ਪਟਿਆਲਾ, 12 ਜੁਲਾਈ (ਪੋਸਟ ਬਿਊਰੋ)- ਥਾਣਾ ਸਦਰ ਰਾਜਪੁਰਾ ਦੀ ਪੁਲਸ ਨੇ ਕੋਵਿਡ 19 ਦੀਆਂ ਗਾਈਡਲਾਈਨਾਂ ਨਾ ਮੰਨਣ ਦੇ ਦੋਸ਼ ਵਿੱਚ ਪੰਜਾਬੀ ਗਾਇਕ ਅਤੇ ਐਕਟਰ ਗੁਰਨਾਮ ਸਿੰਘ ਭੁੱਲਰ, ਵੀਡੀਓ ਡਾਇਰੈਕਟਰ ਖੁਸ਼ਹਾਲ ਸਿੰਘ, ਸਤੀਸ਼ ਆਹੂਜਾ ਅਤੇ ਪ੍ਰਾਈਮ ਮਾਲ ਦੇ ਮਾਲਕ ਅਸ਼ਵਿਨ ਸੂਰੀ ਸਮੇਤ ਕੁੱਲ 44 ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਅਤੇ ਇਸ ਬਾਰੇ ਅਗਲੀ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਹੈ।
ਇਸ ਸੰਬੰਧ ਵਿੱਚ ਐੱਸ ਐੱਸ ਪੀ ਪਟਿਆਲਾ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਗੁਰਨਾਮ ਭੁੱਲਰ ਅਤੇ ਹੋਰਨਾਂ ਦੇ ਖਿਲਾਫ ਥਾਣਾ ਸਦਰ ਰਾਜਪੁਰਾ ਵਿੱਚ ਧਾਰਾ 188 ਆਈ ਪੀ ਸੀ, 51 ਡਿਜਾਸਟਰ ਮੈਨੇਜਮੈਂਟ ਐਕਟ ਅਤੇ ਤਿੰਨ ਐਪੀਡੈਮਿਕ ਐਕਟ 1897 ਦਾ ਕੇਸ ਦਰਜ ਕੀਤਾ ਗਿਆ ਹੈ। ਪੁਲਸ ਨੂੰ ਇਹ ਸੂਚਨਾ ਮਿਲੀ ਸੀ ਕਿ ਗੁਰਨਾਮ ਭੁੱਲਰ ਹੋਰ ਵਿਅਕਤੀਆਂ ਨਾਲ ਪ੍ਰਾਈਮ ਮਾਲ ਰਾਜਪੁਰਾ ਵਿਖੇ ਗਾਣੇ ਦੀ ਸ਼ੂਟਿੰਗ ਕਰ ਰਿਹਾ ਹੈ। ਉਹ ਸਰਕਾਰ ਵੱਲੋਂ ਕੋਵਿਡ 19 ਨੂੰ ਲੈ ਕੇ ਜਾਰੀ ਹਦਾਇਤਾਂ ਨਹੀਂ ਮੰਨ ਰਿਹਾ ਅਤੇ ਗਾਣੇ ਦੀ ਸ਼ੂਟਿੰਗ ਕਰਨ ਬਾਰੇ ਉਸ ਕੋਲ ਕੋਈ ਮਨਜ਼ੂਰੀ ਵੀ ਨਹੀਂ। ਇਹ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਦਰ ਰਾਜਪੁਰਾ ਦੀ ਪੁਲਸ ਨੇ ਐੱਸ ਐੱਚ ਓ ਦੀ ਅਗਵਾਈ ਹੇਠ ਰੇਡ ਕੀਤੀ ਤੇ ਮੌਕੇ 'ਤੇ ਜਾ ਕੇ ਦੇਖਿਆ ਤਾਂ ਗੁਰਨਾਮ ਭੁੱਲਰ ਅਤੇ ਬਾਕੀ ਸਟਾਫ ਸ਼ੂਟਿੰਗ ਕਰ ਰਿਹਾ ਸੀ। ਪੁਲਸ ਸਾਰਿਆਂ ਨੂੰ ਹਿਰਾਸਤ ਵਿੱਚ ਲੈ ਕੇ ਥਾਣੇ ਲੈ ਗਈ ਅਤੇ ਗਾਇਕ ਗੁਰਨਾਮ ਭੁੱਲਰ ਸਮੇਤ ਬਾਕੀਆਂ ਖਿਲਾਫ ਕੇਸ ਦਰਜ ਕਰ ਦਿੱਤਾ।