ ਵਾਲੀ ਹੀਰੋਇਨ ਬਣ ਚੁੱਕੀ ਹੈ। ਇਸ ਤੋਂ ਬਾਅਦ ‘ਮਰਜਾਵਾਂ’ ਅਤੇ ‘ਸ਼ਿਮਲਾ ਮਿਰਚੀ' ਜਿਹੀਆਂ ਫਿਲਮਾਂ ਵਿੱਚ ਨਜ਼ਰ ਆ ਚੁੱਕੀ ਰਕੁਲ ਪ੍ਰੀਤ ਦੀ ਝੋਲੀ ਫਿਲਮਾਂ ਨਾਲ ਭਰੀ ਹੈ ਜਿਸ 'ਚ ਜਾਨ ਅਬਰਾਹਮ ਨਾਲ ਫਿਲਮ ‘ਅਟੈਕ’ ਤੋਂ ਇਲਾਵਾ ਅਰਜੁਨ ਕਪੂਰ ਦੇ ਨਾਲ ਇੱਕ ਫਿਲਮ ਸ਼ਾਮਲ ਹੈ।
* ਸ਼ੁਰੂ ਕੀਤੀ ਫਿਲਮ ਦੀ ਸ਼ੂਟਿੰਗ
-ਅਰਜੁਨ ਨਾਲ ਉਸ ਦੀ ਫਿਲਮ ਇੱਕ ਰੋਮਾਂਟਿਕ ਡਰਾਮਾ-ਕਾਮੇਡੀ ਦੱਸੀ ਜਾ ਰਹੀ ਹੈ ਜਿਸ ਦੀ ਸ਼ੂਟਿੰਗ ਉਸ ਨੇ ਪਿੱਛੇ ਜਿਹੇ ਸ਼ੁਰੂ ਕੀਤੀ ਹੈ। ਇਸ ਵਿੱਚ ਉਹ ਪਹਿਲੀ ਵਾਰ ਅਰਜਨ ਦੇ ਨਾਲ ਸਕਰੀਨ ਸ਼ੇਅਰ ਕਰਨ ਵਾਲੀ ਹੈ। ਦਰਅਸਲ ਇਸ ਫਿਲਮ ਦੀ ਵੱਧ ਸ਼ੂਟਿੰਗ ਲਾਕਡਾਊਨ ਤੋਂ ਪਹਿਲਾਂ ਜਾਰੀ ਸੀ ਤੇ ਕਾਫੀ ਹੱਦ ਤੱਕ ਪੂਰੀ ਹੋ ਚੁੱਕੀ ਹੈ, ਪਰ ਫਿਰ ਲਾਕਡਾਊਨ ਕਾਰਨ ਇਸ ਦੀ ਸ਼ੂਟਿੰਗ ਨਹੀਂ ਹੋ ਸਕੀ। ਇਸ ਦੀ ਸਿਰਫ 14 ਦਿਨ ਦੀ ਸ਼ੂਟਿੰਗ ਹੀ ਬਾਕੀ ਬਚੀ ਹੈ।
ਫਿਲਮ ਦੇ ਨਿਰਮਾਤਾ ਨਿਖਿਲ, ਨਿਰਦੇਸ਼ਕ ਕਾਸ਼ਵੀ, ਜਾਨ ਅਬਰਾਹਮ, ਭੂਸ਼ਣ ਜੀ ਅਤੇ ਮੇਰੀ ਟੀਮ ਦਿਨ ਰਾਤ ਸਟਾਰਸ ਦੀ ਸੁਰੱਖਿਆ ਅਤੇ ਸਹਿਜ ਮਹਿਸੂਸ ਕਰਵਾਉਣ 'ਚ ਲੱਗੇ ਹੋਏ ਹਨ। ਅਸੀਂ ਸੂਬਾ ਸਰਕਾਰ ਵੱਲੋਂ ਜਾਰੀ ਕੀਤੇ ਗਏ ਸਾਰੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਾਂਗੇ। ਇਹ ਪੂਰੀ ਕਾਸਟ ਨਾਲ ਲਗਭਗ 10 ਦਿਨਾਂ ਦਾ ਸ਼ੂਟ ਹੈ। ਇਸ ਤੋਂ ਬਾਅਦ ਸਿਰਫ ਚਾਰ ਦਿਨ ਦਾ ਸ਼ਡਿਊਲ ਬਚੇਗਾ ਜਿਸ ਨੂੰ ਅਸੀਂ ਬਾਰਿਸ਼ ਤੋਂ ਬਾਅਦ ਸਤੰਬਰ ਦੇ ਅਖੀਰ 'ਚ ਸ਼ੂਟ ਕਰਾਂਗੇ।
ਦੱਸ ਦੇਈਏ ਕਿ ਅਜੇ ਫਿਲਮ ਦਾ ਨਾਂਅ ਤੈਅ ਨਹੀਂ ਹੋਇਆ ਜਿਸ ਨੂੰ ਭੂਸ਼ਣ ਕੁਮਾਰ ਦਿਵਿਆ ਖੋਸਲਾ ਕੁਮਾਰ, ਨਿਖਿਲ ਅਡਵਾਨੀ ਅਤੇ ਜਾਨ ਅਬਰਾਹਮ ਸਮੇਤ ਕਈ ਲੋਕ ਪ੍ਰੋਡਿਊਸ ਕਰ ਰਹੇ ਹਨ। ਰਕੁਲ ਦੀ ਬਾਲੀਵੁੱਡ ਵਿੱਚ ਖਾਸ ਪਛਾਣ ਬਣ ਚੁੱਕੀ ਹੈ, ਪਰ ਅਜੇ ਵੀ ਉਸ ਦੇ ਖਾਤੇ 'ਚ ਜ਼ਿਆਦਾ ਹਿੰਦੀ ਫਿਲਮਾਂ ਨਹੀਂ ਹਨ ਤਾਂ ਕਿ ਹਿੰਦੀ ਫਿਲਮਾਂ ਵੱਧ ਨਾ ਕਰ ਸਕਣ ਦਾ ਉਸ ਨੂੰ ਮਲਾਲ ਹੈ। ਪੁੱਛਣ 'ਤੇ ਉਸ ਨੇ ਕਿਹਾ, ‘‘ਨਹੀਂ, ਬਿਲੁਕਲ ਨਹੀਂ। ਮੇਰੇ 'ਤੇ ਨਾਰਥ ਇੰਡੀਅਨ ਦਾ ਸਟੈਂਪ ਨਾ ਲਾਓ। ਮੈਂ ਇੱਕ ਫੌਜੀ ਦੀ ਧੀ ਹਾਂ, ਜੋ ਪੂਰੇ ਦੇਸ਼ ਦਾ ਹੁੰਦਾ ਹੈ। ਮੇਰਾ ਕੋਈ ਗਾਡਫਾਦਰ ਨਹੀਂ ਹੈ। ਮੈਂ ਆਪਣੀਆਂ ਸ਼ਰਤਾਂ 'ਤੇ ਕੰਮ ਕੀਤਾ ਹੈ। ਹਿੰਦੀ ਵਿੱਚ ਬਣੀ ਫਿਲਮ ‘ਯਾਰੀਆਂ’ ਮੈਂ ਪਹਿਲਾਂ ਸਾਈਨ ਕੀਤੀ ਸੀ, ਪਰ ਸਾਊਥ ਆਉਣ ਵਾਲੀ ਫਿਲਮ ਪਹਿਲਾਂ ਰਿਲੀਜ਼ ਹੋਈ। ਮੈਨੂੰ ਕਿਸੇ ਵੀ ਗੱਲ ਦਾ ਅਫਸੋਸ ਅਤੇ ਮਲਾਲ ਨਹੀਂ ਹੈ। ਸਾਊਥ 'ਚ ਮੇਰੀ ਪਛਾਣ ਵੱਧ ਬਣੀ ਅਤੇ ਮੈਨੂੰ ਉਥੇ ਸਫਲਤਾ ਮਿਲੀ।”
* ਗਜ਼ਬ ਦੀ ਖੂਬਸੂਰਤੀ ਅਤੇ ਆਕਰਸ਼ਕ ਸਟਾਈਲ
- ਰਕੁਲ ਦੀ ਗਿਣਤੀ ਇਸ ਸਮੇਂ ਇੰਡਸਟਰੀ ਦੀ ਸਭ ਤੋਂ ਖੂਬਸੂਰਤ ਤੇ ਸਟਾਈਲਿਸ਼ ਅਭਿਨੇਤਰੀਆਂ 'ਚ ਹੁੰਦੀ ਹੈ। ਉਸ ਦਾ ਕਹਿਣਾ ਹੈ ਕਿ ਉਹ ਸਟਾਈਲ ਦੇ ਮਾਮਲੇ 'ਚ ਸਭ ਤੋਂ ਪਹਿਲਾਂ ਆਪਣੇ ਕੰਫਰਟ ਦਾ ਧਿਆਨ ਰੱਖਦੀ ਹੈ। ਜਦੋਂ ਉਸ ਤੋਂ ਪੁੱਛਿਆ ਗਿਆ ਕਿ ਕੀ ਉਹ ਵੀ ਏਅਰਪੋਰਟ ਜਾਂ ਜਿੰਮ ਜਾਣ ਲਈ ਖਾਸ ਤਿਆਰੀ ਕਰਦੀ ਹੈ ਤਾਂ ਉਸ ਦਾ ਕਹਿਣਾ ਸੀ, ‘‘ਏਅਰਪੋਰਟ ਲੁੱਕ ਲਈ ਤਾਂ ਮੈਂ ਬਿਲਕੁਲ ਵੀ ਨਹੀਂ ਸੋਚਦੀ। ਸਿੱਧੀ ਜਿਹੀ ਗੱਲ ਹੈ, ਲਾਕਡਾਊਨ ਤੋਂ ਪਹਿਲਾਂ ਆਏ ਦਿਨ ਹੈਦਰਾਬਾਦ ਤੋਂ ਮੁੰਬਈ ਆਉਣਾ ਹੁੰਦਾ ਸੀ। ਸਵੇਰੇ-ਸਵੇਰੇ ਫਲਾਈਟ ਲੈਣੀ ਹੁੰਦੀ ਹੈ ਤਾਂ ਸਟਾਈਲ ਬਾਰੇ ਨਹੀਂ ਸੋਚਦੀ। ਜੋ ਕੁਝ ਹੈ, ਪਾ ਕੇ ਤੁਰ ਜਾਂਦੀ ਹਾਂ।” ਉਸ ਨੇ ਕਿਹਾ, ‘ਜਿੱਥੋਂ ਤੱਕ ਜਿੰਮ ਦੀ ਗੱਲ ਹੈ, ਸਮਝ ਨਹੀਂ ਆਉਂਦਾ ਕਿ ਲੋਕ ਜਿੰਮ ਤੋਂ ਨਿਕਲਦੇ ਸੁੰਦਰ ਕਿਵੇਂ ਨਜ਼ਰ ਪੈਂਦੇ ਹਨ। ਖੁਸ਼ਕਿਸਮਤੀ ਨਾਲ ਮੇਰੇ ਜਿੰਮ ਵਿੱਚ ਫੋਟੋਗਰਾਫਰਾਂ ਦਾ ਦਾਖਲਾ ਬੰਦ ਹੈ, ਜਦੋਂ ਮੈਂ ਜਿਮ ਤੋਂ ਨਿਕਲਦੀ ਹਾਂ ਤਾਂ ਪਸੀਨੇ ਨਾਲ ਭਰੀ ਹੁੰਦੀ ਹਾਂ। ਤੁਰੰਤ ਕਾਰ ਵਿੱਚ ਬੈਠ ਜਾਂਦੀ ਹਾਂ। ਮੇਰੇ ਵਾਲ ਵੀ ਕਦੇ ਜਗ੍ਹਾ ਨਹੀਂ ਹੁੰਦੇ। ਪਤਾ ਨਹੀਂ ਲੋਕ ਖੂਬਸੂਰਤ ਕਿਵੇਂ ਲੱਗਦੇ ਹਨ।”
ਰਕੁਲ ਨੂੰ ਅਕਸਰ ਸੁੰਦਰ ਬੈਗਸ ਫੜੀ ਦੇਖਿਆ ਜਾਂਦਾ ਹੈ। ਉਸ ਨੇ ਕਿਹਾ, ‘‘ਮੈਨੂੰ ਜਿੰਮੀ ਚੂ ਸਨੈਕਸ ਬੈਗ ਪਸੰਦ ਹਨ, ਜੋ ਮੇਰੇ ਕੋਲ ਪਹਿਲਾਂ ਤੋਂ ਹੈ। ਮੈਂ ਚਮੜੇ ਦੇ ਬੈਗ ਖਰੀਦਣੇ ਬੰਦ ਕਰ ਦਿੱਤੇ, ਜੋ ਚੰਗਾ ਲੱਗਦਾ ਹੈ ਖਰੀਦ ਲੈਂਦੀ ਹਾਂ।”
* ਖੁਦ ਨੂੰ ਦਿੰਦੀ ਹਾਂ ਸਮਾਂ
-ਕੰਮ ਦੇ ਦੌਰਾਨ ਆਪਣੇ ਲਈ ਸਮਾਂ ਕੱਢਣ ਦੀ ਲੋੜ ਉਤੇ ਜ਼ੋਰ ਦੇ ਕੇ ਉਹ ਕਹਿੰਦੀ ਹੈ, ‘‘ਮੇਰੇ ਲਈ ਮੇਰਾ ‘ਮੀ ਟਾਈਮ’ ਹਮੇਸ਼ਾ ਹੁੰਦਾ ਹੈ। ਮੈਨੂੰ ਕੋਈ ਕੰਮ ਕਰਨ ਲਈ ਮਜਬੂਰ ਨਹੀਂ ਕਰਦਾ। ਮੈਨੂੰ ਕੰਮ ਕਰਨਾ ਚੰਗਾ ਲੱਗਦਾ ਹੈ ਤਾਂ ਕੰਮ ਕਰ ਰਹੀ ਹਾਂ। ਮੈਨੂੰ ਕੁਦਰਤ ਦੀ ਗੋਦ ਵਿੱਚ ਰਹਿਣਾ, ਝਰਨਿਆਂ ਦੇ ਹੇਠਾਂ ਧਿਆਨ ਲਾਉਣਾ ਆਪਣੇ ਲਈ ਲੰਘ ਜਾਣ ਵਾਲਾ ਸਭ ਤੋਂ ਬਿਹਤਰੀਨ ਸਮਾਂ ਲੱਗਦਾ ਹੈ।”
*ਫਿਟਨੈਸ ਅਤੇ ਖੂਬਸੂਰਤੀ ਦਾ ਰਾਜ਼
- ਸਿਹਤਮੰਦ ਅਤੇ ਫਿੱਟ ਰਹਿਣ ਲਈ ਆਪਣੀ ਡਾਈਟ 'ਚ ਕਿਹੜੀ ਚੀਜ਼ ਵਿਸ਼ੇਸ਼ ਰੂਪ ਨਾਲ ਸ਼ਾਮਲ ਕਰਦੇ ਹੋ, ਪੁੱਛਣ 'ਤੇ ਉਸ ਨੇ ਕਿਹਾ, ‘‘ਮੈਂ ਖੰਡ ਤੋਂ ਪ੍ਰਹੇਜ਼ ਕਰਦੀ ਹਾਂ ਇਸ ਦੀ ਜਗ੍ਹਾ ਗੁੜ ਅਤੇ ਸ਼ਹਿਦ ਦੀ ਵਰਤੋਂ ਕਰਦੀ ਹਾਂ। ਸ਼ੱਕਰ ਨਾਲ ਆਪਣੇ ਸਰੀਰ ਨੂੰ ਖਰਾਬ ਨਹੀਂ ਕਰਨਾ ਚਾਹੁੰਦੀ।” ਆਪਣੀ ਚਮਕਦੀ ਸਕਿਨ ਦਾ ਰਾਜ਼ ਦੱਸਦੇ ਹੋਏ ਉਸ ਨੇ ਕਿਹਾ, ‘ਮੈਂ ਹਮੇਸ਼ਾ ਖੁਸ਼ ਰਹਿੰਦੀ ਹਾਂ ਕਦੇ ਕਿਸੇ ਨਾਲ ਈਰਖਾ ਨਹੀਂ ਕਰਦੀ। ਆਤਮਾ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰੋ।’
* ਪਿਛਲੀ ਫਿਲਮ ਦੇ ਅਨੁਭਵ
- ਰਕੁਲ ਦੀ ਪਿਛਲੀ ਫਿਲਮ ‘ਮਰਜਾਵਾਂ’ ਵਿੱਚ ਉਸ ਦੀ ਐਕਟਿੰਗ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਇਸ 'ਚ ਇੱਕ ਤਵਾਇਫ ਦਾ ਰੋਲ ਕਰਨ 'ਤੇ ਉਸ ਦੀ ਤੁਲਨਾ ਰੇਖਾ ਨਾਲ ਕੀਤੀ ਗਈ, ਪਰ ਉਹ ਇਸ ਨੂੰ ਸਹੀ ਨਹੀਂ ਮੰਨਦੀ। ਉਸ ਨੇ ਕਿਹਾ, ‘‘ਰੇਖਾ ਨਾਲ ਮੇਰੀ ਕੋਈ ਤੁਲਨਾ ਨਹੀਂ ਹੋ ਸਕਦੀ। ਹਰ ਮਾਮਲੇ ਵਿੱਚ ਉਹ ਮੇਰੇ ਨਾਲੋਂ ਬਹੁਤ ਵੱਡੀ ਸਟਾਰ ਹੈ। ਮੈਂ ਉਨ੍ਹਾਂ ਦੀਆਂ ਫਿਲਮਾਂ ਨਹੀਂ ਦੇਖੀਆਂ, ਕਿਉਂਕਿ ਮੈਨੂੰ ਡਰ ਸੀ ਕਿ ਮੈਂ ਕਿਤੇ ਉਨ੍ਹਾਂ ਦੀ ਕਾਪੀ ਨਾ ਕਰ ਬੈਠਾਂ। ਹਾਂ, ਮੈਂ ਕੁਝ ਪੁਰਾਣੀਆਂ ਫਿਲਮਾਂ ਜ਼ਰੂਰ ਦੇਖੀਆਂ, ਇਹ ਜਾਨਣ ਲਈ ਕਿ ਤਵਾਇਫ ਕਿਸ ਤਰ੍ਹਾਂ ਉਠਦੀ-ਬੈਠਦੀ ਹੈ, ਉਨ੍ਹਾਂ ਦੀ ਬਾਡੀ ਲੈਂਗਵੇਜ ਉਸ ਦੇ ਸੋਚਣ ਅਤੇ ਗੱਲ ਕਰਨ ਦਾ ਅੰਦਾਜ਼ ਕੀ ਹੁੰਦਾ ਹੈ। ਮੈਂ ਰੇਖਾ ਜੀ ਦੀ ਕਾਰਬਨ ਕਾਪੀ ਨਹੀਂ ਬਣਨਾ ਸੀ।”
*ਜੁੜੀ ਹੈ ‘ਬੇਟੀ ਬਚਾਓ ਬੇਟੀ ਪੜ੍ਹਾਓ’ ਮੁਹਿੰਮ ਨਾਲ
-ਕੁਝ ਸਮੇਂ ਤੋਂ ਰਕੁਲ ‘ਬੇਟੀ ਬਚਾਓ ਬੇਟੀ ਪੜ੍ਹਾਓ’ ਮੁਹਿਮ ਨੂੰ ਉਤਸ਼ਾਹਤ ਕਰਦੀ ਰਹੀ ਹੈ। ਇਸ ਨਾਲ ਆਪਣੇ ਜੁੜਨ ਦੇ ਬਾਰੇ ਉਸ ਨੇ ਦੱਸਿਆ, ‘‘ਇਸ ਮੁਹਿੰਮ ਨਾਲ ਜੁੜੇ ਮੈਨੂੰ ਲਗਭਗ ਤਿੰਨ ਸਾਲ ਹੋ ਚੁੱਕੇ ਹਨ। ਪੇਂਡੂ ਇਲਾਕਿਆਂ ਵਿੱਚ ਜਾ ਕੇ ਲੋਕਾਂ ਨੂੰ ਸਮਝਾਉਣਾ ਤੇ ਉਨ੍ਹਾਂ ਨੂੰ ਕਹਿਣਾ ਕਿ ਬੇਟੀ ਹੀ ਬੇਟੇ ਸਮਾਨ ਹੈ ਤੇ ਉਸ ਨੂੰ ਪੜ੍ਹਾਉਣਾ-ਲਿਖਾਉਣਾ ਬਹੁਤ ਜ਼ਰੂਰੀ ਹੈ ਮੈਨੂੰ ਖੁਸ਼ੀ ਹੈ ਕਿ ਇਸ ਤਰ੍ਹਾਂ ਦੀ ਮੁਹਿੰਮ ਲਈ ਮੈਂ ਕੁਝ ਕਰ ਰਹੀ ਹਾਂ।”

Have something to say? Post your comment