ਸੈਕਰਾਮੈਂਟੋ, 9 ਜੁਲਾਈ (ਪੋਸਟ ਬਿਊਰੋ)- ‘ਰਾਸ਼ਟਰਪਤੀ ਡੋਨਾਲਡ ਟਰੰਪ ਝੂਠਾ ਤੇ ਮੱਕਾਰ ਹੈ। ਉਸ ਨੇ ਝੂਠ ਬੋਲਣ ਦੀ ਆਦਤ ਵਿਕਸਤ ਕੀਤੀ ਤੇ ਉਹ ਸਿਰੇ ਦਾ ਹੰਕਾਰੀ ਹੈ।' ਇਹ ਖ਼ੁਲਾਸਾ ਰਾਸ਼ਟਰਪਤੀ ਦੀ ਭਤੀਜੀ ਮੈਰੀ ਟਰੰਪ ਨੇ ਆਪਣੀ ਪੁਸਤਕ ‘ਟੂ ਮਚ ਐਂਡ ਨੈਵਰ ਇਨਫ' ਵਿੱਚ ਕਰਦਿਆਂ ਲਿਖਿਆ ਹੈ ਕਿ ਕਿਸ ਤਰ੍ਹਾਂ ਮੇਰੇ ਪਰਵਾਰ ਨੇ ਵਿਸ਼ਵ ਦਾ ਸਭ ਤੋਂ ਵੱਧ ਖਤਰਨਾਕ ਵਿਅਕਤੀ ਪੈਦਾ ਕੀਤਾ ਹੈ।
ਮੈਰੀ ਟਰੰਪ ਨੇ ਲਿਖਿਆ ਹੈ ਕਿ ਡੋਨਾਲਡ ਸਧਾਰਨ ਕਮਜ਼ੋਰ ਵਿਅਕਤੀ ਨਹੀਂ, ਉਸਦਾ ਹੰਕਾਰ ਹਰ ਵੇਲੇ ਝਲਕਦਾ ਹੈ ਕਿਉਂਕਿ ਉਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਜੋ ਉਹ ਦਾਅਵਾ ਕਰਦਾ ਹੈ, ਉਹ ਕੁਝ ਨਹੀਂ ਹੈ। ਉਸ ਲਈ ਚੰਗਾ ਬਣਨਾ ਅਸੰਭਵ ਹੈ। ਇਹ ਪੁਸਤਕ ਇੱਕ ਤਰ੍ਹਾਂ ਤਿੰਨ ਟਰੰਪਾਂ ਰਾਸ਼ਟਰਪਤੀ, ਉਸ ਦੇ ਪਿਤਾ ਫਰੈਡ ਟਰੰਪ ਸੀਨੀਅਰ ਤੇ ਉਸ ਦੇ ਵੱਡੇ ਭਰਾ ਅਤੇ ਲੇਖਕਾ ਦੇ ਪਿਤਾ ਫਰੈਡ ਟਰੰਪ ਜੂਨੀਅਰ ਦੀ ਜੀਵਨੀ ਹੈ। 55 ਸਾਲਾ ਮਨੋਵਿਗਿਆਨੀ ਮੈਰੀ ਟਰੰਪ ਨੇ ਆਪਣੀ ਪੁਸਤਕ ਵਿੱਚ ਡੋਨਾਲਡ ਦੀਆਂ ਬੁਰੀਆਂ ਆਦਤਾਂ ਲਈ ਫਰੈਡ ਟਰੰਪ ਸੀਨੀਅਰ ਨੂੰ ਦੋਸ਼ੀ ਠਹਿਰਾਇਆ ਹੈ।