ਨਵੀਂ ਦਿੱਲੀ, 11 ਅਗਸਤ (ਪੋਸਟ ਬਿਊਰੋ)- ਸਾਬਕਾ ਪ੍ਰਧਾਨ ਮੰਤਰੀ ਮੋਨਮੋਹਨ ਸਿੰਘ ਨੇ ਕਿਹਾ ਹੈ ਕਿ ਦੇਸ਼ 'ਚ ਮੰਦੀ ਆਉਣੀ ਤੈਅ ਹੈ ਅਤੇ ਉਨ੍ਹਾਂ ਨੇ ਇਸ ਤੋਂ ਨਜਿੱਠਣ ਲਈ ਮੋਦੀ ਸਰਕਾਰ ਨੂੰ ਤਿੰਨ ਸੁਝਾਅ ਦਿੱਤੇ ਹਨ, ਜਿਨ੍ਹਾਂ 'ਤੇ ਤੁਰੰਤ ਕਦਮ ਚੁੱਕਣ ਲਈ ਕਿਹਾ ਹੈ ਤਾਂ ਕਿ ਕੋਰੋਨਾ ਮਹਾਂਮਾਰੀ ਨਾਲ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾ ਸਕੇ ਅਤੇ ਆਉਣ ਵਾਲੇ ਸਾਲਾਂ 'ਚ ਆਰਥਿਕ ਸਥਿਤੀ ਨੂੰ ਫਿਰ ਪਹਿਲਾਂ ਵਾਂਗ ਬਣਾਇਆ ਜਾ ਸਕੇ।
ਇੱਕ ਇੰਟਰਵਿਊ ਵਿੱਚ ਮਨਮੋਹਨ ਸਿੰਘ ਨੇ ਕਿਹਾ ਕਿ ਦੇਸ਼ ਦੇ ਲੋਕਾਂ ਨੂੰ ਸਭ ਤੋਂ ਵੱਧ ਮੁਸ਼ਕਲ ਦੇਣ ਵਾਲਾ ਮੋਦੀ ਸਰਕਾਰ ਵੱਲੋਂ ਲਾਇਆ ਗਿਆ ਲਾਕਡਾਊਨ ਸੀ। ਓਦੋਂ ਲਾਕਡਾਊਨ ਲਾਉਣਾ ਜ਼ਰੂਰੀ ਸੀ ਪਰ ਮੋਦੀ ਸਰਕਾਰ ਨੇ ਬਿਨਾਂ ਸੋਚੇ ਬੇਹੱਦ ਸੰਵੇਦਨਾ ਹੀਣ ਤਰੀਕੇ ਨਾਲ ਇਹ ਲਾਗੂ ਕੀਤਾ। ਮਨਮੋਹਨ ਸਿੰਘ ਨੇ ਜੋ ਤਿੰਨ ਸੁਝਾਅ ਦਿੱਤੇ ਹਨ, ਉਨ੍ਹਾਂ 'ਚ ਪਹਿਲਾ ਹੈ ਕਿ ਸਰਕਾਰ ਯਕੀਨੀ ਕਰੇ ਕਿ ਲੋਕਾਂ ਕੋਲ ਰੋਜ਼ਾਨਾਂ ਖ਼ਰਚ ਲਈ ਪੈਸੇ ਹੋਣ। ਇਸ ਦੇ ਲਈ ਸਰਕਾਰ ਉਨ੍ਹਾਂ ਨੂੰ ਨਕਦੀ ਉਪਲੱਬਧ ਕਰਾਏ। ਦੂਜਾ ਜ਼ਰੂਰੀ ਕਦਮ ਇਹ ਹੈ ਕਿ ਸਰਕਾਰ ਬਿਜਨੈਸ ਕਰਨ ਵਾਲਿਆਂ ਲਈ ਪੰੂਜੀ ਉਪਲੱਬਧ ਕਰਵਾਏ। ਤੀਜਾ ਸੁਝਾਅ ਹੈ ਕਿ ਸੰਸਥਾਗਤ ਖੁਦਮੁਖਤਿਆਰੀ ਅਤੇ ਪ੍ਰਕਿਰਿਆਵਾਂ ਦੇ ਜ਼ਰੀਏ ਵਿੱਤੀ ਖੇਤਰ ਨੂੰ ਠੀਕ ਕੀਤਾ ਜਾਵੇ। ਮਨਮੋਹਨ ਸਿੰਘ ਨੇ ਕੈਸ਼ ਟਰਾਂਸਫਰ ਬਾਰੇ ਕਿਹਾ ਕਿ ਇਸ ਨਾਲ ਬਹੁਤ ਸਾਰਾ ਕਰਜ਼ ਹੋ ਜਾਵੇਗਾ। ਇਸ ਨਾਲ ਜੀ ਡੀ ਪੀ ਰੇਸ਼ੋ ਲਈ ਭਾਰਤ ਦਾ ਕਰਜ਼ ਵੱਧ ਜਾਵੇਗਾ ਪਰ ਜੇ ਕਰਜ਼ ਨਾਲ ਕਿਸੇ ਦੀ ਜ਼ਿੰਦਗੀ ਬੱਚਦੀ ਹੈ, ਜੀਵਨ ਆਮ ਹੁੰਦਾ ਹੈ ਤੇ ਆਰਥਿਕ ਸਥਿਤੀ ਨੂੰ ਵਧਣ 'ਚ ਮਦਦ ਮਿਲਦੀ ਹੈ ਤਾਂ ਇਹ ਕੀਤਾ ਜਾ ਸਕਦਾ ਹੈ। ਕਰਜ਼ ਲੈਣ 'ਚ ਸ਼ਰਮਾਉਣ ਦੀ ਲੋੜ ਨਹੀਂ, ਪਰ ਉਸ ਨੂੰ ਕਿਵੇਂ ਖ਼ਰਚ ਕਰਨਾ ਹੈ, ਇਸ 'ਤੇ ਸਮਾਰਟ ਤਰੀਕੇ ਨਾਲ ਸੋਚ ਕੇ ਅਮਲ ਕਰਣਾ ਚਾਹੀਦਾ ਹੈ।