ਵੈਨਕੂਵਰ, 3 ਜੁਲਾਈ (ਪੋਸਟ ਬਿਊਰੋ) : ਹੈਲਥ ਅਧਿਕਾਰੀਆਂ ਵੱਲੋਂ ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ ਵਾਇਵੀਆਰ (YVR) ਉੱਤੇ ਪਿੱਛੇ ਜਿਹੇ ਲੈਂਡ ਕੀਤੇ ਤਿੰਨ ਜਹਾਜ਼ਾਂ ਦੇ ਯਾਤਰੀਆਂ ਨੂੰ ਕੋਵਿਡ-19 ਦੇ ਲੱਛਣਾਂ ਦਾ ਧਿਆਨ ਰੱਖਣ ਲਈ ਆਖਿਆ ਜਾ ਰਿਹਾ ਹੈ।
ਦ ਬੀਸੀ ਸੈਂਟਰ ਫੌਰ ਡਜ਼ੀਜ਼ ਕੰਟਰੋਲ (The B.C. Centre for Disease Control) ਵੱਲੋਂ ਇਹ ਨਹੀਂ ਦੱਸਿਆ ਜਾ ਰਿਹਾ ਕਿ ਜਹਾਜ਼ਾਂ ਦੀਆਂ ਕਿਹੜੀਆਂ ਸੀਟਾਂ ਕੋਵਿਡ-19 ਪ੍ਰਭਾਵਿਤ ਵਿਅਕਤੀਆਂ ਕੋਲ ਸਨ। ਨਤੀਜੇ ਵਜੋਂ, ਜਹਾਜ਼ ਵਿੱਚ ਸਵਾਰ ਸਾਰੇ ਯਾਤਰੀਆਂ ਨੂੰ ਹੀ ਵੈਨਕੂਵਰ ਲੈਂਡ ਕਰਨ ਤੋਂ ਲੈ ਕੇ ਆਉਣ ਵਾਲੇ ਦੋ ਹਫਤਿਆਂ ਲਈ ਖੁਦ ਨੂੰ ਸੈਲਫ ਆਈਸੋਲੇਟ ਕਰਨ ਲਈ ਆਖਿਆ ਜਾ ਰਿਹਾ ਹੈ।
ਪ੍ਰਭਾਵਿਤ ਉਡਾਨਾਂ ਹੇਠ ਲਿਖੇ ਅਨੁਸਾਰ ਹਨ:
ਜੂਨ 16 ਨੂੰ ਸਸਕਾਟੂਨ ਤੋਂ ਆਈ ਏਅਰ ਕੈਨੇਡਾ ਦੀ ਉਡਾਨ 217
ਜੂਨ 18 ਨੂੰ ਲਾਸ ਏਂਜਲਸ ਤੋਂ ਆਈ ਏਅਰ ਕੈਨੇਡਾ ਦੀ ਉਡਾਨ 557
ਜੂਨ 21 ਨੂੰ ਟੋਰਾਂਟੋ ਤੋਂ ਗਈ ਫਲੇਅਰ ਏਅਰਲਾਈਨਜ਼ ਦੀ ਉਡਾਨ 8102
ਇਨ੍ਹਾਂ ਜਹਾਜ਼ਾਂ ਦੇ ਯਾਤਰੀਆਂ ਨਾਲ ਸਿੱਧੇ ਤੌਰ ਉਤੇ ਸੰਪਰਕ ਨਹੀਂ ਕੀਤਾ ਜਾ ਸਕਦਾ ਕਿਉਂਕਿ ਹੈਲਥ ਅਧਿਕਾਰੀਆਂ ਵੱਲੋਂ ਇਹ ਸਿਲਸਿਲਾ ਮਾਰਚ ਵਿੱਚ ਹੀ ਬੰਦ ਕਰ ਦਿੱਤਾ ਗਿਆ ਸੀ। ਸਾਰੀਆਂ ਏਅਰਲਾਈਨਜ਼ ਦੇ ਯਾਤਰੀਆਂ ਨੂੰ ਨਿਯਮਿਤ ਤੌਰ ਉੱਤੇ ਬੀਸੀ ਪਹੁੰਚਣ ਤੋਂ ਬਾਅਦ ਬੀਸੀਸੀਡੀਸੀ ਦੀ ਵੈਬਸਾਈਟ ਨੂੰ ਦੋ ਹਫਤਿਆਂ ਤੱਕ ਚੈਕ ਕਰਦੇ ਰਹਿਣ ਲਈ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਨ੍ਹਾਂ ਨੇ ਜਿਸ ਜਹਾਜ਼ ਵਿੱਚ ਸਫਰ ਕੀਤਾ ਉਹ ਵਾਇਰਸ ਦੇ ਸੰਪਰਕ ਵਿੱਚ ਨਾ ਆਇਆ ਹੋਵੇ।