Welcome to Canadian Punjabi Post
Follow us on

13

August 2020
ਅੰਤਰਰਾਸ਼ਟਰੀ

ਪਾਕਿਸਤਾਨ ਵਿੱਚ ਮੰਦਰ ਮੁੱਦੇ ਤੋਂ ਹਿੰਦੂਆਂ ਦੇ ਵਿਰੁੱਧ ਨਫ਼ਰਤ ਦੀ ਨਵੀਂ ਲਹਿਰ ਉੱਠੀ

July 13, 2020 07:04 AM

ਇਸਲਾਮਾਬਾਦ, 12 ਜੁਲਾਈ, (ਪੋਸਟ ਬਿਊਰੋ)- ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿੱਚ ਇੱਕ ਹਿੰਦੂ ਮੰਦਰ ਦੀ ਉਸਾਰੀ ਸ਼ੁਰੂ ਹੁੰਦੇ ਸਾਰ ਇਸ ਦੇਸ਼ ਵਿੱਚ ਹਿੰਦੂਆਂ ਦੇ ਖਿਲਾਫ ਨਫ਼ਰਤ ਦੀ ਨਵੀਂ ਲਹਿਰ ਪੈਦਾ ਹੋ ਗਈ ਅਤੇ ਕਈ ਰਾਜਸੀ ਆਗੂ ਆਪਣੀ ਹੀ ਸਰਕਾਰ ਨੂੰ ਹਿੰਸਾ ਦੀ ਧਮਕੀ ਦੇ ਕੇ ਹਿੰਦੂਆਂ ਦੇ ਖ਼ਿਲਾਫ਼ ਭੜਕ ਰਹੇ ਹਨ।
ਇਸ ਦੌਰਾਨ ਕਿਸੇ ਗੁਮਨਾਮ ਪਾਕਿਸਤਾਨੀ ਗਾਇਕ ਦੇ ਮਿਊਜ਼ਿਕ ਵੀਡੀਓ ਵਿੱਚ ਹਿੰਦੂਆਂ ਨੂੰ ਸਖਤ ਬੋਲੀ ਵਿੱਚ ਬੁਰਾ ਭਲਾ ਕਿਹਾ ਗਿਆ ਹੈ। ਇਸ ਵੀਡੀਓ ਵਿੱਚ ਪਾਕਿਸਤਾਨੀ ਫ਼ੌਜ ਦੀ ਫੁਟੇਜ ਦਿਖਾ ਕੇ ਘੱਟ ਗਿਣਤੀ ਹਿੰਦੂ ਭਾਈਚਾਰੇ ਨੂੰ ਆਪਣੀ ਹੱਦ ਵਿੱਚ ਰਹਿਣ ਦੀ ਧਮਕੀ ਵੀ ਦਿੱਤੀ ਗਈ ਹੈ। ਧਾਰਮਿਕ ਕੱਟੜਤਾ, ਫ਼ਤਵਿਆਂ, ਧਮਕੀਆਂ ਅਤੇ ਸਿਆਸੀ ਵਿਰੋਧ ਦੇ ਦੌਰਾਨ ਮੁਸਲਮਾਨ ਬਹੁ-ਗਿਣਤੀ ਵਾਲੇ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿੱਚ ਪਹਿਲੇ ਹਿੰਦੂ ਮੰਦਰ ਦੀ ਉਸਾਰੀ ਦਾ ਕੰਮ ਵਿਵਾਦਾਂ ਵਿੱਚ ਆ ਗਿਆ ਹੈ। ਇਸਲਾਮਾਬਾਦ ਦੇ ਐੱਚ-9 ਸੈਕਟਰ ਵਿੱਚ ਸ੍ਰੀਕ੍ਰਿਸ਼ਨ ਮੰਦਰ ਬਣਾਏ ਜਾਣ ਦਾ ਏਨਾ ਤਿੱਖਾ ਵਿਰੋਧ ਹੋਇਆ ਹੈ ਕਿ ਇਸ ਦਾ ਕਿਸੇ ਨੂੰ ਅੰਦਾਜ਼ਾ ਤੱਕ ਨਹੀਂ ਸੀ।
ਵਰਨਣ ਯੋਗ ਹੈ ਕਿ ਇਸਲਾਮਾਬਾਦ ਵਿੱਚ ਸਥਾਨਕ ਵਿਕਾਸ ਅਥਾਰਟੀ ਨੇ ਮੰਦਰ ਬਣਾਉਣ ਲਈ ਅਲਾਟ ਕੀਤੀ ਜਾ ਚੁੱਕੀ ਜ਼ਮੀਨ ਉੱਤੇ ਦੀਵਾਰ ਬਣਾਉਣ ਦਾ ਕੰਮ 5 ਜੁਲਾਈ ਨੂੰ ਰੁਕਵਾ ਦਿੱਤਾ ਸੀ ਤੇ ਅਥਾਰਟੀ ਦੇ ਬੁਲਾਰੇ ਨੇ ਇਸ ਦਾ ਕਾਰਨ ਇਹ ਦੱਸਿਆ ਸੀ ਕਿ ਹਾਲੇ ਤੱਕ ਮੰਦਰ ਨਕਸ਼ਾ ਜਮ੍ਹਾਂ ਨਹੀਂ ਕਰਾਇਆ ਗਿਆ। ਨਿਊਯਾਰਕ ਟਾਈਮਜ਼ ਮੁਤਾਬਕ ਮੰਦਰ ਲਈ ਇਹ ਜ਼ਮੀਨ 2018 ਵਿੱਚ ਉਸ ਵਕਤ ਦੀ ਸਰਕਾਰ ਨੇ ਅਲਾਟ ਕੀਤੀ ਸੀ ਅਤੇ ਉਦੋਂ ਵੀ ਇਸ ਦੇ ਵਿਰੋਧ ਵਿੱਚ ਵੱਡੀ ਗਿਣਤੀ ਵਿੱਚ ਮੁਸਲਮਾਨ ਇੱਥੇ ਇਕੱਠੇ ਹੋ ਗਏ ਸਨ। ਇਸ ਦੇ ਬਾਵਜੂਦ ਹਿੰਦੂ ਸ਼ਾਂਤ ਰਹੇ ਤੇ ਪਿਛਲੇ ਮਹੀਨੇ ਏਥੇ ਮੰਦਰ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਅਤੇ ਪਾਕਿਸਤਾਨ ਦੀ ਇਮਰਾਨ ਸਰਕਾਰ ਨੇ ਇਹ ਮੰਦਰ ਬਣਾਉਣ ਲਈ ਕਰੀਬ 10 ਕਰੋੜ ਰੁਪਏ ਦੇਣ ਦਾ ਐਲਾਨ ਵੀ ਕੀਤਾ ਸੀ। ਬਾਅਦ ਵਿੱਚ ਕੁਝ ਮੌਲਾਨਾ ਇਸ ਮਾਮਲੇ ਵਿੱਚ ਕੁੱਦ ਪੈਣ ਨਾਲ ਹਾਲਾਤ ਬਦਲਣ ਲੱਗ ਪਏ ਤੇ ਮੌਲਾਨਾ ਇਹ ਕਹਿ ਕੇ ਵਿਰੋਧ ਕਰਦੇ ਹਨ ਕਿ ਪਾਕਿਸਤਾਨ ਮੁਸਲਮਾਨ ਦੇਸ਼ ਹੋਣ ਕਰ ਕੇ ਏਥੇ ਹਿੰਦੂ ਮੰਦਰ ਬਣਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਨੂੰ ਗੁੱਸਾ ਹੈ ਕਿ ਸਰਕਾਰ ਉਨ੍ਹਾਂ ਦੇ ਟੈਕਸ ਦਾ ਪੈਸਾ ਮੰਦਰ ਉੱਤੇ ਖ਼ਰਚ ਕਰ ਰਹੀ ਹੈ। ਮੀਡੀਆ ਦਾ ਇੱਕ ਵਰਗ ਵਿਰੋਧ ਦੀ ਇਸ ਮੁਹਿੰਮ ਨੂੰ ਹਵਾ ਦੇ ਰਿਹਾ ਹੈ।
ਕੱਟੜਪੰਥੀਆਂ ਦੇ ਪੱਖ ਵਿੱਚ ਚੌਤਰਫ਼ਾ ਦਬਾਅ ਦੇ ਬਾਅਦ ਇਮਰਾਨ ਸਰਕਾਰ ਮੰਦਰ ਲਈ ਆਰਥਿਕ ਮਦਦ ਦੇਣ ਦੇ ਫ਼ੈਸਲੇ ਤੋਂ ਪਿੱਛੇ ਹਟ ਗਈ ਅਤੇ ਇਸ ਮਾਮਲੇ ਵਿੱਚ ਕੌਂਸਲ ਆਫ ਇਸਲਾਮਿਕ ਆਈਡੀਓਲੋਜੀ ਤੋਂ ਰਾਇ ਮੰਗੀ ਸੀ। ਪਿੱਛਲੇ ਐਤਵਾਰ ਇੱਕ ਗਰੁੱਪ ਨੇ ਮੰਦਰ ਦੀ ਜ਼ਮੀਨ ਉੱਤੇ ਉਸਾਰੀ ਵਾਲੀ ਦੀਵਾਰ ਇਹ ਕਹਿ ਕੇ ਡੇਗ ਦਿੱਤੀ ਕਿ ਇਹ ਉਨ੍ਹਾਂ ਦਾ ਧਾਰਮਿਕ ਫ਼ਰਜ਼ ਹੈ। ਇਸ ਦੀ ਵੀਡੀਓ ਸੋਸ਼ਲ ਮੀਡੀਆ ਵਿੱਚ ਵੀ ਪੋਸਟ ਕੀਤਾ ਗਿਆ ਸੀ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ