ਓਟਵਾ, 6 ਜੁਲਾਈ (ਪੋਸਟ ਬਿਊਰੋ) : ਪਿਛਲੇ ਹਫਤੇ ਰੀਡੋ ਹਾਲ ਦੇ ਗੇਟ ਵਿੱਚ ਟਰੱਕ ਮਾਰਨ ਤੋਂ ਬਾਅਦ ਅੰਦਰ ਦਾਖਲ ਹੋਣ ਵਾਲੇ ਵਿਅਕਤੀ ਕੋਲ ਦੋ ਸ਼ਾਟਗੰਨਜ਼, ਇੱਕ ਰਾਈਫਲ ਤੇ ਇੱਕ ਰਿਵਾਲਵਰ ਸੀ। ਉਸ ਉੱਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਮਾਰਨ ਜਾਂ ਸਰੀਰਕ ਨੁਕਸਾਨ ਪਹੁੰਚਾਉਣ ਦਾ ਇਰਾਦਾ ਰੱਖਣ ਦਾ ਵੀ ਦੋਸ਼ ਹੈ।
ਨਵੇਂ ਜਾਰੀ ਕੀਤੇ ਗਏ ਅਦਾਲਤੀ ਹੁਕਮਾਂ ਵਿੱਚ ਕੈਨੇਡੀਅਨ ਫੋਰਸਿਜ਼ ਦੇ ਮੈਂਬਰ ਕੋਰੀ ਹੁਰੇਨ ਖਿਲਾਫ ਲਾਏ ਗਏ ਚਾਰਜਿਜ਼ ਦਾ ਵੇਰਵਾ ਦਿੱਤਾ ਗਿਆ ਹੈ। ਆਰਸੀਐਮਪੀ ਅਧਿਕਾਰੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਹੁਰੇਨ ਦੇ ਕੋਲ ਪਾਬੰਦੀਸ਼ੁਦਾ ਐਮ-14 ਰਾਈਫਲ, ਸ਼ਾਟਗੰਨ ਤੇ ਆਲ੍ਹਾ ਦਰਜੇ ਦਾ ਰਿਵਾਲਵਰ ਸੀ। ਦਸਤਾਵੇਜ਼ਾਂ ਵਿੱਚ ਆਖਿਆ ਗਿਆ ਹੈ ਕਿ ਉਸ ਕੋਲ ਰਾਈਫਲ ਲਈ ਲਾਇਸੰਸ ਸੀ, ਜਿਸ ਤੋਂ ਮਤਲਬ ਹੈ ਕਿ ਹਥਿਆਰ ਉੱਤੇ ਪਾਬੰਦੀ ਲਾਏ ਜਾਣ ਤੋਂ ਪਹਿਲਾਂ ਹੀ ਉਸ ਕੋਲ ਜਾਂ ਉਸ ਦੇ ਨੇੜਲੇ ਪਰਿਵਾਰਕ ਮੈਂਬਰ ਕੋਲ ਉਹ ਰਾਈਫਲ ਸੀ ਪਰ ਰਿਵਾਲਵਰ ਲਈ ਲਾਇਸੰਸ ਨਹੀਂ ਸੀ। ਮੈਨੀਟੋਬਾ ਵਾਸੀ ਕੋਲ ਬਿਨਾਂ ਲਾਇਸੰਸ ਦੇ ਹਾਈ ਕਪੈਸਿਟੀ ਮੈਗਜ਼ੀਨ ਵੀ ਸੀ।
ਹਥਿਆਰਾਂ ਨਾਲ ਸਬੰਧਤ 21 ਚਾਰਜਿਜ਼ ਤੋਂ ਇਲਾਵਾ ਹੁਰੇਨ ਉੱਤੇ ਪ੍ਰਧਾਨ ਮੰਤਰੀ ਨੂੰ ਜਾਨੋਂ ਮਾਰਨ ਜਾਂ ਸਰੀਰਕ ਨੁਕਸਾਨ ਪਹੁੰਚਾਉਣ ਦਾ ਇਰਾਦਾ ਰੱਖਣ ਦਾ ਦੋਸ਼ ਵੀ ਹੈ। ਫੌਜ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਹੁਰੇਨ ਕੈਨੇਡੀਅਨ ਰੇਂਜਰਜ਼ ਵਿੱਚ ਰਿਜ਼ਰਵਿਸਟ ਹੈ, ਜਿਸ ਕੋਲ ਕੋਵਿਡ-19 ਮਹਾਂਮਾਰੀ ਦੌਰਾਨ ਮਦਦ ਲਈ ਉਲੀਕੇ ਪ੍ਰੋਗਰਾਮ ਸਬੰਧੀ ਫੱੁਲ ਟਾਈਮ ਡਿਊਟੀ ਹੈ।
ਆਰਸੀਐਮਪੀ ਨੇ ਦੱਸਿਆ ਕਿ ਹੁਰੇਨ ਨੇ ਪਿਛਲੇ ਵੀਰਵਾਰ ਓਟਵਾ ਵਿੱਚ ਰੀਡੋ ਹਾਲ ਦੇ ਗੇਟ ਵਿੱਚ ਗੱਡੀ ਮਾਰੀ। ਜਿਸ ਥਾਂ ਇਹ ਘਟਨਾ ਵਾਪਰੀ ਉਹ ਥਾਂ ਗਵਰਨਰ ਜਨਰਲ ਦੀ ਸਰਕਾਰੀ ਰਿਹਾਇਸ਼ ਤੋਂ ਕੋਈ ਬਹੁਤੀ ਦੂਰ ਨਹੀਂ, ਟਰੂਡੋ ਤੇ ਉਨ੍ਹਾਂ ਦਾ ਪਰਿਵਾਰ ਵੀ 24 ਸਸੈਕਸ ਡਰਾਈਵ ਵਿੱਚ ਮੁਰੰਮਤ ਦਾ ਕੰਮ ਚੱਲਣ ਕਾਰਨ, ਇੱਥੇ ਹੀ ਰਹਿ ਰਿਹਾ ਹੈ। ਹੁਰੇਨ ਆਪਣੀ ਗੱਡੀ ਵਿੱਚੋਂ ਨਿਕਲ ਕੇ ਸਿੱਧਾ ਟਰੂਡੋ ਦੀ ਰਿਹਾਇਸ਼ ਵੱਲ ਵਧਿਆ। ਪੁਲਿਸ ਨੇ ਉਸ ਨੂੰ ਵਿਚਾਲੇ ਹੀ ਰੋਕ ਲਿਆ ਤੇ ਕਿਸੇ ਨੂੰ ਨੁਕਸਾਨ ਪਹੁੰਚਣ ਤੋਂ ਪਹਿਲਾਂ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।