Welcome to Canadian Punjabi Post
Follow us on

06

August 2020
ਪੰਜਾਬ

ਬੇਅਦਬੀ ਕਾਂਡ : ਸੀ ਬੀ ਆਈ ਮਗਰੋਂ ਰਾਮ ਰਹੀਮ ਦੇ ਚੇਲੇ ਵੀ ਅਦਾਲਤ ਜਾ ਪੁੱਜੇ

July 10, 2020 10:18 PM

ਫਰੀਦਕੋਟ, 10 ਜੁਲਾਈ (ਪੋਸਟ ਬਿਊਰੋ)- ਵਿਸ਼ੇਸ਼ ਜਾਂਚ ਟੀਮ ਵੱਲੋਂ ਬੇਅਦਬੀ ਕਾਂਡ ਵਿੱਚ 11 ਡੇਰਾ ਪ੍ਰੇਮੀਆਂ ਖਿਲਾਫ ਇਥੇ ਅਦਾਲਤ ਵਿੱਚ ਦਿੱਤੀ ਚਾਰਜਸ਼ੀਟ ਵਿਵਾਦਾਂ ਵਿੱਚ ਘਿਰ ਗਈ ਹੈ। ਸੀ ਬੀ ਆਈ ਤੋਂ ਬਾਅਦ ਗ੍ਰਿਫਤਾਰ ਕੀਤੇ ਗਏ ਡੇਰਾ ਪ੍ਰੇਮੀਆਂ ਨੇ ਕੱਲ੍ਹ ਇਥੇ ਇਲਾਕਾ ਮੈਜਿਸਟਰੇਟ ਦੀ ਅਦਾਲਤ ਵਿੱਚ ਅਰਜ਼ੀ ਦੇ ਕੇ ਮੰਗ ਕੀਤੀ ਕਿ ਜਾਂਚ ਟੀਮ ਵੱਲੋਂ ਪੇਸ਼ ਕੀਤੀ ਗਈ ਚਾਰਜਸ਼ੀਟ ਤੇ ਸਮੁੱਚੀ ਪੜਤਾਲ ਗੈਰ ਕਾਨੂੰਨੀ ਹੈ। ਇਸ ਲਈ ਜਾਂਚ ਟੀਮ ਵੱਲੋਂ ਪੇਸ਼ ਕੀਤਾ ਚਲਾਨ ਵਾਪਸ ਕੀਤਾ ਜਾਵੇ। ਜੁਡੀਸ਼ਲ ਮੈਜਿਸਟਰੇਟ ਸੁਰੇਸ਼ ਕੁਮਾਰ ਨੇ ਡੇਰਾ ਪ੍ਰੇਮੀਆਂ ਦੀ ਅਰਜ਼ੀ 'ਤੇ ਪੰਜਾਬ ਸਰਕਾਰ ਅਤੇ ਵਿਸ਼ੇਸ਼ ਜਾਂਚ ਟੀਮ ਨੂੰ ਵੀਹ ਜੁਲਾਈ ਲਈ ਨੋਟਿਸ ਜਾਰੀ ਕੀਤਾ ਹੈ।
ਦੱਸਣਯੋਗ ਹੈ ਕਿ ਦੋ ਦਿਨ ਪਹਿਲਾਂ ਸੀ ਬੀ ਆਈ ਨੇ ਵਿਸ਼ੇਸ਼ ਜਾਂਚ ਟੀਮ ਵੱਲੋਂ ਅਦਾਲਤ ਵਿੱਚ ਪੇਸ਼ ਕੀਤੇ ਚਲਾਨ 'ਤੇ ਸਖਤ ਇਤਰਾਜ਼ ਜਤਾਇਆ ਸੀ। ਸੀ ਬੀ ਆਈ ਦੀ ਅਰਜ਼ੀ 'ਤੇ ਭਲਕੇ 10 ਜੁਲਾਈ ਨੂੰ ਸੀ ਬੀ ਆਈ ਅਦਾਲਤ ਦੇ ਵਿਸ਼ੇਸ਼ ਜੱਜ ਜੀ ਐੱਸ ਸੇਖੋਂ ਸੁਣਵਾਈ ਕਰਨਗੇ। ਸੀ ਬੀ ਆਈ ਨੇ ਤਰਕ ਦਿੱਤਾ ਹੈ ਕਿ ਪੰਜਾਬ ਸਰਕਾਰ ਨੇ 14 ਮਈ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸੰਬੰਧੀ ਬਾਜਾਖਾਨਾ ਥਾਣੇ ਅਧੀਨ ਦਰਜ ਹੋਏ ਤਿੰਨਾਂ ਮੁਕੱਦਮਿਆ ਦੀਆਂ ਫਾਈਲਾਂ ਵਾਪਸ ਮੰਗੀਆਂ ਸਨ, ਪਰ ਸੀ ਬੀ ਆਈ ਨੇ ਪੰਜਾਬ ਸਰਕਾਰ ਨੂੰ ਸੂਚਿਤ ਕੀਤਾ ਸੀ ਕਿ ਸੀ ਬੀ ਆਈ ਬੇਅਦਬੀ ਕਾਂਡ ਦੀ ਤਫਤੀਸ਼ ਜਾਰੀ ਰੱਖਣਾ ਚਾਹੁੰਦੀ ਹੈ। ਇਸ ਬਾਰੇ ਸੁਪਰੀਮ ਕੋਰਟ 'ਚ ਵਿਸ਼ੇਸ਼ ਪਟੀਸ਼ਨ ਦਾਇਰ ਕਰ ਕੇ ਅਪੀਲ ਕੀਤੀ ਸੀ ਕਿ ਇਸ ਜਾਂਚ ਨੂੰ ਸੀ ਬੀ ਆਈ ਕੋਲ ਹੀ ਰਹਿਣ ਦਿੱਤਾ ਜਾਵੇ। ਇਸੇ ਦੌਰਾਨ ਆਪ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਮਾਨ ਨੇ ਆਖਿਆ ਕਿ ਬੇਅਦਬੀ ਕਾਂਡ ਦੀ ਪੜਤਾਲ ਪਾਰਦਰਸ਼ੀ ਤੇ ਨਿਰਪੱਖ ਤਰੀਕੇ ਨਾਲ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਾਂਚ ਏਜੰਸੀਆਂ ਦਾ ਆਪਸੀ ਟਕਰਾਅ ਮੰਦਭਾਗਾ ਹੈ ਅਤੇ ਇਸ ਉਲਝਣ ਨਾਲ ਬੇਅਦਬੀ ਕਾਂਡ ਦੇ ਅਸ਼ਲ ਮੁਲਜ਼ਮਾਂ ਨੂੰ ਫਾਇਦਾ ਮਿਲ ਸਕਦਾ ਹੈ। ਜਾਂਚ ਟੀਮ ਦੇ ਮੁਖੀ ਡੀ ਆਈ ਜੀ ਰਣਬੀਰ ਸਿੰਘ ਖੱਟੜਾ ਨੇ ਆਖਿਆ ਕਿ ਅਦਾਲਤ ਵਿੱਚ ਚਾਰਜਸੀਟ ਕਾਨੂੰਨੀ ਰਾਇ ਲੈਣ ਤੋਂ ਬਾਅਦ ਹੀ ਦਾਇਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਾਂਚ ਟੀਮ ਅਦਾਲਤ ਸਾਹਮਣੇ ਆਪਣਾ ਪੱਖ ਰੱਖੇਗੀ।
ਆਲ ਇੰਡੀਆ ਕਾਂਗਰਸ ਕਮੇਟੀ (ਏ ਆਈ ਸੀ ਸੀ) ਦੇ ਕਿਸਾਨ ਕਾਂਗਰਸ ਦੇ ਕੋਆਰਡੀਨੇਟਰ ਪ੍ਰਿਤਪਾਲ ਸਿੰਘ ਬਲੀਏਵਾਲ ਨੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਨੂੰ ਪੱਤਰ ਭੇਜ ਕੇ ਮੰਗ ਕੀਤੀ ਹੈ ਕਿ ਡੇਰਾ ਮੁਖੀ ਨੂੰ ਮੁਆਫੀ ਦੇਣ ਦੇ ਮਾਮਲੇ ਵਿੱਚ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਕੋਲੋਂ ਸਪੱਸ਼ਟੀਕਰਨ ਲਿਆ ਜਾਵੇ ਤੇ ਸ਼੍ਰੋਮਣੀ ਕਮੇਟੀ ਕੋਲੋਂ ਮੁਆਫੀਨਾਮੇ ਦਾ ਸਮਰਤਨ ਕਰਨ ਲਈ ਖਰਚ ਕੀਤੇ 95 ਲੱਖ ਰੁਪਏ ਬਾਰੇ ਪੁੱਛ ਪੜਤਾਲ ਕੀਤੀ ਜਾਵੇ। ਪੱਤਰ ਵਿੱਚ ਕਾਂਗਰਸੀ ਆਗੂ ਨੇ ਲਿਖਿਆ ਕਿ ਗਿਆਨੀ ਗੁਰਬਚਨ ਸਿੰਘ ਨੇ ਡੇਰਾ ਸਿਰਸਾ ਮੁਖੀ ਨੂੰ ਬਿਨਾਂ ਮੁਆਫੀ ਮੰਗਿਆਂ ਮੁਆਫ ਕਰ ਦਿੱਤਾ ਸੀ। ਉਨ੍ਹਾਂ ਨੇ ਮੌਜੂਦਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਿਵੱਚ ਸਪੱਸ਼ਟੀਕਰਨ ਲੈਣ ਵਾਸਤੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਤਲਬ ਕੀਤਾ ਜਾਵੇ ਤੇ ਉਨ੍ਹਾਂ ਤੋਂ ਡੇਰਾ ਸਿਰਸਾ ਮੁਖੀ ਨੂੰ ਮੁਆਫ ਕਰਨ ਦਾ ਕਾਰਨ ਪੁੱਛਿਆ ਜਾਵੇ।
ਬੇਅਦਬੀ ਮਾਮਲਿਆਂ (ਕਲੋਜ਼ਰ ਰਿਪੋਰਟ ਅਤੇ ਨਵੇਂ ਸਿਰਿਓਂ ਜਾਂਚ) ਸਬੰਧੀ ਸੁਣਵਾਈ ਭਲਕੇ 10 ਜੁਲਾਈ ਨੂੰ ਮੁਹਾਲੀ ਸਥਿਤ ਸੀ ਬੀ ਆਈ ਦੇ ਵਿਸ਼ੇਸ਼ ਜੱਜ ਜੀ ਐੱਸ ਸੇਖੋਂ ਦੀ ਅਦਾਲਤ ਵਿੱਚ ਹੋਵੇਗੀ। ਉਧਰ ਸੀ ਬੀ ਆਈ ਦੀ ਜਾਂਚ ਟੀਮ ਨੇ ਸ਼ੁੱਕਰਵਾਰ ਨੂੰ ਸੁਣਵਾਈ ਮੌਕੇ ਸਾਰੀਆਂ ਧਿਰਾਂ ਦੀ ਹਾਜ਼ਰੀ ਨੂੰ ਯਕੀਨੀ ਬਣਾਉਣ ਲਈ ਕੱਲ੍ਹ ਸਾਰੀਆਂ ਧਿਰਾਂ ਦੇ ਵਕੀਲਾਂ ਨੂੰ ਦਸਤੀ ਸੰਮਨ ਭੇਜੇ ਹਨ। ਸੀ ਬੀ ਆਈ ਦੇ ਇੰਸਪੈਕਟਰ ਦੀਨ ਦਿਆਲਨ ਨੇ ਕੱਲ੍ਹ ਸ਼ਿਕਾਇਤਕਰਤਾ ਰਣਜੀਤ ਸਿੰਘ ਵਾਸੀ ਪਿੰਡ ਬੁਰਜ ਸਿੰਘ ਵਾਲਾ ਅਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਗੋਰਾ ਸਿੰਘ ਸਮੇਤ ਇਤਿਹਾਸਕ ਗੁਰਦੁਆਰਾ ਬਰਗਾੜੀ ਦੇ ਮੈਨੇਜਰ ਭਾਈ ਕੁਲਵਿੰਦਰ ਸਿੰਘ ਨੂੰ ਦਸਤੀ ਸੰਮਨ ਸੌਂਪਦਿਆਂ ਭਲਕੇ ਸੁਣਵਾਈ ਮੌਕੇ ਅਦਾਲਤ ਵਿੱਚ ਹਾਜ਼ਰ ਹੋਣ ਲਈ ਕਿਹਾ ਹੈ।
ਡੇਰਾ ਸਿਰਸਾ ਦੀ ਪ੍ਰਬੰਧਕ ਕਮੇਟੀ ਨੇ ਕੱਲ੍ਹ ਇਥੇ ਪ੍ਰੈਸ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਪੰਜਾਬ 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਵਿੱਚ ਡੇਰਾ ਪ੍ਰੇਮੀ ਨੂੰ ਫਸਾਇਆ ਜਾ ਰਿਹਾ ਹੈ। ਡੇਰਾ ਮੁਖੀ ਦਾ ਇਸ ਮਾਮਲੇ ਵਿੱਚ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਹੈ ਕਿ ਡੇਰਾ ਸਾਰੇ ਧਰਮਾਂ ਦਾ ਆਦਰ ਕਰਦਾ ਹੈ। ਪ੍ਰੈੱਸ ਨੋਟ ਵਿੱਚ ਕਿਹਾ ਗਿਆ ਹੈ ਕਿ ਸੀ ਬੀ ਆਈ ਜਾਂਚ ਦੌਰਾਨ ਇਸ ਮਾਮਲੇ ਵਿੱਚ ਡੇਰਾ ਤੇ ਡੇਰਾ ਪ੍ਰੇਮੀਆਂ ਨੂੰ ਨਿਰਦੋਸ਼ ਸਾਬਿਤ ਕੀਤਾ ਗਿਆ ਸੀ।
ਡੇਰਾ ਪ੍ਰੇਮੀਆਂ ਦੀ ਸ਼ਿਕਾਇਤ 'ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਾਰੰਟ ਅਫਸਰ ਨੇ ਦੇਰ ਰਾਤ ਫਰੀਦਕੋਟ ਤੇ ਬਾਜਾਖਾਨਾ ਦੇ ਥਾਣਿਆਂ 'ਤੇ ਛਾਪੇ ਮਾਰੇ। ਪ੍ਰਾਪਤ ਸੂਚਨਾ ਅਨੁਸਾਰ ਹਾਈ ਕੋਰਟ ਨੂੰ ਸ਼ਿਕਾਇਤ ਮਿਲੀ ਸੀ ਕਿ ਵਿਸ਼ੇਸ਼ ਜਾਂਚ ਟੀਮ ਨੇ ਕੁਝ ਡੇਰਾ ਪ੍ਰੇਮੀਆਂ ਨੂੰ ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖਿਆ ਹੋਇਆ ਹੈ। ਇਸ ਦੀ ਪੁਸ਼ਟੀ ਕਰਦਿਆਂ ਜ਼ਿਲਾ ਪੁਲਸ ਮੁਖੀ ਸਵਰਨਦੀਪ ਸਿੰਘ ਨੇ ਕਿਹਾ ਕਿ ਫਰੀਦਕੋਟ ਤੇ ਬਾਜਾਖਾਨਾ ਥਾਣੇ 'ਚੋਂ ਕੋਈ ਵੀ ਵਿਅਕਤੀ ਗੈਰ ਕਾਨੂੰਨੀ ਹਿਰਾਸਤ ਵਿੱਚੋਂ ਨਹੀਂ ਮਿਲਿਆ। ਜਾਂਚ ਟੀਮ ਦੇ ਮੁਖੀ ਰਣਬੀਰ ਸਿੰਘ ਖੱਟੜਾ ਨੇ ਕਿਹਾ ਕਿ ਉਨ੍ਹਾਂ ਕਿਸੇ ਵੀ ਡੇਰਾ ਪ੍ਰੇਮੀ ਨੂੰ ਗੈਰ ਕਾਨੂੰਨੀ ਹਿਰਾਸਤ ਵਿੱਚ ਨਹੀਂ ਰੱਖਿਆ।

Have something to say? Post your comment
ਹੋਰ ਪੰਜਾਬ ਖ਼ਬਰਾਂ
ਜ਼ਹਿਰੀਲੀ ਸ਼ਰਾਬ ਮਾਮਲੇ ਵਿੱਚਮੁੱਖ ਮੰਤਰੀ ਵੱਲੋਂ ਦੋਸ਼ੀਆਂ ਵਿਰੁੱਧਕਤਲ ਕੇਸ ਦਰਜ ਕਰਨ ਦਾ ਹੁਕਮ
ਤਖਤ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਉੱਤੇ ਸਿੱਖ ਭਾਵਨਾਵਾਂ ਨੂੰ ਠੇਸ ਪੁਚਾਉਣ ਦਾ ਦੋਸ਼
ਸ਼੍ਰੋਮਣੀ ਅਕਾਲੀ ਦਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਚੋਰੀ ਹੋਇਆ ਸਰੂਪ ਲੱਭਣ 'ਚ ਢਿੱਲ ਵਰਤਣ ਖਿਲਾਫ 7 ਅਗਸਤ ਨੂੰ ਪਟਿਆਲਾ ਐੱਸ.ਐੱਸ.ਪੀ. ਦਫਤਰ ਮੂਹਰੇ ਧਰਨੇ ਤੋਂ ਲੜੀਵਾਰ ਧਰਨਿਆਂ ਦੀ ਸ਼ੁਰੂਆਤ ਕਰੇਗਾ
ਪੰਜਾਬ ਕੈਬਨਿਟ ਵੱਲੋਂ ਨਵੰਬਰ ਤੱਕ ਸਰਕਾਰੀ ਸਕੂਲਾਂ ਦੇ 12ਵੀਂ ’ਚ ਪੜਦੇ ਵਿਦਿਆਰਥੀਆਂ ਨੂੰ 1.73 ਲੱਖ ਸਮਾਰਟ ਫੋਨ ਵੰਡਣ ਦਾ ਰਾਹ ਪੱਧਰਾ
ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵਲੋਂ ਖੇਤੀ ਆਰਡੀਨੈਂਸਾਂ ਖਿਲਾਫ਼ ਸੰਘਰਸ਼ ਤੇਜ਼ ਕਰਨ ਦਾ ਫੈਸਲਾ
ਕੈਪਟਨ ਨੇ ਪੰਜਾਬ ਤੇ ਹੋਰ ਸੂਬਿਆਂ ਦੇ ਵਡੇਰੇ ਹਿੱਤ `ਚ ਮੱਧ ਪ੍ਰਦੇਸ਼ ਦੀ ਬਾਸਮਤੀ ਨੂੰ ਜੀ.ਆਈ. ਟੈਗ ਦੀ ਆਗਿਆ ਨਾ ਦੇਣ ਲਈ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ
ਪਿੰਡ ਭੋਰਲਾ ਵਿਖੇ ਬਜ਼ੁਰਗ ਔਰਤ ਨੂੰ ਘਰੋਂ ਕੱਢਣ ਦਾ ਮਾਮਲਾ: ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਸੀਨੀਅਰ ਪੁਲਸ ਕਪਤਾਨ ਖੰਨਾ ਤੋਂ ਮੰਗੀ ਸਟੇਟਸ ਰਿਪੋਰਟ
ਪੰਜਾਬ ਦੇ ਨੌਜਵਾਨਾਂ ਲਈ ਮੁਫਤ ਹੁਨਰ ਸਿਖਲਾਈ ਅਤੇ ਪਲੇਸਮੈਂਟ ਕਰਵਾਈ ਜਾਵੇਗੀ : ਚੰਨੀ
ਬਾਜਵਾ ਅਤੇ ਦੂਲੋ ਦੇ ਖਿਲਾਫ ਸੁਨੀਲ ਜਾਖੜ ਦਾ ਜ਼ੋਰਦਾਰ ਹਮਲਾ
ਸੁੱਚਾ ਸਿੰਘ ਲੰਗਾਹ ਦੀ ਪੰਥ ਵਿੱਚ ਵਾਪਸੀ ਕਈਆਂ ਦੇ ਜੜ੍ਹੀਂ ਬੈਠ ਗਈ