* ਡੀ ਸੀ, ਐੱਸ ਐੱਸ ਪੀ, ਸੈਸ਼ਨ ਜੱਜ ਸਣੇ ਕਈ ਲੋਕ ਪਾਜਿ਼ਟਿਵ
ਚੰਡੀਗੜ੍ਹ, 9 ਜੁਲਾਈ, (ਪੋਸਟ ਬਿਊਰੋ)- ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਕੇਸ ਤੇਜ਼ੀ ਨਾਲ ਵਧਣ ਲੱਗ ਪਏ ਹਨ ਤੇ ਪਿਛਲੇ ਸਿਰਫ ਦੋ ਦਿਨਾਂ ਵਿੱਚ 446 ਕੇਸ ਆਏ ਅਤੇ 11 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੌਰਾਨ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਕਈ ਅਧਿਕਾਰੀ ਵੀ ਇਸ ਬਿਮਾਰੀ ਤੋਂ ਪ੍ਰਭਾਵਤ ਹੋਣ ਦੀਆਂ ਖਬਰਾਂ ਹਨ।
ਬੀਤੇ ਬੁੱਧਵਾਰ ਨੂੰ ਪੰਜਾਬ ਦੇ 11 ਪੀ ਸੀ ਐੱਸ ਅਧਿਕਾਰੀਆਂ ਦੇ ਪਾਜ਼ੇਟਿਵ ਆਉਣ ਤੋਂ ਬਾਅਦ ਅੱਜ ਰੂਪਨਗਰ ਜਿ਼ਲੇ ਦੀ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ, ਪੁਲਸ ਜਿ਼ਲਾ ਜਲੰਧਰ ਦੇਹਾਤੀ ਦੇ ਐੱਸ ਐੱਸ ਪੀ ਨਵਜੋਤ ਸਿੰਘ ਮਾਹਲ ਅਤੇ ਸ਼ਾਹਕੋਟ ਦੇ ਐੱਸ ਡੀ ਐੱਮ ਡਾ. ਸੰਜੀਵ ਕੁਮਾਰ ਸ਼ਰਮਾ, ਪਾਇਲ (ਲੁਧਿਆਣਾ) ਦੇ ਐੱਸ ਡੀ ਐੱਮ ਮਨਕੰਵਲ ਸਿੰਘ ਚਾਹਲ ਅਤੇ ਦਿੜ੍ਹਬਾ (ਸੰਗਰੂਰ) ਦੇ ਐੱਸ ਡੀ ਐੱਮ ਮਨਜੀਤ ਸਿਘ ਚੀਮਾ ਸਣੇ ਕਰੀਬ 240 ਲੋਕਾਂ ਦੀ ਟੈੱਸਟ ਰਿਪੋਰਟ ਪਾਜ਼ੇਟਿਵ ਆਈ ਪਤਾ ਲੱਗੀ ਹੈ। ਅੱਜ ਇਸ ਬਿਮਾਰੀ ਦੇ ਸੱਤ ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਕੁੱਲ ਗਿਣਤੀ 186 ਅਤੇ ਅੱਜ ਤੱਕ ਦੇ ਕੁੱਲ ਕੇਸਾਂ ਦੀ ਗਿਣਤੀ 7221 ਦੱਸੀ ਗਈ ਹੈ। ਅੱਜ ਵੀਰਵਾਰ ਲੁਧਿਆਣੇ ਦੇ ਇਕ ਵਿਅਕਤੀ, ਫ਼ਤਹਿਗੜ੍ਹ ਸਾਹਿਬ ਵਿੱਚ 56 ਸਾਲਾ ਔਰਤ, ਸੰਗਰੂਰ ਵਿੱਚ 59 ਸਾਲਾ ਆਦਮੀ, ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਨੇੜੇ 40 ਸਾਲਾ ਵਿਅਕਤੀ ਅਤੇ ਸੁਲਤਾਨਪੁਰ ਲੋਧੀ ਵਿੱਚ 54 ਸਾਲਾ ਵਿਅਕਤੀ ਦੀ ਮੌਤ ਹੋਣ ਦੀ ਖਬਰ ਮਿਲੀ ਹੈ।
ਬਠਿੰਡਾ ਜ਼ਿਲ੍ਹੇ ਵਿੱਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਵਧਦੀ ਜਾਂਦੀ ਹੈ। ਏਥੇ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਸੀ, ਜਿਸ ਪਿੱਛੋਂ ਉਨ੍ਹਾਂ ਦੇ ਸੰਪਰਕ ਵਿੱਚ ਆਏ 21 ਮੁਲਾਜ਼ਮਾਂ ਨੂੰ ਇਕਾਂਤਵਾਸ ਕੀਤਾ ਗਿਆ ਹੈ। ਪਤਾ ਲੱਗਾ ਹੈ ਕਿ ਜ਼ਿਲ੍ਹਾ ਅਤੇ ਸੈਸ਼ਨ ਜੱਜ ਕਮਲਜੀਤ ਸਿੰਘ ਲਾਂਬਾ ਪੀ ਜੀ ਆਈ ਵਿੱਚ ਦਾਖ਼ਲ ਹਨ ਅਤੇ ਉਥੇ ਉਨ੍ਹਾਂ ਨੂੰ ਟੈੱਸਟ ਕਰਵਾਇਆ ਸੀ, ਜਿਸ ਦਾ ਨਤੀਜਾ ਪਾਜ਼ੇਟਿਵ ਆਉਣ ਤੋਂ ਬਾਅਦ ਉਨ੍ਹਾਂ ਦੇ ਸੰਪਰਕ ਵਿੱਚ ਆਏ ਮੁਲਾਜ਼ਮਾਂ ਤੇ ਹੋਰ ਲੋਕਾਂ ਨੂੰ ਇਕਾਂਤਵਾਸ ਕਰ ਦਿੱਤਾ ਗਿਆ ਹੈ।
ਸਮੁੱਚੇ ਭਾਰਤ ਵਿੱਚ ਅਜੇ ਵੀ ਸਭ ਤੋਂ ਵੱਧ ਮਾਰ ਮਹਾਰਾਸ਼ਟਰ ਰਾਜ ਵਿੱਚ ਪੈ ਰਹੀ ਹੈ, ਜਿੱਥੇ ਕੇਸਾਂ ਦੀ ਗਿਣਤੀ ਵਧ ਕੇ 2,23,724 ਅਤੇ ਮੌਤਾਂ ਦੀ ਗਿਣਤੀ 9448 ਹੋ ਚੁੱਕੀ ਹੈ। ਇਸ ਤੋਂ ਬਾਅਦ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਕੁੱਲ ਕੇਸਾਂ ਦੀ ਗਿਣਤੀ 1,04,864 ਅਤੇ ਮੌਤਾਂ ਦੀ ਗਿਣਤੀ 3213 ਦੱਸੀ ਜਾ ਰਹੀ ਹੈ। ਗੁਜਰਾਤ ਵਿੱਚ ਅੱਜ ਤੱਕ ਕੁੱਲ 1993 ਮੌਤਾਂ ਹੋਈਆਂ ਹਨ ਅਤੇ ਤਾਮਿਲ ਨਾਡੂ ਵਿੱਚ ਮੌਤਾਂ ਦੀ ਗਿਣਤੀ 17 ਸੌ ਨੂੰ ਟੱਪ ਗਈ ਹੈ।