Welcome to Canadian Punjabi Post
Follow us on

12

August 2020
ਭਾਰਤ

ਅਨਿਲ ਅੰਬਾਨੀ ਗਰੁੱਪ ਉੱਤੇ ਯੈੱਸ ਬੈਂਕ ਦੀ ਸਖਤ ਕਾਰਵਾਈ

July 31, 2020 08:55 AM

* 2892 ਕਰੋੜ ਦੇ ਬਕਾਏ ਲਈ ਮੁੱਖ ਦਫ਼ਤਰ ਕਬਜ਼ੇ ਵਿੱਚ ਲਿਆ

ਮੁੰਬਈ, 30 ਜੁਲਾਈ, (ਪੋਸਟ ਬਿਊਰੋ)- ਭਾਰਤ ਦੇ ਪ੍ਰਾਈਵੇਟ ਖੇਤਰ ਦੇ ਬੈਂਕ, ਯੈੱਸ ਬੈਂਕ, ਜਿਹੜਾ ਖੁਦ ਕਈ ਵਿਵਾਦਾਂ ਵਿੱਚ ਚਰਚਿਤ ਹੈ, ਨੇ ਅੱਜ ਵੀਰਵਾਰ 2,892 ਕਰੋੜ ਰੁਪਏ ਦੇ ਬਕਾਏ ਨਾ ਦੇਣ ਕਾਰਨ ਮੁੰਬਈ ਦੇ ਸਾਂਤਾਕਰੂਜ਼ ਵਿੱਚ ਅਨਿਲ ਅੰਬਾਨੀ ਗਰੁੱਪ ਦਾ ਮੁੱਖ ਦਫ਼ਤਰ ਆਪਣੇ ਕਬਜ਼ੇ ਵਿਚ ਲੈ ਲਿਆ ਹੈ।
ਇਸ ਸੰਬੰਧ ਵਿੱਚ ਯੈੱਸ ਬੈਂਕ ਵੱਲੋਂ ਬੁੱਧਵਾਰ ਨੂੰ ਅਖਬਾਰ ਵਿਚ ਦਿੱਤੇ ਗਏ ਨੋਟਿਸ ਅਨੁਸਾਰ ਬੈਂਕ ਨੇ ਰਿਲਾਇੰਸ ਇਨਫਰਾਸਟਰੱਕਚਰ ਵੱਲੋਂ ਬਕਾਏ ਨਾ ਮੋੜਨ ਕਰ ਕੇ ਦੱਖਣੀ ਮੁੰਬਈ ਵਿੱਚ ਇਸ ਗਰੁੱਪ ਦੇ ਦੋ ਫਲੈਟਾਂ ਉੱਤੇਵੀ ਕਬਜ਼ਾ ਕਰ ਲਿਆ ਹੈ। ਅਨਿਲ ਧੀਰੂਭਾਈ ਅੰਬਾਨੀ ਗਰੁੱਪ (ਏ ਡੀ ਏ ਜੀ) ਦੀਆਂ ਲਗਭਗ ਸਾਰੀਆਂ ਕੰਪਨੀਆਂ ਸਾਂਤਾ ਕਰੂਜ਼ ਦੇ ਇਸ ਦਫਤਰ ‘ਰਿਲਾਇੰਸ ਸੈਂਟਰ` ਤੋਂ ਕੰਮ ਕਰਦੀਆਂ ਹਨ।ਪਿਛਲੇ ਕੁਝ ਸਾਲਾਂ ਤੋਂਇਸ ਗਰੁੱਪ ਦੀਆਂ ਇਨ੍ਹਾਂ ਕੰਪਨੀਆਂ ਦੀ ਮਾਇਕ ਹਾਲਤ ਕਾਫ਼ੀ ਖਰਾਬ ਹੈ, ਕੁਝ ਕੰਪਨੀਆਂ ਦੀਵਾਲੀਆ ਹੋ ਗਈਆਂ ਅਤੇ ਕੁਝ ਨੂੰ ਆਪਣੇ ਸ਼ੇਅਰ ਵੇਚਣੇ ਪਏ ਹਨ। ਯੈੱਸ ਬੈਂਕ ਨੇ ਕਿਹਾ ਹੈ ਕਿ ਉਸਨੇ ਰਿਲਾਇੰਸ ਇਨਫਰਾਸਟਰੱਕਚਰ ਨੂੰ 6 ਮਈ ਨੂੰ 2892.44 ਕਰੋੜ ਰੁਪਏ ਦੇ ਬਕਾਏ ਮੋੜਨ ਦਾ ਨੋਟਿਸ ਦਿੱਤਾ ਸੀ, 60 ਦਿਨਾਂ ਦੇ ਨੋਟਿਸ ਦੇ ਬਾਵਜੂਦਗਰੁੱਪ ਬਕਾਏ ਨਹੀਂਮੋੜ ਸਕਿਆ, ਜਿਸ ਪਿੱਛੋਂ ਉਸਨੇ 22 ਜੁਲਾਈ ਨੂੰ ਤਿੰਨਾਂ ਜਾਇਦਾਦਾਂ ਉੱਤੇ ਕਬਜ਼ਾ ਕਰ ਲਿਆ ਹੈ। ਬੈਂਕ ਨੇ ਆਮ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਇਨ੍ਹਾਂ ਜਾਇਦਾਦਾਂ ਬਾਰੇ ਕੋਈ ਲੈਣ-ਦੇਣ ਨਾ ਕਰਨ।
ਵਰਨਣ ਯੋਗ ਹੈ ਕਿ ਏਡੀਏਜੀ ਗਰੁੱਪ ਪਿਛਲੇ ਸਾਲ ਇਹੋ ਮੁੱਖ ਦਫ਼ਤਰ ਕਿਰਾਏ ਉੱਤੇ ਦੇਣਾ ਚਾਹੁੰਦਾ ਸੀ ਤਾਂ ਕਿ ਕਰਜ਼ੇ ਦੀ ਅਦਾਇਗੀ ਲਈ ਪੈਸੇ ਦਾ ਪ੍ਰਬੰਧ ਕਰ ਸਕੇ। ਇਸ ਦਾ ਮੁੱਖ ਦਫਤਰ 21,432 ਵਰਗ ਮੀਟਰ ਖੇਤਰ ਵਿਚ ਫੈਲਿਆ ਹੈ। ਦੂਸਰੇ ਦੋਵੇਂ ਫਲੈਟ ਦੱਖਣੀ ਮੁੰਬਈ ਦੇ ਨਾਗਿਨ ਮਹਿਲ ਵਿਚ ਹਨ ਅਤੇ ਇਹ ਦੋਵੇਂ ਫਲੈਟ ਕ੍ਰਮਵਾਰ 1,717 ਵਰਗ ਫੁੱਟ ਅਤੇ 4,936 ਵਰਗ ਫੁੱਟ ਦੇ ਹਨ।
ਯੈੱਸ ਬੈਂਕ ਦੀ ਮੰਦੀ ਹਾਲਤ ਪਿੱਛੋਂ ਪਤਾ ਲੱਗਾ ਸੀ ਕਿ ਉਸ ਦੇ ਡੁੱਬੇ ਹੋਏ ਕਰਜ਼ਿਆਂ ਦੀ ਵੱਡੀ ਸੂਚੀ ਦਾ ਕਾਰਨ ਏਡੀਏਜੀ ਗਰੁੱਪ ਦੀਆਂ ਕੰਪਨੀਆਂ ਨੂੰ ਦਿੱਤੇ ਕਰਜ਼ੇ ਹਨ। ਗੈਰ-ਕਾਰਗੁਜ਼ਾਰੀ ਜਾਇਦਾਦ (ਐਨਪੀ ਏ) ਦੇ ਉੱਚ ਪੱਧਰ ਦੇ ਕਾਰਨ ਸਟੇਟ ਬੈਂਕ ਆਫ਼ ਇੰਡੀਆ ਦੀ ਅਗਵਾਈ ਵਾਲੇ ਬੈਂਕਾਂ ਦੇ ਇੱਕ ਗਠਜੋੜ ਨੇ ਯੈੱਸ ਬੈਂਕ ਵਿਚ 10,000 ਕਰੋੜ ਰੁਪਏ ਦੀ ਪੂੰਜੀ ਪਾ ਕੇ ਇਸ ਨੂੰ ਸੰਕਟ ਤੋਂ ਕੱਢਿਆ ਹੈ। ਬੈਂਕ ਲਈ ਰਾਹਤ ਪੈਕੇਜ ਤੋਂ ਪਹਿਲਾਂ ਸਰਕਾਰ ਤੇ ਰਿਜ਼ਰਵ ਬੈਂਕ ਨੇ ਮਾਰਚ ਵਿਚ ਯੈੱਸ ਬੈਂਕ ਦਾ ਬੋਰਡ ਆਫ ਡਾਇਰੈਕਟਰਜ਼ ਭੰਗ ਕਰ ਕੇ ਬੈਂਕ ਦੇ ਨਵੇਂ ਮੁੱਖ ਕਾਰਜਕਾਰੀ ਅਧਿਕਾਰੀ (ਸੀ ਈ ਓ) ਅਤੇ ਬੋਰਡ ਆਫ਼ ਡਾਇਰੈਕਟਰਜ਼ ਦੀ ਨਿਯੁਕਤੀ ਕਰ ਦਿੱਤੀ ਸੀ।

Have something to say? Post your comment
ਹੋਰ ਭਾਰਤ ਖ਼ਬਰਾਂ