ਬਰੈਂਪਟਨ, (ਡਾ. ਝੰਡ) -ਪੈਰਿਟੀ ਸੀਨੀਅਰਜ਼ ਕਲੱਬ ਦੇ ਪ੍ਰਧਾਨ ਕੈਪਟਨ ਇਕਬਾਲ ਸਿੰਘ ਵਿਰਕ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਦੀ ਕਲੱਬ ਦੇ ਮੈਂਬਰਾਂ ਨੇ ਪਹਿਲੀ ਜੁਲਾਈ ਵਾਲੇ ਦਿਨ ਪੈਰੀ ਰੋਡ ਨੇੜਲੇ ਜੈਨਿਗਸ ਪਾਰਕ ਵਿਚ ਸਵੇਰੇ 9.00 ਵਜੇ ਇਕੱਠ ਹੋ ਕੇ 'ਕੈਨੇਡਾ ਡੇਅ' ਮਨਾਇਆ। ਇਸ ਮੌਕੇ ਕਲੱਬ ਦੇ ਮੈਂਬਰਾਂ ਵੱਲੋਂ ਕੈਨੇਡਾ ਦੇ ਚਾਰ ਕੌਮੀ ਝੰਡੇ ਝੁਲਾਏ ਗਏ ਅਤੇ ਕੈਪਟਨ ਵਿਰਕ ਸਮੇਤ ਭਾਰਤ ਦੇ ਤਿੰਨ ਸਾਬਕਾ ਫ਼ੌਜੀਆਂ ਨੇ ਝੰਡੇ ਨੂੰ ਸਲਾਮੀ ਦਿੱਤੀ। ਇਸ ਸਾਲ ਕਰੋਨਾ ਮਹਾਂਮਾਰੀ ਦੇ ਚੱਲ ਰਹੇ ਪ੍ਰਕੋਪ ਹੋਣ ਕਾਰਨ ਕਲੱਬ ਦੇ ਬਹੁਤੇ ਮੈਂਬਰ ਇਸ ਸਮਾਗ਼ਮ ਵਿਚ ਭਾਗ ਨਾ ਲੈ ਸਕੇ ਅਤੇ ਇਸ ਦੇ ਕੇਵਲ 10 ਮੈਂਬਰਾਂ ਨੇ ਹੀ ਝੰਡਾ ਝੁਲਾਉਣ ਦੀ ਇਸ ਰਸਮ ਵਿਚ ਹਿੱਸਾ ਲਿਆ।
ਇੱਥੇ ਇਹ ਜਿ਼ਕਰਯੋਗ ਹੈ ਕਿ ਪਿਛਲੇ ਸਾਲ ਇਸ ਪਾਰਕ ਵਿਚ ਕਲੱਬ ਦੇ ਲੱਗਭੱਗ 350 ਮੈਂਬਰਾਂ ਦਾ ਇਸ ਮੌਕੇ ਭਾਰੀ ਇਕੱਠ ਹੋਇਆ ਸੀ। ਇਸ ਸਮਾਗ਼ਮ ਵਿਚ ਬਰੈਂਪਟਨ ਦੇ ਪਾਰਲੀਮੈਂਟ ਮੈਂਬਰਾਂ, ਓਨਟਾਰੀਓ ਸੂਬੇ ਅਤੇ ਸਿਟੀ ਕਾਊਂਸਲ ਦੇ ਚੁਣੇ ਹੋਏ ਨੁਮਾਇੰਦਿਆਂ ਨੇ ਵੀ ਸਿ਼ਰਕਤ ਕੀਤੀ ਸੀ। ਉਸ ਸਮਾਗ਼ਮ ਦੌਰਾਨ ਕਈ ਬਰੈਂਪਟਨ ਸ਼ਹਿਰ ਦੀਆਂ ਕਈ ਮਾਣਯੋਗ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਸੀ। ਸਮਾਗ਼ਮ ਵਿਚ ਕੈਨੇਡਾ ਦੇ 40 ਝੰਡੇ ਝੁਲਾਏ ਗਏ ਸਨ ਜੋ ਸਮਾਗ਼ਮ ਦੀ ਸਮਾਪਤੀ 'ਤੇ ਲੋਕਾਂ ਨੂੰ ਵੰਡ ਦਿੱਤੇ ਗਏ ਸਨ ਅਤੇ ਉਨ੍ਹਾਂ ਨੇ ਜਾ ਕੇ ਇਹ ਆਪਣੇ ਘਰਾਂ ਦੇ ਸਾਹਮਣੇ ਲਗਾਏ ਸਨ। ਇਸ ਵਾਰ ਕਰੋਨਾ ਮਹਾਂਮਾਰੀ ਦੇ ਕਾਰਨ ਸਮੇਂ ਦੀ ਲੋੜ ਨੂੰ ਮੁੱਖ ਰੱਖਦਿਆਂ ਇਹ ਸਮਾਗ਼ਮ ਬਿਲਕੁਲ ਸਾਦੇ ਤਰੀਕੇ ਨਾਲ ਮਨਾਇਆ ਗਿਆ ਅਤੇ ਸਥਾਨਕ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਹੋਇਆਂ ਕਲੱਬ ਦੇ ਮੈਂਬਰਾਂ ਬਹੁਤਾ ਇਕੱਠ ਨਹੀਂ ਕੀਤਾ ਗਿਆ।