ਕੈਨੇਡਾ ਉੱਤੇ ਨਵੇਂ ਐਲੂਮੀਨੀਅਮ ਟੈਰਿਫ ਲਾਉਣ
ਦੀ ਤਿਆਰੀ ਕਰ ਰਿਹਾ ਹੈ ਅਮਰੀਕਾ
ਕੈਨੇਡਾ ਵੱਲੋਂ ਕੀਤੀ ਜਾਵੇਗੀ ਜਵਾਬੀ ਕਾਰਵਾਈ : ਫਰੀਲੈਂਡ
ਓਟਵਾ, 6 ਅਗਸਤ (ਪੋਸਟ ਬਿਊਰੋ) : ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਕੈਨੇਡੀਅਨ ਐਲੂਮੀਨੀਅਮ ਇੰਪੋਰਟਸ ਉੱਤੇ 10 ਫੀ ਸਦੀ ਟੈਰਿਫ ਲਾਉਣ ਦੀ ਆਪਣੀ ਯੋਜਨਾ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਕੈਨੇਡਾ ਵੱਲੋਂ ਵੀ ਜਵਾਬੀ ਕਾਰਵਾਈ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ| ਸਰਹੱਦ ਦੇ ਦੋਵਾਂ ਪਾਸਿਆਂ ਤੋਂ ਐਲੂਮੀਨੀਅਮ ਆਰਗੇਨਾਈਜ਼ੇਸ਼ਨਜ਼ ਵੱਲੋਂ ਟਰੰਪ ਦੇ ਇਸ ਫੈਸਲੇ ਦੀ ਨਿਖੇਧੀ ਕੀਤੀ ਗਈ ਹੈ|
ਵੀਰਵਾਰ ਦੇਰ ਸ਼ਾਮ ਜਾਰੀ ਕੀਤੇ ਗਏ ਬਿਆਨ ਵਿੱਚ ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਆਖਿਆ ਕਿ ਅਮੈਰੀਕਨ ਟੈਰਿਫਜ਼ ਦੀ ਪ੍ਰਤੀਕਿਰਿਆ ਵਜੋਂ ਕੈਨੇਡਾ ਵੀ ਤੇਜ਼ੀ ਨਾਲ ਬਰਾਬਰ ਮਾਪਦੰਡ ਅਪਣਾਵੇਗਾ| ਉਨ੍ਹਾਂ ਇਹ ਵੀ ਆਖਿਆ ਕਿ ਇਸ ਸਬੰਧ ਵਿੱਚ ਹੋਰ ਵੇਰਵੇ ਜਲਦ ਹੀ ਜਾਰੀ ਕੀਤੇ ਜਾਣਗੇ| ਅਮਰੀਕੀ ਪ੍ਰਸ਼ਾਸਨ ਵੱਲੋਂ ਫੈਡਰਲ ਸਰਕਾਰ ਨੂੰ ਇਹ ਜਾਣਕਾਰੀ ਦਿੱਤੀ ਗਈ ਕਿ ਨਵੇਂ ਟੈਰਿਫ ਜਲਦ ਆ ਰਹੇ ਹਨ| ਇਹ ਵੀ ਆਖਿਆ ਗਿਆ ਕਿ ਇਹ ਟੈਰਿਫ 16 ਅਗਸਤ ਤੋਂ ਅਨਪ੍ਰੋਸੈਸਡ ਕੈਨੇਡੀਅਨ ਐਲੂਮੀਨੀਅਮ ਉੱਤੇ ਲਾਏ ਜਾਣਗੇ|
ਫਰੀਲੈਂਡ ਵੱਲੋਂ ਟਰੰਪ ਦੇ ਇਸ ਕਦਮ ਨੂੰ ਗਲਤ ਤੇ ਸਵੀਕਾਰ ਨਾ ਕੀਤਾ ਜਾ ਸਕਣ ਵਾਲਾ ਦੱਸਿਆ ਗਿਆ| ਓਹਾਇਓ ਵਿੱਚ ਇੱਕ ਈਵੈਂਟ ਵਿੱਚ ਇਹ ਨਵਾਂ ਐਲਾਨ ਕਰਦਿਆਂ ਟਰੰਪ ਨੇ ਆਖਿਆ ਕਿ ਕੈਨੇਡਾ ਹਮੇਸ਼ਾਂ ਵਾਂਗ ਸਾਡਾ ਲਾਹਾ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ| ਵੀਰਵਾਰ ਨੂੰ ਟਰੰਪ ਨੇ ਇਹ ਦਾਅਵਾ ਕੀਤਾ ਸੀ ਕਿ ਕੈਨੇਡਾ ਵੱਲੋਂ ਅਮਰੀਕਾ ਦੇ ਐਲੂਮੀਨੀਅਮ ਬਿਜ਼ਨਸ ਨੂੰ ਤਬਾਹ ਕਰ ਦਿੱਤਾ ਗਿਆ ਹੈ| ਉਨ੍ਹਾਂ ਇਸ ਨੂੰ ਗਲਤ ਦੱਸਦਿਆਂ ਕੈਨੇਡੀਅਨ ਉਤਪਾਦਕਾਂ Aੁੱਤੇ ਦੋਸ਼ ਲਾਇਆ ਸੀ ਕਿ ਉਨ੍ਹਾਂ ਅਮਰੀਕਾ ਵਿੱਚ ਆਪਣੇ ਉਤਪਾਦ ਭਰਕੇ ਸਾਡੇ ਘਰੇਲੂ ਉਤਪਾਦਕਾਂ ਨੂੰ ਢਾਹ ਲਾਈ ਹੈ|
ਟਰੰਪ ਨੇ ਇਹ ਵੀ ਆਖਿਆ ਕਿ ਨਵੇਂ ਟੈਰਿਫਜ਼ ਦੀ ਬੇਹੱਦ ਲੋੜ ਹੈ| ਉਨ੍ਹਾਂ ਆਖਿਆ ਕਿ ਉਹ ਹਮੇਸ਼ਾਂ ਅਮੈਰੀਕਨ ਵਰਕਰਜ਼ ਨੂੰ ਹੀ ਪਹਿਲ ਦੇਣਗੇ| ਇਸ ਲਈ ਉਨ੍ਹਾਂ ਨੂੰ ਜੇ ਟੈਰਿਫ ਵੀ ਲਾਉਣੇ ਪੈਂਦੇ ਹਨ ਤਾਂ ਉਹ ਜ਼ਰੂਰ ਲਾਉਣਗੇ| ਇੱਕ ਟਵੀਟ ਕਰਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਕੈਨੇਡੀਅਨ ਵਰਕਰਜ਼ ਲਈ ਖੜ੍ਹੇ ਹੋਣ ਦਾ ਤਹੱਈਆ ਪ੍ਰਗਟਾਇਆ ਤੇ ਜਵਾਬੀ ਕਾਰਵਾਈ ਕਰਨ ਦੇ ਫਰੀਲੈਂਡ ਵੱਲੋਂ ਦਿੱਤੇ ਬਿਆਨ ਦੀ ਹਾਮੀ ਭਰੀ| ਟਰੂਡੋ ਨੇ ਇਹ ਵੀ ਆਖਿਆ ਕਿ ਅਮਰੀਕਾ ਨੂੰ ਕੈਨੇਡੀਅਨ ਐਲੂਮੀਨੀਅਮ ਦੀ ਲੋੜ ਹੈ ਕਿਉਂਕਿ ਘਰੇਲੂ ਮੈਨੂਫੈਕਚਰਿੰਗ ਲੋੜਾਂ ਪੂਰੀਆਂ ਕਰਨ ਲਈ ਉਨ੍ਹਾਂ ਕੋਲ ਬਹੁਤਾ ਐਲੂਮੀਨੀਅਮ ਨਹੀਂ ਹੈ|
ਇੱਥੇ ਦੱਸਣਾ ਬਣਦਾ ਹੈ ਕਿ ਦੋਵਾਂ ਦੇਸ਼ਾਂ ਦੇ ਐਲੂਮੀਨੀਅਮ ਐਸੋਸਿਏਸ਼ਨ ਗਰੁੱਪਜ਼ ਵੱਲੋਂ ਟਰੰਪ ਦੇ ਇਸ ਫੈਸਲੇ ਦੀ ਨਿਖੇਧੀ ਕੀਤੀ ਜਾ ਰਹੀ ਹੈ ਤੇ ਇਹ ਵੀ ਆਖਿਆ ਜਾ ਰਿਹਾ ਹੈ ਕਿ ਇਹ ਸਹੀ ਪਹੁੰਚ ਨਹੀਂ ਹੈ|