ਟੋਰਾਂਟੋ, ਪੀਲ ਰੀਜਨ ਤੀਜੇ ਪੜਾਅ ਵਿੱਚ ਹੋਇਆ ਦਾਖਲ
ਟੋਰਾਂਟੋ, 31 ਜੁਲਾਈ (ਪੋਸਟ ਬਿਊਰੋ) : ਅੱਜ ਤੋਂ ਟੋਰਾਂਟੋ ਤੇ ਪੀਲ ਰੀਜਨ ਦੇ ਲੋਕ ਰੈਸਟੋਰੈਂਟ ਦੇ ਅੰਦਰ ਬੈਠ ਕੇ ਖਾਣਾ ਖਾ ਸਕਣਗੇ ਤੇ ਥਿਏਟਰ ਵਿੱਚ ਮੂਵੀ ਵੇਖ ਸਕਣਗੇ| ਹਾਲਾਂਕਿ ਉਨ੍ਹਾਂ ਨੂੰ ਫਿਜ਼ੀਕਲ ਡਿਸਟੈਂਸਿੰਗ ਨਿਯਮਾਂ ਤੇ ਹੋਰ ਹੈਲਥ ਮਾਪਦੰਡਾਂ ਦਾ ਪਾਲਣ ਵੀ ਕਰਨਾ ਹੋਵੇਗਾ|
ਤੀਜੇ ਪੜਾਅ ਵਿੱਚ ਓਨਟਾਰੀਓ ਦਾ ਬਹੁਤਾ ਹਿੱਸਾ ਖੁਲ੍ਹ ਜਾਵੇਗਾ| ਇਸ ਦੌਰਾਨ ਬਹੁਤ ਕਾਰੋਬਾਰ ਤੇ ਜਨਤਕ ਥਾਂਵਾਂ ਖੁੱਲ੍ਹ ਜਾਣਗੀਆਂ| ਟੋਰਾਂਟੋ ਸਿਟੀ ਕਾਉਂਸਲ ਨੇ ਪ੍ਰੋਵਿੰਸ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤੋਂ ਇਲਾਵਾ ਸਿਹਤ ਸਬੰਧੀ ਕਈ ਹੋਰ ਮਾਪਦੰਡ ਵੀ ਲਾਗੂ ਕੀਤੇ ਹਨ, ਜਿਵੇਂ ਕਿ ਰੈਸਟੋਰੈਂਟਸ ਦੇ ਅੰਦਰ ਖਾਣਾ ਖਾਂਦੇ ਸਮੇਂ ਕਪੈਸਿਟੀ ਤੇ ਟੇਬਲ ਦੀ ਸਾਈਜ਼ ਲਿਮਿਟ ਦਾ ਵੀ ਖਿਆਲ ਰੱਖਿਆ ਜਾਵੇਗਾ|
ਬਾਕੀ ਪ੍ਰੋਵਿੰਸ ਵਿੱਚ ਵੀ ਵਾਧੂ ਨਿਯਮ ਲਾਗੂ ਕੀਤੇ ਜਾ ਰਹੇ ਹਨ| ਓਨਟਾਰੀਓ ਦੇ ਬਾਰਜ਼ ਤੇ ਰੈਸਟੋਰੈਂਟਸ ਵੱਲੋਂ ਹੁਣ ਆਪਣੇ ਕਲਾਇੰਟਸ ਦਾ ਰਿਕਾਰਡ 30 ਦਿਨਾਂ ਤੱਕ ਰੱਖਣਾ ਹੋਵੇਗਾ| ਅੱਜ ਸਵੇਰੇ ਜਾਰੀ ਕੀਤੇ ਗਏ ਬਿਆਨ ਵਿੱਚ ਪ੍ਰੋਵਿੰਸ ਨੇ ਆਖਿਆ ਕਿ ਲੋੜ ਪੈਣ ਉੱਤੇ ਮੈਡੀਕਲ ਆਫੀਸਰ ਆਫ ਹੈਲਥ ਜਾਂ ਇੰਸਪੈਕਟਰ ਵੱਲੋਂ ਬੇਨਤੀ ਕੀਤੇ ਜਾਣ ਉਪਰੰਤ ਇਨ੍ਹਾਂ ਬਾਰਜ਼ ਤੇ ਰੈਸਟੋਰੈਂਟਸ ਨੂੰ ਇਨ੍ਹਾਂ ਲੌਗਜ਼ ਨੂੰ ਚੈੱਕ ਕਰਵਾਉਣਾ ਹੋਵੇਗਾ|
ਸਿਹਤ ਮੰਤਰੀ ਕ੍ਰਿਸਟੀਨ ਐਲੀਅਟ ਨੇ ਆਖਿਆ ਕਿ ਇਹ ਮਾਪਦੰਡ ਕਾਂਟੈਕਟ ਟਰੇਸਿੰਗ ਵਿੱਚ ਮਦਦ ਕਰਨਗੇ| ਹੁਣ ਵਿੰਡਸਰ-ਐਸੈਕਸ ਹੀ ਅਜਿਹਾ ਏਰੀਆ ਰਹਿ ਗਿਆ ਹੈ ਜਿਹੜਾ ਅਜੇ ਵੀ ਦੂਜੇ ਪੜਾਅ ਵਿੱਚ ਹੀ ਹੈ| ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਇਲਾਕੇ ਵਿੱਚ ਪਾਬੰਦੀਆਂ ਖਤਮ ਕਰਨ ਲਈ ਉਨ੍ਹਾਂ ਨੂੰ ਹੋਰ ਡਾਟਾ ਚਾਹੀਦਾ ਹੋਵੇਗਾ| ਕਲ੍ਹ, ਓਨਟਾਰੀਓ ਵਿੱਚ ਲਗਾਤਾਰ ਦੂਜੇ ਦਿਨ ਕੋਵਿਡ-19 ਦੇ 100 ਤੋਂ ਵੀ ਘੱਟ ਨਵੇਂ ਮਾਮਲੇ ਸਾਹਮਣੇ ਆਏ|