ਪੇਈਚਿੰਗ, 9 ਜੁਲਾਈ (ਪੋਸਟ ਬਿਊਰੋ)- ਚੀਨ ਨੇ ਕੱਲ੍ਹ ਹਾਂਗਕਾਂਗ ਦੇ ਇੱਕ ਹੋਟਲ ਨੂੰ ਆਪਣੇ ਨਵੇਂ ਰਾਸ਼ਟਰੀ ਸੁਰੱਖਿਆ ਦਫ਼ਤਰ 'ਚ ਤਬਦੀਲ ਕਰ ਦਿੱਤਾ ਹੈ। ਇਹ ਹੋਟਲ ਲੋਕਤੰਤਰ ਸਮਰੱਥਕਾਂ ਦੇ ਵਿਰੋਧ ਪ੍ਰਦਰਸ਼ਨ ਲਈ ਸਭ ਤੋਂ ਮਸ਼ਹੂਰ ਸਿਟੀ ਸੈਂਟਰ ਪਾਰਕ 'ਚ ਹੈ, ਜਿਸ ਨੂੰ ਚੀਨ ਨੇ ਹੈਡਕੁਆਰਟਰ 'ਚ ਬਦਲ ਦਿੱਤਾ ਹੈ। ਚੀਨ ਦੇ ਇੱਕ ਕਦਮ ਨਾਲ ਸੈਂਕੜੇ ਵਿਦੇਸ਼ੀ ਕੰਪਨੀਆਂ 'ਤੇ ਅਸਰ ਪੈਣ ਦੇ ਆਸਾਰ ਹਨ। ਕਾਨੂੰਨ 'ਚ ਇਸਤੇਮਾਲ ਅਸਪੱਸ਼ਟ ਭਾਸ਼ਾ ਅਤੇ ਇਸ ਨੂੰ ਲਾਗੂ ਕਰਨ ਨੂੰ ਲੈ ਕੇ ਵਿਦੇਸ਼ੀ ਕੰਪਨੀਆਂ ਵਿਚਾਲੇ ਚਿੰਤਾ ਵੱਧ ਗਈ ਹੈ।
ਵਰਨਣ ਯੋਗ ਹੈ ਕਿ ਚੀਨ ਨੇ ਪਿਛਲੇ ਹਫ਼ਤੇ ਹਾਂਗਕਾਂਗ 'ਚ ਰਾਸ਼ਟਰੀ ਸੁਰੱਖਿਆ ਕਾਨੂੰਨ ਨੂੰ ਲਾਗੂ ਕੀਤਾ ਸੀ। ਇਹ ਦਫ਼ਤਰ ਹਾਂਗਕਾਂਗ ਸਰਕਾਰ ਦੇ ਕੌਮੀ ਸੁਰੱਖਿਆ ਕਾਨੂੰਨ ਦੇ ਇਨਫੋਰਸਮੈਂਟ ਦੀ ਦੇਖਰੇਖ ਕਰੇਗਾ। ਚੀਨ ਦੇ ਇਸ ਕਦਮ ਸਬੰਧੀ ਵਿਰੋਧ ਦੀ ਆਵਾਜ਼ ਵੀ ਉਠੀ। ਇਸ ਦੌਰਾਨ ਹਾਂਗਕਾਂਗ ਤੇ ਚੀਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਵਾਂ ਰਾਸ਼ਟਰੀ ਕਾਨੂੰਨ ਹਾਂਗਕਾਂਗ ਸਰਕਾਰ ਅਤੇ ਚੀਨ ਵਿਰੋਧੀ ਪ੍ਰਦਰਸ਼ਨਾਂ ਦੀ ਅਸਲੀਅਤ ਜ਼ਾਹਰ ਕਰੇਗਾ। ਇਹ ਕਾਨੂੰਨ ਵਿਰੋਧ ਖਤਮ ਕਰਨ ਲਈ ਅਹਿਮ ਹੈ। ਹਾਂਗਕਾਂਗ 'ਚ ਅਧਿਕਾਰੀਆਂ ਨੇ ਸਕੂਲਾਂ 'ਚ ਗਾਏ ਜਾਣ ਵਾਲੇ ਲੋਕਤੰਤਰ ਸਮਰੱਥਕਾਂ ਦੇ ਗੀਤਾਂ 'ਤੇ ਵੀ ਪਾਬੰਦੀ ਲਾ ਦਿੱਤੀ ਹੈ। ਚੀਨ ਦੇ ਰਸਮੀ ਗੀਤ ‘ਗਲੋਰੀ ਟੂ ਹਾਂਗਕਾਂਗ' ਨੂੰ ਵੀ ਬੈਨ ਕਰ ਦਿੱਤਾ ਹੈ। ਇਸ 'ਤੇ ਹਾਂਗਕਾਂਗ ਦੇ ਸਿੱਖਿਆ ਸਕੱਤਰ ਕੇਵਿਨ ਯੇਂਗ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਨੂੰ ਕਲਾਸ ਦੇ ਬਾਇਕਾਟ, ਨਾਅਰੇ ਲਾਉਣ, ਮਨੁੱਖੀ ਲੜੀ ਬਣਾਉਣ ਜਾਂ ਅਜਿਹੇ ਗੀਤ ਨਹੀਂ ਗਾਣੇ ਚਾਹੀਦੇ ਹਨ, ਜਿਨ੍ਹਾਂ ਵਿੱਚ ਸਿਆਸੀ ਸੰਦੇਸ਼ ਹੋਣ।
ਨਵੇਂ ਰਾਸ਼ਟਰੀ ਸੁਰੱਖਿਆ ਕਾਨੂੰਨ ਸਬੰਧੀ ਅਮਰੀਕਾ ਨੇ ਚੀਨ 'ਤੇ ਹਮਲਾ ਬੋਲਿਆ ਤੇ ਇਸ ਨਵੇਂ ਕਾਨੂੰਨ ਨੂੰ ਇੱਕ ਕਹਿਰ ਕਰਾਰ ਦਿੱਤਾ ਹੈ। ਹਾਂਗਕਾਂਗ 'ਚ ਅਮਰੀਕਾ ਦੇ ਚੋਟੀ ਦੇ ਡਿਪਲੋਮੈਟ ਨੇ ਚੀਨ 'ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਹੈ ਕਿ ਖੇਤਰ ਦੇ ਲੋਕਾਂ ਦੀ ਮੌਲਿਕ ਆਜ਼ਾਦੀ ਨੂੰ ਖੋਹਣ ਅਤੇ ਜ਼ਬਰਦਸਤੀ ਅਤੇ ਆਤਮ ਕੰਟੋਰਲ ਦਾ ਮਾਹੌਲ ਬਣਾਉਣ ਲਈ ਨਵੇਂ ਕਾਨੂੰਨ ਦੀ ਵਰਤੋਂ ਕਰਨਾ ਗਲਤ ਹੈ। ਹਾਂਗਕਾਂਗ ਅਤੇ ਮਕਾਊ 'ਚ ਅਮਰੀਕੀ ਕੌਂਸਲੇਟ ਜਨਰਲ ਹੈਂਸਕਮ ਸਮਿਥ ਨੇ ਪੱਤਰਕਾਰਾਂ ਨੂੰ ਕਿਹਾ ਕਿ ਹਾਂਗਕਾਂਗ ਮੁੱਖ ਤੌਰ 'ਤੇ ਆਪਣੇ ਖੁੱਲ੍ਹੇਪਣ ਸਬੰਧੀ ਸਫਲ ਰਿਹਾ ਹੈ ਅਤੇ ਉਸ ਨੂੰ ਬਰਕਰਾਰ ਰੱਖਣ ਲਈ ਕੁਝ ਵੀ ਕਰਾਂਗੇ।