ਓਟਵਾ, 5 ਜੁਲਾਈ (ਪੋਸਟ ਬਿਊਰੋ) : ਓਨਟਾਰੀਓ ਦੀ ਪ੍ਰੋਵਿੰਸ਼ੀਅਲ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਪਰਥ, ਓਨਟਾਰੀਓ ਨੇੜੇ ਕੈਂਪਗ੍ਰਾਊਂਡ ਵਿੱਚ ਹੋਏ ਧਮਾਕੇ ਵਿੱਚ ਇੱਕ ਸੱਤ ਸਾਲਾ ਬੱਚਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।
ਪਰਸੋਂ ਰਾਤੀਂ ਵਾਪਰੀ ਇਸ ਘਟਨਾ ਤੋਂ ਬਾਅਦ ਦੋ ਹੋਰ ਵਿਅਕਤੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਕੱਲ੍ਹ ਸਵੇਰੇ ਇੱਕ ਪ੍ਰੈਸ ਰਲੀਜ਼ ਵਿੱਚ ਲੈਨਾਰਕ ਕਾਊਂਟੀ ਓਪੀਪੀ ਨੇ ਦੱਸਿਆ ਕਿ ਉਨ੍ਹਾਂ ਨੂੰ ਪਰਸੋਂ ਰਾਤੀਂ 10:30 ਵਜੇ ਦੇ ਨੇੜੇ ਤੇੜੇ ਕ੍ਰਿਸਟੀ ਲੇਕ ਨੌਰਥ ਸੋ਼ਰ ਰੋਡ ਉੱਤੇ ਸਥਿਤ ਟੇਅ ਰਿਵਰ ਟੈਂਟ ਐਂਡ ਟਰੇਲਰ ਪਾਰਕ ਵਿਖੇ ਸੱਦਿਆ ਗਿਆ। ਉਹ ਬਾਥਰਸਟ, ਬਰਜੈਸ, ਡਰੰਮੰਡ-ਨੌਰਥ ਐਲਮਸਲੇਅ ਫਾਇਰ ਡਿਪਾਰਟਮੈਂਟ ਦੀ ਮਦਦ ਲਈ ਇੱਥੇ ਪਹੁੰਚੇ।
ਪੁਲਿਸ ਨੇ ਆਖਿਆ ਕਿ ਕੈਂਪਫਾਇਰ ਉੱਤੇ ਜ਼ਮੀਨ ਵਿੱਚ ਦਫਨ ਪ੍ਰੋਪੇਨ ਸਿਲੰਡਰ ਵਿੱਚ ਹੋਏ ਧਮਾਕੇ ਕਾਰਨ ਇਹ ਹਾਦਸਾ ਵਾਪਰਿਆ। ਲੈਨਾਰਕ ਕਾਊਂਟੀ ਓਪੀਪੀ ਕਾਂਸਟੇਬਲ ਲੋਰੀ ਲੋਬੀਨੋਵਿਚ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਅਜੇ ਜਾਰੀ ਹੈ। ਉਨ੍ਹਾਂ ਦੱਸਿਆ ਕਿ ਬੱਚੇ ਸਮੇਤ ਦੋਵੇਂ ਵਿਅਕਤੀ ਬੁਰੀ ਤਰ੍ਹਾਂ ਝੁਲਸ ਗਏ। ਬੱਚੇ ਦੇ ਸ਼ਰੀਰ ਦੇ ਵੱਡੇ ਹਿੱਸੇ ਨੂੰ ਨੁਕਸਾਨ ਪਹੁੰਚਿਆ ਹੈ ਤੇ ਉਸ ਨੂੰ ਅਜੇ ਹਸਪਤਾਲ ਹੀ ਰੱਖਿਆ ਗਿਆ ਹੈ ਜਦਕਿ ਬਾਕੀ ਦੋਵਾਂ ਵਿਅਕਤੀਆਂ ਨੂੰ ਇਲਾਜ ਤੋਂ ਬਾਅਦ ਛੱੁਟੀ ਦੇ ਦਿੱਤੀ ਗਈ ਹੈ।