ਟੋਰਾਂਟੋ, 9 ਸਤੰਬਰ (ਪੋਸਟ ਬਿਊਰੋ) : ਕਥਿਤ ਡਾਕੇ ਨੂੰ ਰੋਕਣ ਦੀ ਕੋਸਿ਼ਸ਼ ਕਰਦਿਆਂ ਮਾਰਿਆ ਗਿਆ ਕਬਾੜ ਬਾਜ਼ਾਰ ਦਾ ਮੈਨੇਜਰ ਬਹੁਤ ਹੀ ਫਰਾਖਦਿਲ ਤੇ ਨੇਕ ਇਨਸਾਨ ਸੀ। ਉਹ ਆਪਣੇ ਪਰਿਵਾਰ ਤੇ ਆਪਣੇ ਨਾਲ ਕੰਮ ਕਰਨ ਵਾਲਿਆਂ ਦੀ ਬਹੁਤ ਫਿਕਰ ਕਰਦਾ ਸੀ।
ਪੁਲਿਸ ਨੇ ਦੱਸਿਆ ਕਿ 65 ਸਾਲਾ ਰੌਕੋ ਸਕੈਵੇਟਾ ਨੂੰ ਸ਼ਨਿੱਚਰਵਾਰ ਨੂੰ ਦੁਪਹਿਰੇ 3:30 ਵਜੇ ਟੋਰਾਂਟੋ ਵੈਸਟਨ ਕਬਾੜ ਬਾਜ਼ਾਰ ਵਿੱਚ ਗੋਲੀ ਮਾਰ ਦਿੱਤੀ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਚਸ਼ਮਦੀਦਾਂ ਅਨੁਸਾਰ ਸਕੈਵੇਟਾ ਲੰਮੇਂ ਸਮੇਂ ਤੋਂ ਮਾਰਕਿਟ ਦਾ ਮੈਨੇਜਰ ਸੀ ਤੇ ਉਹ ਕਥਿਤ ਤੌਰ ਉੱਤੇ ਇੱਥੇ ਪੈਣ ਜਾ ਰਹੇ ਡਾਕੇ ਨੂੰ ਰੋਕਣ ਦੀ ਕੋਸਿ਼ਸ਼ ਕਰ ਰਿਹਾ ਸੀ ਜਦੋਂ ਉਸ ਨੂੰ ਗੋਲੀ ਮਾਰੀ ਗਈ। ਪਰ ਪੁਲਿਸ ਵੱਲੋਂ ਇਸ ਦਾਅਵੇ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ।
ਸਕੈਵੇਟਾ ਪਰਿਵਾਰ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਮਾਰਕਿਟ ਵਿੱਚ ਲੋਕਾਂ ਦੀ ਮਦਦ ਕਰਦਿਆਂ ਹੋਇਆਂ ਇੱਕ ਹੀਰੋ ਦੀ ਮੌਤ ਮਾਰਿਆ ਗਿਆ। ਕਬਾੜ ਬਾਜ਼ਾਰ ਦੇ ਇੱਕ ਕਰਮਚਾਰੀ ਹਾਮਿਦ ਆਮਿਨ ਨੇ ਦੱਸਿਆ ਕਿ ਅਸੀਂ ਜ਼ੋਰਦਾਰ ਧਮਾਕਾ ਸੁਣਿਆ ਪਰ ਸਾਨੂੰ ਇਹ ਨਹੀਂ ਸੀ ਪਤਾ ਕਿ ਉਹ ਗੋਲੀ ਚੱਲਣ ਦੀ ਆਵਾਜ਼ ਸੀ। ਫਿਰ ਕਈ ਲੋਕ ਬਾਹਰ ਆ ਗਏ, ਜਦੋਂ ਉਹ ਬਾਹਰ ਆਏ ਤਾਂ ਹਰ ਕੋਈ ਘਬਰਾਇਆ ਹੋਇਆ ਸੀ। ਹੋਰਨਾਂ ਲੋਕਾਂ ਨੇ ਦੱਸਿਆ ਕਿ ਪਹਿਲਾਂ ਵੀ ਮਾਰਕਿਟ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਹੋਈਆਂ ਹਨ ਪਰ ਇਸ ਹੱਦ ਤੱਕ ਖਤਰਨਾਕ ਕੁੱਝ ਨਹੀਂ ਵਾਪਰਿਆ।
ਪੁਲਿਸ ਨੇ ਦੱਸਿਆ ਕਿ ਉਨ੍ਹਾਂ ਦੇ ਅਧਿਕਾਰੀਆਂ ਵੱਲੋਂ ਨੇੜਲੀ ਸਬਡਵੀਜ਼ਨ ਵਿੱਚ ਇੱਕ ਮਸ਼ਕੂਕ ਨੂੰ ਘੇਰ ਲਿਆ ਗਿਆ। ਉੱਥੇ ਉਨ੍ਹਾਂ ਇੱਕ 16 ਸਾਲਾ ਲੜਕੇ ਨੂੰ ਗ੍ਰਿਫਤਾਰ ਕੀਤਾ। ਯੂਥ ਕ੍ਰਿਮੀਨਲ ਜਸਟਿਸ ਐਕਟ ਤਹਿਤ ਉਸ ਦੀ ਪਛਾਣ ਨੂੰ ਗੁਪਤ ਰੱਖਿਆ ਗਿਆ ਹੈ।