Welcome to Canadian Punjabi Post
Follow us on

06

August 2020
ਮਨੋਰੰਜਨ

ਫਾਲਤੂ ਵਿੱਚ ਆਪਣਾ ਖੂਨ ਨਹੀਂ ਸਾੜਦੀ : ਤਾਪਸੀ

July 08, 2020 09:25 AM

ਤਾਪਸੀ ਪਨੂੰ ਇੱਕ ਤੋਂ ਬਾਅਦ ਇੱਕ ਸ਼ਾਨਦਾਰ ਅਭਿਨੈ ਵਾਲੀਆਂ ਫਿਲਮਾਂ ਕਰ ਕੇ ਆਪਣੇ ਫੈਂਸ ਅਤੇ ਫਿਲਮੀ ਦੁਨੀਆ ਦੇ ਲੋਕਾਂ ਨੂੰ ਅਕਸਰ ਹੈਰਾਨ ਕਰਦੀ ਰਹਿੰਦੀ ਹੈ। ‘ਨਾਮ ਸ਼ਬਾਨਾ’ ਹੋਵੇ ਜਾਂ ਫਿਲਮ ‘ਪਿੰਕ’ ਤਾਪਦੀ ਚੰਗਾ ਅਭਿਨੈ ਕਰ ਕੇ ਲੋਕਾਂ ਦੇ ਦਿਲ 'ਚ ਹਮੇਸ਼ਾ ਜਗ੍ਹਾ ਬਣਾਈ ਰੱਖਦੀ ਹੈ। ਖਾਸ ਗੱਲ ਇਹ ਹੈ ਕਿ ਉਸ ਨੇ ਸਿਰਫ ਹਿੰਦੀ ਨਹੀਂ, ਕੰਨੜ, ਤਮਿਲ, ਤੇਲਗੂ ਅਤੇ ਹੋਰ ਕਈ ਭਾਸ਼ਾਵਾਂ ਦੀਆਂ ਫਿਲਮਾਂ ਵਿੱਚ ਖੂਬ ਨਾਂਅ ਕਮਾਇਆ ਹੈ। ਤਾਪਸੀ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਤੇਲਗੂ ਫਿਲਮ ‘ਝੂਮੰਡੀ ਨਾਦਮ’ ਨਾਲ ਕੀਤੀ। ਉਸ ਦੀ ਦੂਸਰੀ ਫਿਲਮ ਤਮਿਲ ‘ਆਦੁਕਾਲਮ’ ਸੀ ਜਿਸ ਵਿੱਚ ਉਹ ਧਨੁਸ਼ ਦੇ ਆਪੋਜ਼ਿਟ ਨਜ਼ਰ ਆਈ। 2013 ਵਿੱਚ ਉਹ ਬਾਲੀਵੁੱਡ ਵੱਲ ਆਈ ਤੇ ਉਸ ਨੇ ਫਿਲਮ ‘ਚਸ਼ਮੇਬੱਦੁਰ’ ਨਾਲ ਆਪਣੀ ਡੈਬਿਊ ਕੀਤਾ। ਅਗਲੇ ਹੀ ਸਾਲ ‘ਬੇਬੀ’ ਵਿੱਚ ਉਸ ਨੇ ਤੇਜ਼-ਤਰਾਰ ਖੁਫੀਆ ਏਜੰਟ ਦਾ ਸ਼ਾਨਦਾਰ ਰੋਲ ਕੀਤਾ। ਫਿਲਮ ‘ਪਿੰਕ’ ਵਿੱਚ ਵੀ ਉਹ ਆਪਣੀ ਅਦਾਕਾਰੀ ਨਾਲ ਛਾ ਗਈ। ਆਉਣ ਵਾਲੀਆਂ ਫਿਲਮਾਂ ਵਿੱਚ ‘ਹਸੀਨ ਦਿਲਰੂਬਾ' ਅਤੇ ‘ਰਸ਼ਮੀ ਰਾਕੇਟ' ਸ਼ਾਮਲ ਹਨ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਮੁੱਖ ਅੰਸ਼ :
* ਤਾਪਸੀ ਤੁਹਾਨੂੰ ਬਚਪਨ 'ਚ ਮਾਂ ਕੋਲੋਂ ਕੋਈ ਸਲਾਹ ਮਿਲੀ ਸੀ?
-ਮੇਰੀ ਮਾਂ ਦਾ ਡਾਇਲਾਗ ਸੀ ਇੱਕ ਚੁੱਪ ਸੌ ਸੁੱਖ, ਜਦੋਂ ਵੀ ਝਿੜਕਾਂ ਪੈਂਦੀਆਂ ਜਾਂ ਤੁਹਾਨੂੰ ਕੋਈ ਸੁਣਾ ਰਿਹਾ ਹੋਵੇ, ਤੁਹਾਡਾ ਜਵਾਬ ਦੇਣ ਦਾ ਮਨ ਹੋਵੇ ਤਾਂ ਇਹ ਗੱਲ ਯਾਦ ਰੱਖਣੀ। ਹਾਲਾਂਕਿ ਮੈਂ ਆਪਣੀ ਮਾਂ ਦੀ ਗੱਲ ਕਦੇ ਨਹੀਂ ਮੰਨੀ। ਜੇ ਮੰਨਦੀ ਤਾਂ ਇਥੇ ਨਾ ਹੁੰਦੀ। ਮੈਂ ਹਮੇਸ਼ਾ ਆਪਣੇ ਘਰ 'ਚ ਬਲੈਕ ਹਾਰਸ ਸੀ। ਮੈਂ ਸਵਾਲ ਕਰਦੀ ਸੀ, ਮੈਂ ਕਿਉਂ ਚੁੱਪ ਰਹਾਂ।
* ਤੁਸੀਂ ਸ਼ਾਰਟ ਟੈਂਪਰ ਹੋ ਜਾਂ ਸਹਿਣ ਸ਼ਕਤੀ ਹੈ ਤੁਹਾਡੇ 'ਚ?
-ਇਸ ਫਿਲਮ ਨਗਰੀ ਵਿੱਚ ਆ ਕੇ ਬਹੁਤ ਸ਼ਹਿਣਸ਼ੀਲਤਾ ਆ ਗਈ ਹੈ। ਪਹਿਲਾਂ ਨਹੀਂ ਸੀ। ਪਹਿਲਾਂ ਬਹੁਤ ਸ਼ਾਰਟ ਟੈਂਪਰ ਸੀ। ਹਾਈਪਰ ਵੀ ਸੀ। ਅੱਜਕੱਲ੍ਹ ਨਹੀਂ ਹਾਂ। ਇੱਕ ਉਮਰ ਦਾ ਤਕਾਜਾ ਹੁੰਦਾ ਹੈ। ਅਸੀਂ ਔਰਤਾਂ ਤਾਂ ਆਦਮੀਆਂ ਦੀ ਤੁਲਨਾ ਵਿੱਚ ਜਲਦੀ ਮੈਚਿਓਰ ਹੋ ਜਾਂਦੀਆਂ ਹਾਂ। ਇੰਡਸਟਰੀ ਵਿੱਚ ਜਦੋਂ ਤੁਸੀਂ ਕੰਮ ਕਰਦੇ ਹੋ, ਕੋਈ ਸਪੋਰਟ ਸਿਸਟਮ ਨਹੀਂ ਹੁੰਦਾ ਤਾਂ ਗਲਤੀਆਂ ਤੋਂ ਸਿੱਖ-ਸਿੱਖ ਕੇ ਤੁਸੀਂ ਮੈਚਿਓਰ ਹੋ ਜਾਂਦੇ ਹੋ।
* ਕਿਹੜੀ ਚੀਜ਼ ਜੋ ਤੁਹਾਨੂੰ ਪ੍ਰੇਸ਼ਾਨ ਕਰਦੀ ਹੈ? ਕੀ ਤੁਹਾਨੂੰ ਲੱਗਦਾ ਹੈ ਕਿ ਜ਼ਿੰਦਗੀ ਬਹੁਤ ਨਿਰਦਈ ਹੈ?
-ਜਦੋਂ ਲੋਕ ਠੀਕ ਤਰ੍ਹਾਂ ਨਾਲ ਆਪਣਾ ਕੰਮ ਨਹੀਂ ਕਰਦੇ। ਸਾਡੇ ਇਥੇ ਕੰਮ ਦੀ ਵੈਸੇ ਵੀ ਕਮੀ ਹੈ। ਤੁਸੀਂ ਜਿਸ ਕੰਮ ਨੂੰ ਤਵੱਜੋਂ ਨਹੀਂ ਦੇ ਰਹੇ ਹੋ, ਲੋਕ ਉਸ ਨੂੰ ਲੈਣ ਲਈ ਬਹੁਤ ਮਿਹਨਤ ਕਰਦੇ ਹਨ। ਜੋ ਲੋਕ ਆਪਣੇ ਕੰਮ ਨੂੰ ਹਲਕੇ 'ਚ ਲੈਂਦੇ ਹਨ, ਮੈਨੂੰ ਅਜਿਹੇ ਲੋਕ ਪਸੰਦ ਨਹੀਂ। ਜੇ ਤੁਸੀਂ ਉਮੀਦ ਲਾਈ ਹੈ ਕਿ ਜ਼ਿੰਦਗੀ ਫੇਅਰ ਹੋਵੇਗੀ ਤਾਂ ਤੁਸੀਂ ਨਿਰਾਸ਼ ਹੁੰਦੇ ਹੋ। ਗਲਤੀ ਵੀ ਤੁਹਾਡੀ ਹੈ, ਜੋ ਅਜਿਹਾ ਸੋਚਦੇ ਹੋ। ਅਨਫੇਅਰ ਦਾ ਰੋਣਾ ਰੋਂਦੇ ਰਹੋ ਜਾਂ ਉਸ ਤੋਂ ਸਿੱਖ ਲਓ। ਇਹ ਤੁਹਾਡੇ 'ਤੇ ਨਿਰਭਰ ਕਰਦਾ ਹੈ।
* ਤੁਹਾਡੇ ਲਈ ਫੈਮਿਨਿਜ਼ਮ ਕੀ ਹੈ?
- ਬੱਸ ਮੈਨੂੰ ਬਰਾਬਰੀ ਦਾ ਹੱਕ ਚਾਹੀਦਾ ਹੈ। ਹੋਰ ਕੁਝ ਨਹੀਂ। ਮੈਂ ਔਰਤ ਹਾਂ ਮੈਨੂੰ ਵਧੇਰੇ ਚੀਜ਼ਾਂ ਨਾ ਦਿਓ, ਪਰ ਔਰਤ ਹੋਣ ਦੇ ਨਾਤੇ ਮੇਰੇ ਹੱਕ ਨਾ ਖੋਹੋ। ਮੇਰੀ ਪ੍ਰਤਿਭਾ ਨਾਲ ਮੈਨੂੰ ਜੱਜ ਕਰੋ ਅਤੇ ਉਸ ਅਨੁਸਾਰ ਮੈਨੂੰ ਮੌਕਾ ਦਿਓ।
* ਤੁਹਾਡੀਆਂ ਫਿਊਚਰ ਫਿਲਮਾਂ ਕਿਹੜੀਆਂ-ਕਿਹੜੀਆਂ ਹਨ?
- ‘ਹਸੀਨ ਦਿਲਰੁਬਾ’ ਦੇ ਬਾਅਦ ਮੈਂ ‘ਰਸ਼ਮੀ ਰਾਕੇਟ’ ਕਰਾਂਗੀ। ਉਸ 'ਚ ਮੈਂ ਸਪ੍ਰਿੰਟਰ ਹਾਂ। ਤਿੰਨ ਮਹੀਨੇ ਦੀ ਟਰੇਨਿੰਗ ਸੀ। ਡਾਈਟ, ਫੀਜ਼ਿਓ, ਐਥਲੀਟ ਟਰੇਨਿੰਗ, ਜਿਮ ਟਰੇਨਿੰਗ, ਰੋਜ਼ ਘੰਟੇ ਦੀ ਟਰੇਨਿੰਗ ਕੀਤੀ। ਟਰੇਨਿੰਗ ਪਿੱਛੋਂ ਫਿਲਮ ‘ਹਸੀਨ ਦਿਲਰੁਬਾ’ ਦੀ ਸ਼ੂਟਿੰਗ ਹੈ। ਇਹ ਪੂਰਾ ਸਾਲ ਮੈਂ ਟਰੇਨਿੰਗ ਕਰਾਂਗੀ। ਫਿਲਮ ‘ਰਸ਼ਮੀ ਰਾਕੇਟ’ ਪਿੱਛੋਂ ਮਿਤਾਲੀ ਦੀ ਬਾਇਓਪਿਕ ਲਈ ਟਰੇਨਿੰਗ ਕਰਾਂਗੀ। ਕ੍ਰਿਕਟ ਦੀ ਟਰੇਨਿੰਗ ਲਵਾਂਗੀ। ਉਮੀਦ ਹੈ ਕਿ ਮਿਤਾਲੀ ਨੂੰ ਨਿਰਾਸ਼ ਨਹੀਂ ਕਰਾਂਗੀ।
* ਕੰਗਣਾ ਅਤੇ ਉਸ ਦੀ ਭੈਣ ਰੰਗੋਲੀ ਅਕਸਰ ਤੁਹਾਡੇ 'ਤੇ ਦੋਸ਼ ਲਾਉਂਦੇ ਰਹਿੰਦੇ ਹਨ। ਕੀ ਕਹਿਣਾ ਚਾਹੋਗੇ?
- ਮੈਂ ਇਹ ਸਭ ਸੋਚ ਕੇ ਆਪਣਾ ਬਲੱਡਪ੍ਰੈਸ਼ਰ ਹਾਈ ਨਹੀਂ ਕਰਦੀ। ਤੁਹਾਨੂੰ ਮੈਨੂੰ ਦੁਖੀ ਕਰਨ ਜਾਂ ਸੱਟ ਪੁਚਾਉਣ ਦੇ ਲਈ ਮੇਰੀ ਜ਼ਿੰਦਗੀ ਦੇ ਨੇੜੇ ਹੋਣਾ ਪਵੇਗਾ। ਬਾਹਰੋਂ ਬੈਠ ਕੇ ਤੁਸੀਂ ਮੈਨੂੰ ਗਾਲ੍ਹਾਂ ਦਿਓਗੇ ਤਾਂ ਮੈਨੂੰ ਬੁਰਾ ਨਾ ਲੱਗੇਗਾ। ਮੈਨੂੰ ਹਾਸਾ ਆਵੇਗਾ। ਇੱਕ ਹੀ ਲਾਈਫ ਮਿਲੀ ਹੈ। ਉਸ ਵਿੱਚ ਬਹੁਤ ਚੰਗਾ ਕਰਨਾ ਹੈ। ਇਸ ਸਭ 'ਚ ਖੂਨ ਨਹੀਂ ਸਾੜਨਾ।

Have something to say? Post your comment