‘ਪਟਾਕਾ’ ਅਤੇ ‘ਅੰਗਰੇਜ਼ੀ ਮੀਡੀਅਮ’ ਵਰਗੀਆਂ ਫਿਲਮਾਂ ਨਾਲ ਆਪਣੀ ਪ੍ਰਤਿਭਾ ਦਾ ਲੋਹਾ ਮੰਨਵਾ ਚੁੱਕੀ ਰਾਧਿਕਾ ਮਦਾਨ ਮੰਨਦੀ ਹੈ ਕਿ ਆਪਣੇ ਸੁਫਨਿਆਂ ਨੂੰ ਪੂਰਾ ਕਰਨ ਲਈ ਖੁਦ 'ਤੇ ਯਕੀਨ ਬਹੁਤ ਜ਼ਰੂਰੀ ਹੈ। ਰਾਧਿਕਾ ਦੇ ਮੁਤਾਬਕ ਫਿਲਮਾਂ ਵਿੱਚ ਆਉਣ ਤੋਂ ਪਹਿਲਾਂ ਲੋਕ ਉਸ ਨੂੰ ਕਹਿੰਦੇ ਸਨ ਕਿ ਟੀ ਵੀ ਅਭਿਨੇਤਰੀਆਂ ਨੂੰ ਫਿਲਮਾਂ ਵਿੱਚ ਕੋਈ ਕੰਮ ਨਹੀਂ ਦਿੰਦਾ। ਸੁਸ਼ਾਂਤ ਸਿੰਘ ਰਾਜਪੂਤ ਦੀ ਮਿਸਾਲ ਦਿੰਦੇ ਹੋਏ ਰਾਧਿਕਾ ਨੇ ਕਿਹਾ ਕਿ ਜਦ ਸੁਸ਼ਾਂਤ ਸਫਲ ਹੋ ਸਕਦੇ ਹਨ, ਤਾਂ ਉਹ ਕਿਉਂ ਨਹੀਂ। ਅਸੀਂ ਖੁਦ ਦੇ ਬਾਰੇ ਜੋ ਸੋਚਦੇ ਹਾਂ, ਲੋਕਾਂ ਨੂੰ ਵੀ ਉਹੀ ਨਜ਼ਰ ਆਉਂਦਾ ਹੈ।
ਇਸ ਦੌਰਾਨ ਰਾਧਿਕਾ ਨੇ ਫਿਲਮ ‘ਅੰਗਰੇਜ਼ੀ ਮੀਡੀਅਮ’ ਵਿੱਚ ਆਪਣੀ ਚੋਣ ਦੇ ਬਾਰੇ ਦੱਸਿਆ ਕਿ ਇਸ ਫਿਲਮ ਵਿੱਚ ਸਾਰਿਕਾ ਦੇ ਕਿਰਦਾਰ ਲਈ ਨਿਰਮਾਤਾ ਸੋਲ੍ਹਾ-ਸਤ੍ਹਾਰਾਂ ਸਾਲ ਦੀ ਕਿਸੇ ਲੜਕੀ ਨੂੰ ਲੈਣਾ ਚਾਹੁੰਦੇ ਸਨ। ਉਨ੍ਹਾਂ ਫਿਲਮ ਦੇ ਡਾਇਰੈਕਟਰ ਹੋਮੀ ਅਦਜਾਨੀਆ ਨੂੰ ਜਿੱਦ ਕਰ ਕੇ ਆਪਣਾ ਆਡੀਸ਼ਨ ਦਿੱਤਾ। ਆਡੀਸ਼ਨ ਦੇਖ ਕੇ ਹੋਮੀ ਨੇ ਖੁਸ਼ ਹੋਕ ੇ ਕਿਹਾ ਕਿ ਇਹੀ ਲੜਕੀ ਫਿਲਮ ਦੀ ਸਾਰਿਕਾ ਹੈ। ਰਾਧਿਕਾ ਮੁਤਾਬਕ ਲੋਕ ਆਪਣੇ ਸਮੇਂ ਦੀ ਵਰਤੋਂ ਫਾਲਤੂ ਚੀਜ਼ਾਂ ਸੋਚ ਕੇ ਖੁਦ ਨੂੰ ਕਮਜ਼ੋਰ ਕਰਨ ਵਿੱਚ ਕਰਦੇ ਹਨ ਜਾਂ ਕੁਝ ਨਵਾਂ ਸਿੱਖਣ ਵਿੱਚ ਕਰਦੇ ਹਨ, ਇਹ ਉਨ੍ਹਾਂ ਦੇ ਉਪਰ ਨਿਰਭਰ ਕਰਦਾ ਹੈ। ਉਨ੍ਹਾਂ ਨੇ ਆਪਣੇ ਸਮੇਂ ਦੀ ਵਰਤੋਂ ਰੋਜ਼ ਕੁਝ ਨਵਾਂ ਸਿੱਖਣ ਵਿੱਚ ਕੀਤੀ, ਤਾਂ ਕਿ ਮੌਕਾ ਮਿਲਣ 'ਤੇ ਆਪਣਾ ਸੌ ਫੀਸਦੀ ਪ੍ਰਤਿਭਾ ਲੋਕਾਂ ਨੂੰ ਦਿਖਾ ਸਕੇ। ਰਾਧਿਕਾ ਸਨੀ ਕੌਸ਼ਲ ਦੇ ਨਾਲ ਫਿਲਮ ‘ਸ਼ਿੱਦਤ’ ਵਿੱਚ ਨਜ਼ਰ ਆਏਗੀ।