ਬਾਇਡਨ ਨੇ ਸੈਨੇਟਰ ਕਮਲਾ ਹੈਰਿਸ
ਨੂੰ ਚੁਣਿਆ ਆਪਣਾ "ਡਿਪਟੀ"
ਵਿਲਮਿੰਗਟਨ, 11 ਅਗਸਤ (ਪੋਸਟ ਬਿਊਰੋ) : ਜੋਅ ਬਾਇਡਨ ਨੇ ਕੈਲੇਫੋਰਨੀਆ ਤੋਂ ਸੈਨੇਟਰ ਕਮਲਾ ਹੈਰਿਸ ਦੀ ਚੋਣ ਆਪਣੀ ਰਨਿੰਗ ਮੇਟ (ਵਾਈਸ ਪ੍ਰੈਜ਼ੀਡੈਂਟ) ਵਜੋਂ ਕੀਤੀ ਹੈ| ਇਸ ਅਹੁਦੇ ਲਈ ਪਹਿਲੀ ਬਲੈਕ ਵੁਮਨ ਦੀ ਚੋਣ ਕਰਕੇ ਬਾਇਡਨ ਨੇ ਇਤਿਹਾਸ ਸਿਰਜ ਦਿੱਤਾ ਹੈ| ਇਸ ਦੇ ਨਾਲ ਹੀ ਬਾਇਡਨ ਨੇ ਇਹ ਵੀ ਦਰਸਾ ਦਿੱਤਾ ਹੈ ਕਿ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਹਰਾਉਣ ਦੀ ਉਨ੍ਹਾਂ ਦੀ ਕੋਸ਼ਿਸ਼ ਵਿੱਚ ਬਲੈਕ ਵੋਟਰਜ਼ ਕਿੰਨੀ ਅਹਿਮ ਭੂਮਿਕਾ ਨਿਭਾਅ ਸਕਦੇ ਹਨ|
ਬਾਇਡਨ ਨੇ ਟਵੀਟ ਕਰਕੇ ਆਖਿਆ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੋ ਰਹੀ ਹੈ ਕਿ ਉਨ੍ਹਾਂ ਨੇ ਨਿਡਰ ਜੰਗਜੂ ਤੇ ਦੇਸ਼ ਦੀ ਬਿਹਤਰੀਨ ਪਬਲਿਕ ਸਰਵੈਂਟ ਨੂੰ ਆਪਣੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਵਾਸਤੇ ਚੁਣਿਆ ਹੈ| ਉਨ੍ਹਾਂ ਆਖਿਆ ਕਿ ਹੁਣ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਕਮਲਾ ਦਾ ਸਾਥ ਮਿਲਣ ਤੋਂ ਬਾਅਦ ਉਹ ਟਰੰਪ ਨੂੰ ਬਾਹਰ ਦਾ ਰਸਤਾ ਯਕੀਨਨ ਵਿਖਾ ਸਕਣਗੇ| ਹੈਰਿਸ ਤੇ ਬਾਇਡਨ ਵੱਲੋਂ ਬੁੱਧਵਾਰ ਨੂੰ ਵਿਲਮਿੰਗਟਨ ਵਿੱਚ ਆਪਣੀ ਅਗਲੀ ਯੋਜਨਾ ਦਾ ਖੁਲਾਸਾ ਕੀਤੇ ਜਾਣ ਦੀ ਸੰਭਾਵਨਾ ਹੈ|
ਰਾਸ਼ਟਰਪਤੀ ਦੇ ਅਹੁਦੇ ਲਈ ਸ਼ੁਰੂਆਤੀ ਚੋਣ ਮੁਹਿੰਮ ਵਿੱਚ ਡੈਮੋਕ੍ਰੈਟਿਕ ਵਜੋਂ ਹੀ ਬਾਇਡਨ ਨੂੰ ਟੱਕਰ ਦੇ ਚੁੱਕੀ ਹੈਰਿਸ ਇਸ ਕੌਮੀ ਕੈਂਪੇਨ ਤੋਂ ਭਲੀ ਭਾਂਤ ਜਾਣੂ ਹੈ| ਪਹਿਲੀ ਵਾਰੀ ਸੈਨੇਟਰ ਬਣੀ 55 ਸਾਲਾ ਹੈਰਿਸ ਪਾਰਟੀ ਦੀਆਂ ਅਹਿਮ ਸ਼ਖਸੀਅਤਾਂ ਵਿੱਚੋਂ ਇੱਕ ਹੈ ਤੇ ਵਾe੍ਹੀਟ ਹਾਊਸ ਵਿੱਚ ਆਪਣੀ ਕੈਂਪੇਨ ਮੁੱਕਣ ਤੋਂ ਬਾਅਦ ਤੇਜ਼ੀ ਨਾਲ ਨੰਬਰ 2 ਦੇ ਮੁਕਾਮ ਤੱਕ ਪਹੁੰਚਣ ਵਾਲੀ ਪਹਿਲੀ ਮਹਿਲਾ ਹੈ|
ਹੈਰਿਸ, ਭਾਰਤੀ ਮੂਲ ਦੀ ਅਮੈਰੀਕਨ ਮਹਿਲਾ ਹੈ, ਨੇ ਅਜਿਹੇ ਮੌਕੇ ਬਾਇਡਨ ਨੂੰ ਜੁਆਇਨ ਕੀਤਾ ਹੈ ਜਦੋਂ ਦੇਸ਼ ਅਨਕਿਆਸੇ ਸੰਕਟ ਵਿੱਚ ਘਿਰਿਆ ਹੋਇਆ ਹੈ| ਕਰੋਨਾਵਾਇਰਸ ਮਹਾਂਮਾਰੀ ਅਮਰੀਕਾ ਵਿੱਚ 150,000 ਲੋਕਾਂ ਦੀ ਜਾਨ ਲੈ ਚੁੱਕੀ ਹੈ, ਇਹ ਅੰਕੜਾ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਹੈ| ਇਸ ਤੋਂ ਇਲਾਵਾ ਮਹਾਂਮਾਰੀ ਕਾਰਨ ਕਾਰੋਬਾਰ ਠੱਪ ਹੋ ਚੁੱਕੇ ਹਨ ਤੇ ਦੇਸ਼ ਆਰਥਿਕ ਸੰਕਟ ਵਿੱਚੋਂ ਲੰਘ ਰਿਹਾ ਹੈ| ਅਮੈਰੀਕਨਜ਼ ਵੱਲੋਂ ਨਸਲਵਾਦ ਤੇ ਪੁਲਿਸ ਦੀ ਧੱਕੇਸ਼ਾਹੀ ਤੇ ਜੁæਲਮ ਖਿਲਾਫ ਦੇਸ਼ ਭਰ ਵਿੱਚ ਸੰਘਰਸ ਚੱਲ ਰਿਹਾ ਹੈ|
ਟਰੰਪ ਵੱਲੋਂ ਇਸ ਸੰਕਟ ਨਾਲ ਚੰਗੀ ਤਰ੍ਹਾਂ ਨਾ ਨਜਿੱਠਣ ਸਦਕਾ ਬਾਇਡਨ ਦੀ ਸਥਿਤੀ ਹੁਣ ਕਾਫੀ ਮਜ਼ਬੂਤ ਹੋ ਗਈ ਹੈ| ਹੁਣ ਹੈਰਿਸ ਨੂੰ ਆਪਣੇ ਨਾਲ ਜੋੜ ਕੇ ਬਾਇਡਨ ਹੈਲਥ ਕੇਅਰ ਤੇ ਲਾਅ ਐਨਫੋਰਸਮੈਂਟ ਦੇ ਉਨ੍ਹਾਂ ਦੇ ਪਿਛੋਕੜ ਤੋਂ ਵੀ ਲਾਹਾ ਲੈ ਸਕਣਗੇ| ਦੱਸਣਾ ਬਣਦਾ ਹੈ ਕਿ ਹੈਰਿਸ ਕੈਲੇਫੋਰਨੀਆ ਦੀ ਅਟਾਰਨੀ ਜਨਰਲ ਤੇ ਸੈਨ ਫਰੈਂਸਿਸਕੋ ਵਿੱਚ ਡਿਸਟ੍ਰਿਕਟ ਅਟਾਰਨੀ ਵੀ ਰਹਿ ਚੁੱਕੀ ਹੈ| ਅੱਠ ਸਾਲ ਤੱਕ ਰਾਸਲਟਰਪਤੀ ਬਰਾਕ ਓਬਾਮਾ ਦੇ ਵਾਈਸ ਪ੍ਰੈਜ਼ੀਡੈਂਟ ਰਹੇ ਬਾਇਡਨ ਨੇ ਕਈ ਮਹੀਨੇ ਇਹ ਸੋਚਣ ਵਿੱਚ ਹੀ ਗੁਜ਼ਾਰੇ ਹਨ ਕਿ ਜੇ ਉਹ ਰਾਸ਼ਟਰਪਤੀ ਬਣਦੇ ਹਨ ਤਾਂ ਓਬਾਮਾ ਪ੍ਰਸ਼ਾਸਨ ਵਿੱਚ ਉਨ੍ਹਾਂ ਵੱਲੋਂ ਨਿਭਾਈ ਭੂਮਿਕਾ ਉਤੇ ਇਸ ਵਾਰੀ ਕੌਣ ਖਰਾ ਉਤਰੇਗਾ| ਉਨ੍ਹਾਂ ਮਾਰਚ ਵਿੱਚ ਇਹ ਤਹੱਈਆ ਪ੍ਰਗਟਾਇਆ ਸੀ ਕਿ ਉਹ ਵਾਈਸ ਪ੍ਰੈਜ਼ੀਡੈਂਟ ਵਜੋਂ ਕਿਸੇ ਮਹਿਲਾ ਨੂੰ ਮੌਕਾ ਦੇਣਗੇ|