ਟਰੂਡੋ ਨੇ ਸਹਿਯੋਗ ਦੇਣ ਦਾ ਦਿਵਾਇਆ ਭਰੋਸਾ
ਓਟਵਾ, 5 ਜੁਲਾਈ (ਪੋਸਟ ਬਿਊਰੋ) : ਫੈਡਰਲ ਐਥਿਕਸ ਕਮਿਸ਼ਨਰ ਵੱਲੋਂ ਵੁਈ ਚੈਰਿਟੀ ਦੇ 900 ਮਿਲੀਅਨ ਡਾਲਰ ਦੇ ਫੈਡਰਲ ਪ੍ਰੋਗਰਾਮ ਨੂੰ ਮੈਨੇਜ ਕਰਨ ਦੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਭਾਵੇਂ ਇਸ ਚੈਰਿਟੀ ਨਾਲ ਹੋਈ ਡੀਲ ਨੂੰ ਸਰਕਾਰ ਵੱਲੋਂ ਰੱਦ ਕਰ ਦਿੱਤਾ ਗਿਆ ਹੈ ਪਰ ਇਸ ਚੈਰਿਟੀ ਨਾਲ ਸਬੰਧ ਹੋਣ ਕਾਰਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਜਾਂਚ ਦੇ ਘੇਰੇ ਵਿੱਚ ਆ ਗਏ ਹਨ। ਇਸ ਫੈਡਰਲ ਪ੍ਰੋਗਰਾਮ ਤਹਿਤ ਗਰਮੀਆਂ ਵਿੱਚ ਵਾਲੰਟੀਅਰ ਵਰਕ ਕਰਨ ਬਦਲੇ ਵਿਦਿਆਰਥੀਆਂ ਤੇ ਗ੍ਰੇਜੂਏਸ਼ਨ ਮੁਕੰਮਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਿੱਤੀ ਮਦਦ ਦਿੱਤੀ ਜਾਣੀ ਸੀ।
ਪ੍ਰਧਾਨ ਮੰਤਰੀ ਆਫਿਸ ਤੋਂ ਤਰਜ਼ਮਾਨ ਚੈਂਟਲ ਗੈਗਨੌਨ ਨੇ ਆਖਿਆ ਕਿ ਟਰੂਡੋ ਵੱਲੋਂ ਇਸ ਜਾਂਚ ਵਿੱਚ ਪੂਰਾ ਸਹਿਯੋਗ ਦੇਣ ਦਾ ਵਾਅਦਾ ਕੀਤਾ ਗਿਆ ਹੈ। ਕਈ ਦਿਨ ਵਿਵਾਦਾਂ ਵਿੱਚ ਰਹਿਣ ਤੋਂ ਬਾਅਦ ਭਾਵੇਂ ਇਸ ਚੈਰਿਟੀ ਨੇ ਇਸ ਪ੍ਰੋਗਰਾਮ ਦੀ ਮੈਨੇਜਮੈਂਟ ਤੋਂ ਕਿਨਾਰਾ ਕਰ ਲਿਆ ਹੈ ਪਰ ਐਥਿਕਸ ਕਮਿਸ਼ਨਰ ਮਾਰੀਓ ਡਿਓਨ ਨੇ ਆਖਿਆ ਕਿ ਕੰਜ਼ਰਵੇਟਿਵ ਐਮਪੀ ਮਾਈਕਲ ਬੈਰੇਟ ਵੱਲੋਂ ਕੌਨਫਲਿਕਟ ਆਫ ਇੰਟਰਸਟ ਐਕਟ ਤਹਿਤ ਜਾਂਚ ਦੀ ਮੰਗ ਕੀਤੀ ਗਈ ਹੈ, ਜਿਸ ਨੂੰ ਪੂਰਾ ਕੀਤਾ ਜਾ ਰਿਹਾ ਹੈ।
ਬੈਰੇਟ ਵੱਲੋਂ ਇਹ ਦੋਸ਼ ਲਾਇਆ ਗਿਆ ਸੀ ਕਿ ਟਰੂਡੋ ਨੇ ਐਕਟ ਵਿਚਲੇ ਪ੍ਰਾਵਧਾਨ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਆਖਿਆ ਕਿ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਪਤਨੀ ਦੇ ਵੁਈ ਚੈਰਿਟੀ ਨਾਲ ਨੇੜਲੇ ਸਬੰਧ ਹਨ। ਕੈਨੇਡਾ ਸਟੂਡੈਂਟ ਸਰਵਿਸ ਗ੍ਰਾਂਟ ਨੂੰ ਮੈਨੇਜ ਕਰਨ ਬਾਰੇ ਜਦੋਂ ਵੁਈ ਚੈਰਿਟੀ ਨੂੰ ਮੂਹਰੇ ਕੀਤਾ ਗਿਆ ਤਾਂ ਟਰੂਡੋ ਵੱਲੋਂ ਐਕਟ ਦੀ ਉਲੰਘਣਾ ਕੀਤੀ ਗਈ। ਬੈਰੇਟ ਨੇ ਇਹ ਦੋਸ਼ ਵੀ ਲਾਇਆ ਕਿ ਟਰੂਡੋ ਨੇ ਇਸ ਐਕਟ ਦੀ ਇੱਕ ਹੋਰ ਉਲੰਘਣਾ ਉਦੋਂ ਕੀਤੀ ਜਦੋਂ ਉਨ੍ਹਾਂ ਆਖਿਆ ਕਿ ਇਸ ਪ੍ਰੋਗਰਾਮ ਨੂੰ ਚਲਾਉਣ ਦੇ ਸਿਰਫ ਵੁਈ ਆਰਗੇਨਾਈਜ਼ੇਸ਼ਨ ਹੀ ਯੋਗ ਹੈ, ਜਦਕਿ ਹੋਰ ਨੈਸ਼ਨਲ ਵਾਲੰਟੀਅਰ ਆਰਗੇਨਾਈਜ਼ੇਸ਼ਨਜ਼ ਵੀ ਹਨ ਜਿਹੜੀਆਂ ਇਸ ਪ੍ਰੋਗਰਾਮ ਨੂੰ ਚਲਾ ਸਕਦੀਆਂ ਸਨ।